‘ਇਮਊਨ ਸਿਸਟਮ’ ਠੀਕ ਹੋਣ ’ਤੇ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ

Tuesday, Mar 31, 2020 - 09:39 AM (IST)

‘ਇਮਊਨ ਸਿਸਟਮ’ ਠੀਕ ਹੋਣ ’ਤੇ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ

ਪੂਜਾ ਸ਼ਰਮਾ
ਅੰਗ੍ਰੇਜ਼ੀ ਲੈਕਚਰਾਰ

ਇਮਿਊਨ ਸਿਸਟਮ ਨੂੰ ਪੰਜਾਬੀ ਵਿਚ ਰੋਗ ਪ੍ਰਤੀਰੋਧਕ ਪ੍ਰਣਾਲੀ ਜਾਂ ਰੱਖਿਆ ਤੰਤਰ ਕਿਹਾ ਜਾ ਸਕਦਾ ਹੈ। ਇਮਊਨਿਟੀ ਬਾਰੇ ਸਭ ਤੋਂ ਪਹਿਲਾਂ ਰੂਸੀ ਵਿਗਿਆਨਕ ਮੇਨਿਕਿਕੋਵ ਅਤੇ ਫਰਾਂਸ ਦੇ ਸੂਖਮ ਜੀਵਵਿਗਿਆਨੀ ਲੂਈ ਪਾਸਚਰ ਨੇ ਦੱਸਿਆ ਸੀ। ਇਮਊਨਿਟੀ ਸਾਡੇ ਸਰੀਰ ਦੇ ਵਿਸ਼ੈਲੇ ਪਦਾਰਥ ਨਾਲ ਲੜਦੀ ਹੈ। ਇਹ ਵਿਸ਼ੈਲੇ ਪਦਾਰਥ ਵਾਇਰਸ, ਬੈਕਟੀਰੀਆ ਆਦਿ ਹੋ ਸਕਦੇ ਹਨ। ਜੇ ਕਿਸੇ ਵਿਅਕਤੀ ਦਾ ਇਮਊਨ ਸਿਸਟਮ ਮਜਬੂਤ ਹੈ ਤਾਂ ਇਹ ਉਸ ਨੂੰ ਖੰਘ, ਜ਼ੁਕਾਮ, ਕਿਡਨੀ ਅਤੇ ਫੇਫੜੇ ਦੇ ਇਨਫੈਕਸ਼ਨ ਆਦਿ ਬੀਮਾਰੀਆਂ ਤੋਂ ਬਚਾਉਂਦਾ ਹੈ।ਇਸ ਦੇ ਉਲਟ ਜੇ ਕੋਈ ਵਿਅਕਤੀ ਜਲਦੀ ਜਲਦੀ ਬੀਮਾਰ ਹੋ ਜਾਂਦਾ ਹੈ ਉਸ ਨੂੰ ਖੰਘ, ਜੁਕਾਮ, ਗਲਾ ਖਰਾਬ ਆਦਿ ਰਹਿੰਦਾ ਹੈ ਤਾਂ ਉਸਦਾ ਕਾਰਣ ਉਸਦੀ ਕਮਜ਼ੋਰ ਇਮਊਨਿਟੀ ਹੈ।

