ਸੜਕ ''ਤੇ ਪਏ ਟੋਇਆਂ ਕਾਰਣ ਵੱਡਾ ਹਾਦਸਾ, ਬਜ਼ੁਰਗ ਮਹਿਲਾ ਦੀ ਮੌਕੇ ''ਤੇ ਮੌਤ
Friday, Oct 24, 2025 - 06:02 PM (IST)
ਹਾਜੀਪੁਰ (ਜੋਸ਼ੀ) : ਹਾਜੀਪੁਰ ਤੋਂ ਤਲਵਾੜਾ ਜਾਣ ਵਾਲੀ ਮੁੱਖ ਸੜਕ 'ਤੇ ਅੱਡਾ ਝੀਰ ਦਾ ਖੂਹ ਨੇੜੇ ਇਕ ਸੜਕ ਹਾਦਸੇ ਵਿਚ ਸਕੂਟੀ ਦੇ ਟੋਏ ਵਿਚ ਪੈਣ ਨਾਲ ਸਕੂਟੀ 'ਤੇ ਪਿੱਛੇ ਬੈਠੀ ਇਕ ਬਜ਼ੁਰਗ ਔਰਤ ਦੀ ਸੜਕ 'ਤੇ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਹ ਹਾਦਸਾ ਸੜਕ 'ਤੇ ਮੌਜੂਦ ਡੂੰਘੇ ਟੋਇਆਂ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਕ ਸਕੂਟੀ ਸਵਾਰ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ ਨੂੰ ਬਿਠਾ ਕੇ ਹਾਜੀਪੁਰ ਤੋਂ ਤਲਵਾੜਾ ਵੱਲ ਜਾ ਰਿਹਾ ਸੀ। ਜਦੋਂ ਸਕੂਟੀ ਅੱਡਾ ਝੀਰ ਦਾ ਖੂਹ ਕੋਲ ਪਹੁੰਚੀ ਤਾਂ ਸਕੂਟੀ ਸੜਕ 'ਤੇ ਮੌਜੂਦ ਇਕ ਡੂੰਘੇ ਟੋਏ ਵਿਚ ਪੈ ਗਈ, ਜਿਸ ਕਾਰਨ ਸਕੂਟੀ ਚਾਲਕ ਅਚਾਨਕ ਸਕੂਟੀ ਤੋਂ ਕੰਟਰੋਲ ਖੋਹ ਬੈਠਾ ਅਤੇ ਪਿੱਛੇ ਬੈਠੀ ਬਜ਼ੁਰਗ ਔਰਤ ਸੜਕ 'ਤੇ ਡਿੱਗ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਸਕੂਟੀ ਚਾਲਕ ਸੁਰੱਖਿਅਤ ਹੈ।
ਮਹਿਲਾ ਦੀ ਪਛਾਣ ਬਿਆਸੋ ਦੇਵੀ ਪਤਨੀ ਧਰਮ ਪਾਲ ਵਾਸੀ ਰਜਵਾਲ ਪੁਲਸ ਸਟੇਸ਼ਨ ਤਲਵਾੜਾ ਵਜੋਂ ਹੋਈ ਹੈ, ਜੋ ਆਪਣੇ ਪੁੱਤਰ ਦੇ ਨਾਲ ਸਕੂਟੀ ਨੰਬਰ ਪੀ.ਬੀ.54-ਜੇ -2404 'ਤੇ ਪਿੰਡ ਬੁੱਢਾਬੜ ਤੋਂ ਆਪਣੇ ਪਿੰਡ ਰਜਵਾਲ ਆ ਰਹੀ ਸੀ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਸੜਕ 'ਤੇ ਮੌਜੂਦ ਜਾਨਲੇਵਾ ਟੋਇਆਂ ਨੂੰ ਲੈ ਕੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ। ਉਨ੍ਹਾਂ ਨੇ ਜਲਦ ਤੋਂ ਜਲਦ ਹਾਜੀਪੁਰ ਤੋਂ ਤਲਵਾੜਾ ਸੜਕ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
