ਮੰਡੀ ਗੋਬਿੰਦਗੜ੍ਹ ’ਚ ਗੈਸ ਲਾਈਨ ਲੀਕ ਹੋਣ ਕਾਰਨ ਵੱਡਾ ਹਾਦਸਾ ਟਲਿਆ
Saturday, Oct 25, 2025 - 01:30 PM (IST)
ਮੰਡੀ ਗੋਬਿੰਦਗੜ੍ਹ (ਸੁਰੇਸ਼) : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ’ਤੇ ਬੀਤੀ ਦੇਰ ਸ਼ਾਮ ਗੈਸ ਪਾਈਪ ਲਾਈਨ ਦੇ ਅਚਾਨਕ ਫੱਟ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੰਡੀ ਗੋਬਿੰਦਗੜ੍ਹ ਦੇ ਐੱਸ. ਐੱਚ. ਓ. ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਅਮਲੋਹ ਰੋਡ ਸਥਿਤ ਪਿੰਡ ਤੂਰਾਂ ਦੇ ਬੱਸ ਸਟੈਂਡ ਨਜ਼ਦੀਕ ਪੋਲ ਲਗਾਉਣ ਲਈ ਪੁੱਟੇ ਜਾ ਰਹੇ ਟੋਏ ਕਾਰਨ ਜਦੋਂ ਹੇਠਾਂ ਜਾ ਰਹੀ ਗੈਸ ਪਾਈਪ ਲਾਈਨ ਨੂੰ ਨੁਕਸਾਨ ਪੁੱਜਾ, ਜਿਸ ਕਾਰਨ ਅਚਾਨਕ ਅੱਗ ਭੜਕ ਗਈ।
ਘਟਨਾ ਸੂਚਨਾ ਮਿਲਣ ’ਤੇ ਉਹ ਤੁਰੰਤ ਆਪਣੀ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜ ਗਏ ਅਤੇ ਟਰੈਫਿਕ ਨੂੰ ਰੋਕ ਕੇ ਤੁਰੰਤ ਫਾਇਰ ਬ੍ਰਿਗੇਡ ਸਟਾਫ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਇਸ ਦੀ ਜਾਣਕਾਰੀ ਸਬੰਧਤ ਗੈਸ ਕੰਪਨੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਤੁਰੰਤ ਮੌਕੇ 'ਤੇ ਪੁਹੰਚ ਕੇ ਗੈਸ ਪਾਈਪ ਲਾਈਨ ਨੂੰ ਠੀਕ ਕਰਵਾ ਕੇ ਬੰਦ ਹੋਈ ਗੈਸ ਦੀ ਸਪਲਾਈ ਨੂੰ ਦੁਬਾਰਾ ਚਲਾ ਦਿੱਤਾ ਗਿਆ ਹੈ। ਥਾਣਾ ਮੁਖੀ ਇੰਸ. ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ, ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
