Health Tips: ਤੁਲਸੀ ਦੇ ਸਿਹਤ ਲਾਭ ਜਾਣ ਹੋ ਜਾਓਗੇ ਹੈਰਾਨ
Wednesday, Jul 10, 2024 - 02:01 PM (IST)
ਜਲੰਧਰ - ਤੁਲਸੀ ਇਕ ਅਜਿਹੀ ਜੜੀ -ਬੂਟੀ ਹੈ, ਜੋ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ। ਤੁਲਸੀ 'ਚ 1-2 ਨਹੀਂ ਸਗੋਂ ਕਈ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ। ਤੁਲਸੀ ਦੇ ਪੱਤਿਆਂ ਦੀ ਵਰਤੋਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਉਮਰ 'ਚ ਕੀਤੀ ਜਾ ਸਕਦੀ ਹੈ। ਤੁਲਸੀ ’ਚ ਕਈ ਪ੍ਰਕਾਰ ਦੇ ਵਿਟਾਮਿਨ, ਖਣਿਜ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਗਰਭਵਤੀ ਅੌਰਤਾਂ ਲਈ ਫਾਇਦੇਮੰਦ ਹੁੰਦੇ ਹਨ। ਤੁਲਸੀ ਦੀ ਵਰਤੋਂ ਨਾਲ ਕਈ ਬੀਮਾਰੀਆਂ ਅਤੇ ਇੰਫੈਕਸ਼ਨ ਹੋਣ ਦਾ ਖਤਰਾ ਘੱਟ ਜਾਂਦਾ ਹੈ। ਤੁਲਸੀ ਦੀਆਂ ਪੱਤੀਆਂ 'ਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ ਅਤੇ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ। ਤੁਲਸੀ ਦੇ ਪੌਦੇ ਨੂੰ ਲੋਕ ਆਪਣੇ ਘਰਾਂ 'ਚ ਉਗਾਉਂਦੇ ਹਨ, ਕਿਉਂਕਿ ਇਸ ਨੂੰ ਵਿਹੜੇ ਦੀ ਸ਼ੋਭਾ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਤਾਂ ਤੁਲਸੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਧਾਰਮਿਕ ਹੀ ਨਹੀਂ ਤੁਲਸੀ ਦੇ ਪੌਦੇ ਦੇ ਸਿਹਤ ਨਾਲ ਜੁੜੇ ਵੀ ਬਹੁਤ ਲਾਭ ਹੁੰਦੇ ਹਨ।
ਤੁਲਸੀ ਦੇ ਪੱਤੇ ਖਾਣ ਦੇ ਫਾਇਦੇ...
1. ਐਨੀਮੀਆ ਦੇ ਖਤਰੇ ਨੂੰ ਘੱਟ ਕਰਦਾ
ਗਰਭਅਵਸਥਾ 'ਚ ਐਨੀਮੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ ਔਰਤਾਂ ਨੂੰ ਗਰਭਅਵਸਥਾ 'ਚ ਖੂਨ ਦੀ ਕਮੀ ਹੋ ਜਾਂਦੀ ਹੈ, ਉਨ੍ਹਾਂ ਨੂੰ ਹੋਰ ਸਮੱਸਿਆਵਾਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਅਜਿਹੇ 'ਚ ਹਰ ਰੋਜ਼ ਤੁਲਸੀ ਦੀਆਂ ਕੁਝ ਪੱਤੀਆਂ ਦੀ ਵਰਤੋਂ ਨਾਲ ਇਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਲਾਲ ਰਕਤ ਕਣਿਕਾਵਾਂ ਨੂੰ ਵੱਧਣ ਦਾ ਕੰਮ ਕਰਦਾ ਹੈ।
2. ਥਕਾਣ ਦੂਰ ਕਰਨ 'ਚ ਮਦਦਗਾਰ
ਗਰਭਅਵਸਥਾ 'ਚ ਥਕਾਣ ਮਹਿਸੂਸ ਹੋਣਾ ਇਕ ਆਮ ਗੱਲ ਹੈ। ਇਸ ਦੌਰਾਨ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਨਾਲ ਊਰਜਾ ਮਿਲਦੀ ਹੈ। ਸਵੇਰੇ ਆਉਣ ਵਾਲੇ ਚੱਕਰ ਅਤੇ ਕਮਜ਼ੋਰੀ ਨੂੰ ਦੂਰ ਕਰਨ 'ਚ ਫਾਇਦਾ ਹੁੰਦਾ ਹੈ।
3. ਵਿਟਾਮਿਨ-ਕੇ ਦਾ ਚੰਗਾ ਮਾਧਿਅਮ
