ਪਟਿਆਲਾ ਜ਼ਿਲ੍ਹੇ ਦੇ ਪ੍ਰਭਾਵਿਤ ਖੇਤਰਾਂ ’ਚ ਮੋਬਾਈਲ ਹੈਲਥ ਯੂਨਿਟ ਅਤੇ ਮੈਡੀਕਲ ਕੈਂਪ ਲਗਾਏ

Saturday, Sep 06, 2025 - 04:23 PM (IST)

ਪਟਿਆਲਾ ਜ਼ਿਲ੍ਹੇ ਦੇ ਪ੍ਰਭਾਵਿਤ ਖੇਤਰਾਂ ’ਚ ਮੋਬਾਈਲ ਹੈਲਥ ਯੂਨਿਟ ਅਤੇ ਮੈਡੀਕਲ ਕੈਂਪ ਲਗਾਏ

ਪਟਿਆਲਾ (ਸੁਖਦੀਪ ਸਿੰਘ ਮਾਨ) : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 24 ਘੰਟੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ। ਪ੍ਰਭਾਵਿਤ ਪਿੰਡਾਂ ਵਿਚ ਮੋਬਾਈਲ ਹੈਲਥ ਯੂਨਿਟ ਅਤੇ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਸਾਰੀਆਂ ਲਾਜ਼ਮੀ ਦਵਾਈਆਂ ਉਪਲੱਬਧ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਉਹ 104 ਨੰਬਰ 'ਤੇ ਸੰਪਰਕ ਕਰ ਸਕਦੇ ਹਨ।

ਵਿਭਾਗ ਵੱਲੋਂ ਘਨੌਰ ਖੇਤਰ 'ਚ ਮੈਡੀਕਲ ਟੀਮਾਂ ਜੰਡੀ ਮੰਗੌਲੀ ਅਤੇ ਊਟਸਰ ਪਿੰਡਾਂ ਵਿਚ ਗਈਆਂ, ਜਿੱਥੇ ਕੁੱਲ 233 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਨ੍ਹਾਂ ਵਿਚੋਂ 145 ਮਰੀਜ਼ ਜੰਡੀ ਮੰਗੌਲੀ ਅਤੇ 88 ਮਰੀਜ਼ ਊਟਸਰ ਵਿਚ ਚੈੱਕ ਕੀਤੇ ਗਏ। ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਲਾਜ਼ਮੀ ