ਹੜ੍ਹਾਂ ਤੇ ਬਾਰਿਸ਼ਾਂ ਮਗਰੋਂ ਬੀਮਾਰੀਆਂ ਨਾਲ ਨਜਿੱਠਣ ਲਈ Alert ''ਤੇ ਸਿਹਤ ਵਿਭਾਗ, ਵੱਡੇ ਹੁਕਮ ਜਾਰੀ

Wednesday, Sep 10, 2025 - 11:06 AM (IST)

ਹੜ੍ਹਾਂ ਤੇ ਬਾਰਿਸ਼ਾਂ ਮਗਰੋਂ ਬੀਮਾਰੀਆਂ ਨਾਲ ਨਜਿੱਠਣ ਲਈ Alert ''ਤੇ ਸਿਹਤ ਵਿਭਾਗ, ਵੱਡੇ ਹੁਕਮ ਜਾਰੀ

ਜਲੰਧਰ (ਚੋਪੜਾ)- ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਮੀਖਿਆ ਮੀਟਿੰਗ ਕੀਤੀ ਅਤੇ ਸਿਹਤ ਵਿਭਾਗ ਅਤੇ ਨਗਰ ਨਿਗਮ ਜਲੰਧਰ ਨੂੰ ਹਾਲ ਹੀ ਵਿਚ ਆਏ ਹੜ੍ਹਾਂ ਅਤੇ ਲਗਾਤਾਰ ਮੀਂਹ ਤੋਂ ਬਾਅਦ ਪਾਣੀ ਅਤੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਵਿਰੁੱਧ ਇਕ ਵਿਸ਼ਾਲ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਬੀਮਾਰੀਆਂ, ਖ਼ਾਸ ਕਰਕੇ ਦਸਤ ਦੇ ਸੰਭਾਵੀ ਫੈਲਾਅ ਲਈ ਤਿਆਰੀ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿਚ ਪਾਣੀ ਦੀ ਜਾਂਚ ਅਤੇ ਕਲੋਰੀਨੇਸ਼ਨ ਨੂੰ ਤਰਜੀਹ ਦਿੱਤੀ ਜਾਵੇ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਜਲੰਧਰ ਸੈਂਟਰਲ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ

PunjabKesari

ਡਾ. ਬਲਬੀਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਵਿਚ ਖੜ੍ਹੇ ਪਾਣੀ ਦੀ ਨਿਕਾਸੀ ਅਤੇ ਢੁਕਵੀਂ ਫੌਗਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਡੇਂਗੂ ਦੇ ਲਾਰਵੇ ਦੀ ਜਾਂਚ ਲਈ ਇਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ। ਇਸ ਦੌਰਾਨ ਸਿਹਤ ਮੰਤਰੀ ਨੇ ਜਲੰਧਰ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਮਜ਼ਬੂਤ ​​ਹੜ੍ਹ ਕੰਟਰੋਲ ਪ੍ਰਬੰਧਾਂ ਕਾਰਨ ਜ਼ਿਲ੍ਹੇ ਨੂੰ ਹੜ੍ਹ ਵਰਗੀ ਸਥਿਤੀ ਤੋਂ ਬਚਾਇਆ, ਜਿਸ ਦੇ ਨਤੀਜੇ ਵਜੋਂ ਸਤਲੁਜ ਦਰਿਆ ਵਿਚ ਪਾਣੀ ਦੇ ਭਾਰੀ ਵਹਾਅ ਦੇ ਬਾਵਜੂਦ ਜ਼ਿਲ੍ਹੇ ਭਰ ਵਿਚ ਬੰਨ੍ਹਾਂ ਵਿਚ ਕੋਈ ਪਾੜ ਨਹੀਂ ਪਿਆ।