ਕਮਜ਼ੋਰ ਇਮਊਨਿਟੀ ਦੇ ਕਾਰਣ
1. ਤਣਾਅ ਵਿਚ ਰਹਿਣਾ
2. ਕੁਪੋਸ਼ਣ ਦਾ ਸ਼ਿਕਾਰ ਹੋਣਾ
3. ਘੱਟ ਭਾਰ ਦਾ ਹੋਣਾ
4. ਫਾਸਟਫੂਡ ਜਾਂ ਜੰਕਫੂਡ ਖਾਣਾ
5. ਸਿਗਰੇਟ, ਸ਼ਰਾਬ ਜਾਂ ਡਰੱਗ ਦਾ ਸੇਵਨ
6. ਪੂਰੀ ਨੀਂਦ ਨਾ ਲੈਣਾ
7. ਲੰਬੇ ਸਮੇਂ ਤੱਕ ਐਂਟੀਬਾਓਟਿਕ ਜਾਂ ਪੇਨਕਿਲਰ ਦਵਾਈਆਂ ਦਾ ਸੇਵਨ
8. ਪ੍ਰਦੂਸ਼ਿਤ ਵਾਤਾਵਰਣ ਵਿੱਣ ਰਹਿਣਾ
9. ਘੱਟ ਪਾਣੀ ਪੀਣਾ
10. ਸਰੀਰ ਵਿਚ ਜ਼ਿਆਦਾ ਚਰਬੀ ਦਾ ਹੋਣਾ
11. ਸਰੀਰਕ ਕਸਰਤ ਨਾ ਕਰਨਾ

ਇਮਊਨਿਟੀ ਵਧਾਉਣ ਦੇ ਤਰੀਕੇ

1. ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ
ਮਨੁੱਖ ਦੀ ਜ਼ਿੰਦਗੀ ਵਿਚ ਸਹੀ ਅਤੇ ਪੌਸ਼ਟਿਕ ਖਾਣ-ਪੀਣ ਦਾ ਬਹੁਤ ਮਹੱਤਵ ਹੈ। ਇਮਊਨਿਟੀ ਵਧਾਉਣ ਲਈ ਵਿਟਾਮਿਨ-ਸੀ ਵਾਲੇ ਖਾਦ ਪਦਾਰਥ ਜਿਵੇਂ ਸੰਤਰਾ, ਨੀਂਬੂ, ਆਂਵਲਾ, ਸਟ੍ਰਾਬੈਰੀ ਆਦਿ ਫਲ, ਹਰੀਆਂ ਸਬਜ਼ੀਆਂ ਅਤੇ ਬਦਾਮ ਆਦਿ ਖਾਣਾ ਚਾਹੀਦਾ ਹੈ। ਦਿਨ ਵਿਚ ਘੱਟੋਂ-ਘਟ 8-10 ਗਿਲਾਸ ਪਾਣੀ ਅਤੇ ਗ੍ਰੀਨ-ਟੀ ਪੀਣ ਨਾਲ ਇਮਊਨਿਟੀ ਵੱਧਦੀ ਹੈ।

2. ਚੰਗੀ ਨੀਂਦ ਲੈਣੀ
ਨੀਂਦ ਦਾ ਮਨੁੱਖ ਦੀ ਸਿਹਤ ਨਾਲ ਸਿੱਧਾ ਸਬੰਧ ਹੈ।ਇਮਊਨਿਟੀ ਵਧਤਉਣ ਲਈ ੮ ਘੰਟੇ ਦੀ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਨੀਂ ਦੇ ਦੌਰਾਨ ਮਨੁੱਖੀ ਸਰੀਰ ਰੋਗ ਪ੍ਰਤੀਰੋਧਕ ਸੈੱਲ ਬਣਾਉਂਦਾ ਹੈ ਜੋ ਕਿ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ।

3. ਰੋਜ਼ਾਨਾ ਕਸਰਤ ਕਰਨਾ
ਕਸਰਤ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ। ਕਸਰਤ ਕਰਨ ਨਾਲ ਮੋਟਾਪਾ, ਟਾਈਪ-2 ਸ਼ੂਗਰ ਅਤੇ ਦਿਲ ਦੀ ਬੀਮਾਰੀ ਦੇ ਨਾਲ ਵਾਇਰਲ ਅਤੇ ਬੈਕਟੀਰਿਅਲ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।

4. ਸਿਗਰੇਟ ਅਤੇ ਸ਼ਰਾਬ ਤੋਂ ਪਰਹੇਜ਼
ਸਿਗਰੇਟ ਵਿਚ ਮੌਜੂਦ ਨਿਕੋਟੀਨ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਘਟਾਉਂਦਾ ਹੈ। ਇਸ ਲਈ ਸਿਗਰੇਟ ਅਤੇ ਸ਼ਰਾਬ ਦਾ ਜ਼ਿਆਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।

5. ਯੋਗ ਅਤੇ ਪ੍ਰਾਣਾਯਾਮ
ਸਵੇਰ ਸਮੇਂ ਰੋਜ਼ ਅੱਧੇ ਤੋਂ ਇਕ ਘੰਟੇ ਤੱਕ ਯੋਗ ਅਤੇ ਪ੍ਰਾਣਾਯਾਮ ਕਰਨ ਨਾਲ ਸਰੀਰ ਦੇ ਹਾਰਮੋਨ ਸੰਤੁਲਿਤ ਹੋ ਜਾਂਦੇ ਹਨ। ਇਸ ਦੇ ਨਾਲ ਘੱਟੋਂ-ਘੱਟ 15 ਮਿੰਟ ਤੱਕ ਸੂਖਮ ਕਿਰਿਆਵਾਂ ਵੀ ਕਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਮਨੁੱਖ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।

6. ਤਣਾਅ ਘੱਟ ਕਰੋ
ਅੱਜ ਭੱਜ ਦੌੜ ਦੀ ਜ਼ਿੰਦਗੀ ਵਿਚ ਤਣਾਅ ਨੇ ਹਰ ਵਿਅਕਤੀ ਨੂੰ ਘੇਰਿਆ ਹੋਇਆ ਹੈ। ਇਸ ਲਈ ਤਣਾਅ ਨੂੰ ਘਟਾਉਣ ਲਈ ਸੰਗੀਤ ਅਤੇ ਧਿਆਨ (ਮੈਡਿਟੇਸ਼ਨ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਜ਼ਿਆਦਾ ਤਣਾਅ ਹੋਣ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

7. ਮੋਟਾਪਾ ਘਟਾਓ
ਜੋ ਲੋਕ ਪਤਲੇ ਹੁੰਦੇ ਹਨ ਉਨ੍ਹਾ ਨੂੰ ਮੋਟੇ ਵਿਅਕਤੀਆਂ ਦੇ ਮੁਕਾਬਲੇ ਘੱਟ ਬੀਮਾਰੀਆਂ ਹੁੰਦੀਆਂ ਹਨ। ਮੋਟਾਪਾ ਕਈ ਬੀਮਾਰੀਆਂ ਦੀ ਜੜ੍ਹ ਹੈ । ਮੋਟਾਪੇ ਕਾਰਣ ਸਰੀਰ ਵਿਚ ਸਫੈਦ ਕੋਸ਼ਿਕਾਵਾਂ ਘੱਟ ਬਣਦੀਆਂ ਹਨ। ਇਸ ਲਈ ਪੌਸ਼ਟਿਕ ਖਾਣਾ ਅਤੇ ਕਸਰਤ ਆਦਿ ਨਾਲ ਮੋਟਾਪਾ ਘਟਾਉਣਾ ਲਾਜ਼ਮੀ ਹੈ ਤਾਂ ਜੋ ਮਨੁੱਖ ਦੀ ਇਮਊਨਿਟੀ ਵੱਧ ਸਕੇ।

8. ਖੁਸ਼ ਰਹਿਣਾ
ਜਿਹੜਾ ਵਿਅਕਤੀ ਦਿਲ ਖੋਲ ਕੇ ਹੱਸਦਾ ਹੈ ਉਸਦੇ ਸਰੀਰ ਵਿੱਚ ਖੁਨ ਦਾ ਦੌਰਾ ਠੀਕ ਰਹਿੰਦਾ ਹੈ। ਉਹ ਕਾਫੀ ਮਾਤਰਾ ਵਿਚ ਤਣਾਅ ਤੋਂ ਦੂਰ ਹੋ ਜਾਂਦਾ ਹੈ। ਇਸ ਲਈ ਤਣਾਅ ਮੁਕਤ ਹੋ ਕੇ ਹੱਸਣਾ ਸਿਹਤ ਪੱਖੋਂ ਬਹੁਤ ਜ਼ਰੂਰੀ ਹੈ। ਇਸ ਨਾਲ ਮਨੁੱਖ ਦੀ ਇਮਊਨਿਟੀ ਵਿਚ ਵਾਧਾ ਹੁੰਦਾ ਹੈ।

9. ਆਲੇ-ਦੁਆਲੇ ਸਫਾਈ ਰੱਖਣਾ
ਆਪਣੈ ਆਲੇ-ਦੁਆਲੇ ਸਫਾਈ ਦਾ ਖਾਸ ਤੌਰ ’ਤੇ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੀਆਂ ਬੀਮਾਰੀਆਂ ਗੰਦਗੀ ਨਾਲ ਫੈਲਦੀਆਂ ਹਨ। ਗੰਦਗੀ ਕਾਰਣ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਅਤੇ ਸਾਫ ਵਸਤਾਂ ਦਾ ਪ੍ਰਯੋਗ ਕਰਨਾ ਸਾਨੂੰ ਬੀਮਾਰ ਹੋਣ ਤੋਂ ਬਚਾਉਂਦਾ ਹੈ।

10. ਫਾਲਤੂ ਦਵਾਈ ਨਾ ਖਾਓ
ਬਿਨਾਂ ਡਾਕਟਰ ਦੀ ਸਲਾਹ ਤੋਂ ਆਪਣੇ ਆਪ ਦਵਾਈ ਖਾਣ ਨਾਲ ਇਮਊਨ ਸਿਸਟਮ ਕਮਜ਼ੋਰ ਹੁੰਦਾ ਹੈ। ਜਿਗਰ, ਕਿਡਨੀ ਅਤੇ ਸਾਹ ਪ੍ਰਣਾਲੀ ਸਹੀ ਰੂਪ ਵਿਚ ਕੰਮ ਕਰਨਾ ਬੰਦ ਕਰ ਦਿੰਦੇ ਹਨ ਜੇਕਰ ਪੇਨਕਿਲਰ ਜਾਂ ਐਂਟੀਬਾਓਟਿਕ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਵੇ। ਇਸ ਲਈ ਫਾਲਤੂ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
             
ਅੰਤ ਵਿਚ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੰਦਰੁਸਤ ਜੀਵਨ ਜਿਉਣ ਲਈ ਵਿਅਕਤੀ ਨੂੰ ਸਭ ਤੋਂ ਪਹਿਲਾਂ ਇਮਿਊਨ ਸਿਸਟਮ ਦਾ ਗਿਆਨ ਹੋਣਾ ਜ਼ਰੂਰੀ ਹੈ।ਇਸ ਤੋਂ ਬਾਅਦ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਨ੍ਹਾਂ ਕਾਰਣਾਂ ਕਾਰਣ ਇਮਊਨਿਟੀ ਕਮਜ਼ੋਰ ਹੁਂਦੀ ਹੈ। ਅੰਤ ਵਿਚ ਇਹ ਹੋਰ ਵੀ ਮਹੱਤਵਪੂਰਣ ਹੈ ਕਿ ਇਮਊਨਿਟੀ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ। ਆਓ ਅਸੀਂ ਸਾਰੇ ਆਪਣੇ ਇਮਿਊਨ ਸਿਸਟਮ ਨੂੰ ਮਜਬੂਤ ਰੱਖੀਏ ਜਿਸ ਨਾਲ ਅਸੀਂ ਬਾਹਰੀ ਸ਼ਕਤੀਆਂ ਦਾ ਮੁਕਾਬਲਾ ਕਰਦੇ ਹੋਏ ਤੰਦਰੁਰਤ ਜੀਵਨ ਵਤੀਤ ਕਰ ਸਕੀਏ।

ਪੂਜਾ ਸ਼ਰਮਾ
ਅੰਗ੍ਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ
ਫੋਨ ਨੰ. 9914459033


author

rajwinder kaur

Content Editor

Related News