Health Tips: ਸਰੀਰ ਨੂੰ ਫਿੱਟ ਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਅਪਣਾਓ ਇਹ ਟਿਪਸ, ਕਦੇ ਨਹੀਂ ਹੋਵੋਗੇ ਬੀਮਾਰ
Thursday, Feb 29, 2024 - 06:38 PM (IST)
ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਸਰੀਰ ਨੂੰ ਫਿੱਟ ਅਤੇ ਸਿਹਤ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ। ਫਿੱਟ ਰਹਿਣ ਲਈ ਲੋਕਾਂ ਨੂੰ ਰੋਜ਼ਾਨਾ ਸਾਈਕਲਿੰਗ, ਖੇਡਣਾ, ਕਸਰਤ, ਸੈਰ, ਯੋਗਾ ਆਦਿ ਕਰਨੇ ਚਾਹੀਦੇ ਹਨ। ਭੱਜ-ਦੌੜ ਭਰੀ ਇਸ ਜ਼ਿੰਦਗੀ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੀ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਆਦਤਾਂ ਵਿੱਚ ਬਹੁਤ ਜਲਦੀ ਬਦਲਾਅ ਆਉਣ ਕਾਰਨ ਅਸੀਂ ਜਲਦੀ ਬੀਮਾਰ ਹੋ ਜਾਂਦੇ ਹਾਂ। ਆਪਣੀ ਖੁਰਾਕ ਵਿੱਚ ਬਦਲਾਅ ਲਿਆ ਕੇ ਅਸੀਂ ਤੰਦਰੁਸਤ ਹੋ ਸਕਦੇ ਹਾਂ। ਫਿੱਟ ਰਹਿਣ ਲਈ ਸਿਰਫ਼ ਡਾਈਟਿੰਗ ਅਤੇ ਕਸਰਤ ਹੀ ਕਾਫ਼ੀ ਨਹੀਂ ਹੈ। ਇਸ ਲਈ ਚੰਗੀ ਨੀਂਦ ਲੈਣ ਦੇ ਨਾਲ-ਨਾਲ ਭਰਪੂਰ ਪਾਣੀ ਪੀਣਾ ਵੀ ਜ਼ਰੂਰੀ ਹੈ। ਫਿੱਟ ਰਹਿਣ ਲਈ ਤੁਹਾਨੂੰ ਕਿਹੜੀਆਂ ਗਲਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਦੱਸਾਂਗੇ...
ਸੰਤੁਲਿਤ ਭੋਜਨ ਦਾ ਸੇਵਨ
ਫਿੱਟ ਰਹਿਣ ਅਤੇ ਭਾਰ ਘੱਟ ਕਰਨ ਲਈ ਡਾਈਟਿੰਗ ਦੀ ਥਾਂ ਸੰਤੁਲਿਤ ਭੋਜਨ ਦਾ ਸੇਵਨ ਕਰੋ। ਇਸ ਲਈ ਤੁਸੀਂ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਵਿਟਾਮਿਨ, ਖਣਿਜ, ਪੋਟਾਸ਼ੀਅਮ, ਫੋਲੇਟ, ਫਾਈਬਰ ਅਤੇ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਸਰੀਰ ਨੂੰ ਫਿੱਟ ਰੱਖਣ ਲਈ ਬਾਜ਼ਾਰ ਦੀਆਂ ਚੀਜ਼ਾਂ ਨਾ ਖਾਓ। ਇਸ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ।
7-8 ਘੰਟੇ ਦੀ ਨੀਂਦ ਜ਼ਰੂਰੀ
ਕੰਮ ਵਿੱਚ ਵਿਅਸਥ ਹੋਣ ਕਾਰਨ ਲੋਕ ਰਾਤ ਨੂੰ ਦੇਰ ਨਾਲ ਸੌਂਦੇ ਹਨ ਅਤੇ ਸਵੇਰੇ ਜਲਦੀ ਉੱਠ ਜਾਂਦੇ ਹਨ। ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਅਤੇ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਰਾਤ ਨੂੰ ਘੱਟੋ-ਘੱਟ 7-8 ਘੰਟੇ ਦੀ ਨੀਂਦ ਜ਼ਰੂਰੀ ਲਓ। ਇਸ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿੰਦੇ ਹਨ ਅਤੇ ਕੋਈ ਬੀਮਾਰੀ ਵੀ ਨਹੀਂ ਹੋਵੇਗੀ।
ਵੱਧ ਤੋਂ ਵੱਧ ਪਾਣੀ ਪੀਓ
ਸਰੀਰ ਨੂੰ ਫਿੱਟ ਅਤੇ ਹਾਈਡਰੇਟ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਓ। ਜੇਕਰ ਤੁਹਾਨੂੰ ਸਾਧਾਰਨ ਪਾਣੀ ਪੀਣਾ ਪਸੰਦ ਨਹੀਂ ਤਾਂ ਤੁਸੀਂ ਨਿੰਬੂ ਪਾਣੀ ਵਰਗਾ ਹਲਕਾ ਡਰਿੰਕ ਵੀ ਪੀ ਸਕਦੇ ਹੋ। ਇਸ ਨਾਲ ਤੁਸੀਂ ਦਿਨ ਭਰ ਊਰਜਾਵਾਨ ਰਹੋਗੇ ਅਤੇ ਕੋਈ ਬੀਮਾਰੀ ਵੀ ਨਹੀਂ ਹੋਵੇਗੀ।
ਭੋਜਨ ਦਾ ਸੇਵਨ
ਬਹੁਤ ਸਾਰਾ ਲੋਕ ਅਜਿਹੇ ਹਨ, ਜੋ ਨਾਸ਼ਤਾ ਨਹੀਂ ਕਰਦੇ ਅਤੇ ਭੁੱਖ ਲੱਗਣ 'ਤੇ ਜ਼ਿਆਦਾ ਖਾਣਾ ਖਾਂ ਲੈਂਦੇ ਹਨ। ਇੱਕ ਵਾਰ ਵਿੱਚ ਜ਼ਿਆਦਾ ਖਾਣਾ ਖਾਣ ਨਾਲ ਸਿਹਤ ਖ਼ਰਾਬ ਹੁੰਦੀ ਹੈ ਅਤੇ ਢਿੱਡ ਵਿੱਚ ਦਰਦ ਵੀ ਹੋ ਸਕਦਾ ਹੈ। ਫਿੱਟ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਘੱਟ ਮਾਤਰਾ ਵਿੱਚ ਭੋਜਨ ਖਾਓ।
ਨਿੰਬੂ ਪਾਣੀ ਅਤੇ ਲੱਸੀ ਦਾ ਸੇਵਨ
ਗਰਮੀਆਂ ਵਿੱਚ ਜੇਕਰ ਕੁਝ ਠੰਡਾ ਪੀਣ ਦਾ ਮਨ ਕਰਦਾ ਹੈ ਤਾਂ ਅਜਿਹੇ 'ਚ ਕਦੇ ਵੀ ਕੋਲਡ ਡਰਿੰਕ ਦਾ ਸੇਵਨ ਨਾ ਕਰੋ। ਇਸ ਨਾਲ ਮੋਟਾਪਾ ਵਧਦਾ ਹੈ। ਇਸ ਦੀ ਬਜਾਏ ਤੁਸੀਂ ਨਿੰਬੂ ਪਾਣੀ ਅਤੇ ਲੱਸੀ ਪੀ ਸਕਦੇ ਹੋ। ਫਿੱਟ ਰਹਿਣ ਲਈ ਤੁਸੀਂ ਰੋਜ਼ਾਨਾ ਇਕ ਗਲਾਸ ਸਬਜ਼ੀਆਂ ਦਾ ਜੂਸ ਵੀ ਪੀ ਸਕਦੇ ਹੋ।
ਕਸਰਤ, ਸੈਰ ਅਤੇ ਯੋਗਾ ਕਰੋ
ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਕਸਰਤ, ਸੈਰ ਅਤੇ ਯੋਗਾ ਕਰੋ। ਸਵੇਰੇ ਕਸਰਤ ਜਾਂ ਯੋਗਾ ਕਰਨ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ ਅਤੇ ਸਰੀਰ ਨੂੰ ਦਿਨ ਭਰ ਐਨਰਜੀ ਮਿਲਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਸਰੀਰ ਜਲਦੀ ਬੀਮਾਰ ਨਹੀਂ ਹੁੰਦਾ।