ਤੁਲਸੀ ਦੇ ਪੱਤਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਕੇ ਪਾਇਆ ਜਾਂਦਾ ਹੈ। ਵਿਟਾਮਿਨ-ਕੇ ਖੂਨ ਦਾ ਥੱਕਾ ਜਮਾਉਣ 'ਚ ਸਹਾਇਕ ਹੁੰਦਾ ਹੈ।
4. ਭਰੂਣ ਦੇ ਵਿਕਾਸ 'ਚ ਸਹਾਇਕ
ਗਰਭ 'ਚ ਪਲ ਰਹੇ ਬੱਚੇ ਲਈ ਤੁਲਸੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਵਿਟਾਮਿਨ-ਏ ਬੱਚੇ ਦੇ ਵਿਕਾਸ ਲਈ ਜ਼ਰੂਰੀ ਤੱਤ ਹੈ। ਇਹ ਤੰਤਰਿਕਾ ਤੰਤਰ ਦੇ ਵਿਕਾਸ 'ਚ ਵੀ ਮਹੱਤਵਪੂਰਨ ਹੈ।
5. ਇੰਫੈਕਸ਼ਨ ਰੋਗਾਂ ਤੋਂ ਸੁਰੱਖਿਆ
ਗਰਭਅਵਸਥਾ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਤੁਲਸੀ ਦੇ ਪੱਤਿਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਇੰਫੈਕਸ਼ਨ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
6. ਮਹਾਵਾਰੀ ਦਾ ਦਰਦ
ਮਾਹਾਵਾਰੀ ਦੌਰਾਨ ਜ਼ਿਆਦਾਤਰ ਔਰਤਾਂ ਦੀ ਕਮਰ 'ਚ ਬਹੁਤ ਦਰਦ ਹੁੰਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਇਕ ਛੋਟਾ ਚੱਮਚ ਤੁਲਸੀ ਦਾ ਰਸ ਲਓ। ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਲਾਭ ਮਿਲਦਾ ਹੈ।
7. ਬੁਖਾਰ 'ਤੋਂ ਆਰਾਮ
ਮੌਸਮ ਕਾਰਨ ਹੋਣ ਵਾਲੇ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਫਾਇਦੇਮੰਦ ਹੁੰਦੀ ਹੈ। ਤੁਲਸੀ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਇਨਫੈਕਸ਼ਨ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ, ਅਦਰਕ ਅਤੇ ਮੁਲੱਠੀ ਨੂੰ ਪੀਸ ਕੇ ਸ਼ਹਿਦ ਨਾਲ ਵਰਤੋਂ ਕਰਨ ਨਾਲ ਸਰਦੀ ਦੇ ਬੁਖਾਰ ਤੋਂ ਆਰਾਮ ਮਿਲਦਾ ਹੈ।
8. ਖਾਂਸੀ ਅਤੇ ਜੁਕਾਮ
ਖਾਂਸੀ ਅਤੇ ਜੁਕਾਮ ਨੂੰ ਦੂਰ ਕਰਨ ਲਈ 7 ਪੱਤੇ ਤੁਲਸੀ, 3 ਲੌਂਗ ਨੂੰ ਇਕ ਗਲਾਸ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ 'ਚ ਥੋੜ੍ਹਾ ਜਿਹਾ ਸੇਂਧਾ ਨਮਕ ਪਾ ਕੇ ਪੀਓ। ਇਸ ਤੋਂ ਬਾਅਦ ਆਰਾਮ ਕਰੋ। ਦਿਨ 'ਚ 2 ਵਾਰ ਇਸ ਦੀ ਵਰਤੋਂ ਕਰੋ।
9. ਮਾਨਸਿਕ ਸ਼ਾਂਤੀ
ਇਕ ਕੱਚ ਦੇ ਜਾਰ 'ਚ ਤੁਲਸੀਂ ਦੇ ਪੱਤੇ ਅਤੇ ਕਾਲੀ ਮਿਰਚ ਪਾ ਦਿਓ। ਇਸ ਨੂੰ ਬੰਦ ਕਰਕੇ ਕਮਰੇ 'ਚ ਰੱਖਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
10. ਸਿਰ ਦਰਦ ਤੋਂ ਛੁਟਕਾਰਾ
ਸਿਰ ਦਰਦ ਹੋਣ 'ਤੇ ਤੁਲਸੀ ਦੇ ਪੱਤਿਆਂ ਦਾ ਰਸ ਅਤੇ ਕਪੂਰ ਮਿਲਾ ਕੇ ਪੇਸਟ ਬਣਾ ਲਓ ਅਤੇ ਮੱਥੇ 'ਤੇ ਲਗਾਓ ਜਲਦੀ ਹੀ ਸਿਰ ਦਰਦ ਠੀਕ ਹੋ ਜਾਵੇਗਾ।