ਸਿਹਤ ਵਿਭਾਗ ਦੀ ਟੀਮ ਨੇ ਨਸ਼ਟ ਕਰਵਾਇਟਾ ਡੇਂਗੂ ਦਾ ਲਾਰਵਾ
Friday, Sep 05, 2025 - 05:22 PM (IST)

ਬਠਿੰਡਾ (ਸੁਖਵਿੰਦਰ) : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਡਾ. ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾ. ਕਨਿਕਾ ਗੋਇਲ ਦੀ ਅਗਵਾਈ ਹੇਠ ਡੇਂਗੂ ਅਤੇ ਮਲੇਰੀਆ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਬੇਅੰਤ ਨਗਰ, ਭੱਟੀ ਰੋਡ, ਮਹਿਣਾ ਬਸਤੀ, ਪਰਸਰਾਮ ਨਗਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਡੇਂਗੂ ਅਤੇ ਮਲੇਰੀਆ ਦਾ ਸਰਵੇਖਣ ਕੀਤਾ ਗਿਆ।
ਇਸ ਮੌਕੇ ਟੀਮ ਵਿਚ ਸਿਹਤ ਇੰਸਪੈਕਟਰ ਹਰਜੀਤ ਸਿੰਘ, ਬੂਟਾ ਸਿੰਘ, ਨਰਦੇਵ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸ਼ਰਮਾ ਅਤੇ ਸਿਹਤ ਕਰਮਚਾਰੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾ. ਕਨਿਕਾ ਗੋਇਲ ਨੇ ਦੱਸਿਆ ਕਿ ਸਰਵੇਖਣ ਦੌਰਾਨ ਕਈ ਥਾਵਾਂ 'ਤੇ ਲਾਰਵੇ ਮਿਲੇ ਸਨ, ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਉਨ੍ਹਾਂ ਥਾਵਾਂ 'ਤੇ ਸਪਰੇਅ ਅਤੇ ਫੌਗਿੰਗ ਕੀਤੀ ਗਈ, ਜਿੱਥੇ ਪਾਣੀ ਖੜ੍ਹਾ ਸੀ। ਗਰਮੀਆਂ ਅਤੇ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ, ਖੜ੍ਹਾ ਪਾਣੀ ਡੇਂਗੂ ਮੱਛਰਾਂ ਦੇ ਪ੍ਰਜਨਣ ਦਾ ਖ਼ਤਰਾ ਵਧਾਉਂਦਾ ਹੈ, ਜਿਸ ਨਾਲ ਡੇਂਗੂ ਬੁਖ਼ਾਰ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਸਮਾਜ ਨੂੰ ਡੇਂਗੂ ਬੁਖਾਰ ਤੋਂ ਬਚਾਉਣ ਲਈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੀਏ ਅਤੇ ਮੱਛਰਾਂ ਦੇ ਪ੍ਰਜਨਣ ਦੇ ਸਰੋਤਾਂ ਨੂੰ ਖ਼ਤਮ ਕਰੀਏ।