ਸਿਹਤ ਮੰਤਰੀ ਨੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਸਿਹਤ ਹੈਲਪਲਾਈਨ 104 ’ਤੇ ਡਾਇਲ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ 24 ਘੰਟੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜ ਸੇਵਕਾਂ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਆਈ. ਐੱਮ. ਏ., ਰੋਟਰੀ ਕਲੱਬ, ਡਿਵਾਈਨ ਓਂਕਾਰ ਮਿਸ਼ਨ ਯੂ. ਕੇ. ਤੇ ਅਮਰੀਕਾ ਤੋਂ ਸਮਾਜ ਸੇਵਕ ਅਮਰਜੀਤ ਸਿੰਘ ਸਮੇਤ ਸੰਗਠਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਸਮੂਹਿਕ ਤੌਰ ’ਤੇ 30 ਚੈੱਕ ਸੌਂਪੇ।

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀਆਂ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਸਿਹਤ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ 60,000 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਫੰਡ ਹੜ੍ਹਾਂ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਵਿਧਾਇਕ ਇੰਦਰਜੀਤ ਕੌਰ ਮਾਨ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਿਵੇਕ ਮੋਦੀ, ਐਸਡੀਐਮ-2 ਸ਼ਾਇਰੀ ਮਲਹੋਤਰਾ, ਡਾ. ਰਮਨ ਗੁਪਤਾ, ਨਿਤਿਨ ਕੋਹਲੀ, ਦਿਨੇਸ਼ ਢੱਲ, ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਅਤੇ ਹੋਰ ਵੀ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਧ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਵੱਡਾ ਖ਼ੁਲਾਸਾ ! ਐਡਵਾਈਜ਼ਰੀ ਜਾਰੀ

ਆਈ. ਐੱਮ. ਏ. ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਆਇਆ ਅੱਗੇ, ਰਾਹਤ ਕਾਰਜਾਂ ਲਈ ਪ੍ਰਦਾਨ ਕੀਤੀ ਸਮੂਹਿਕ ਸਹਾਇਤਾ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਜਲੰਧਰ ਹਾਲ ਹੀ ਵਿਚ ਆਏ ਹੜ੍ਹਾਂ ਅਤੇ ਲਗਾਤਾਰ ਬਾਰਿਸ਼ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰਾਹਤ ਅਤੇ ਭਲਾਈ ਉਪਾਵਾਂ ਵਿਚ ਸਰਗਰਮ ਹੋ ਗਿਆ ਹੈ। ਆਈ. ਐੱਮ. ਏ. ਦੇ ਪ੍ਰਧਾਨ ਡਾ: ਐਮਐਸ ਭੂਟਾਨੀ, ਸਾਬਕਾ ਪ੍ਰਧਾਨ ਡਾ: ਯਸ਼ ਸ਼ਰਮਾ, ਸੀਨੀਅਰ ਮੈਂਬਰ ਡਾ. ਰਾਜੇਸ਼ ਵਿੱਗ, ਸਕੱਤਰ ਡਾ. ਪੂਜਾ ਅਤੇ ਡਾ. ਯੂ. ਐੱਸ. ਘਈ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਸਰਜਨ ਡਾ: ਰਮਨ ਗੁਪਤਾ ਦੀ ਮੌਜੂਦਗੀ ਵਿਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਰਾਹਤ ਕਾਰਜਾਂ ਲਈ 1,00,000 ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਇਲਾਵਾ ਕੈਪੀਟਲ ਹਸਪਤਾਲ ਦੇ ਡਾ. ਸੀ. ਐੱਸ. ਪਰੂਥੀ ਨੇ ਆਈ. ਐੱਮ. ਏ. ਦੇ ਸਹਿਯੋਗ ਨਾਲ 2,00,000 ਰੁਪਏ ਦਾ ਇਕ ਹੋਰ ਚੈੱਕ ਦਾਨ ਕੀਤਾ। ਰੋਟਰੀ ਕਲੱਬ ਜਲੰਧਰ ਸਿਟੀ ਦੇ ਮੈਂਬਰਾਂ ਨੇ ਸਮਾਗਮ ਦੌਰਾਨ ਸਿਹਤ ਮੰਤਰੀ ਨੂੰ ਰਾਹਤ ਕਿੱਟਾਂ ਵੀ ਸੌਂਪੀਆਂ।

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਕੁੜੀ ਨੇ ਲਾਇਆ ਮੌਤ ਨੂੰ ਗਲੇ, ਇਸ ਹਾਲ 'ਚ ਲਾਸ਼ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News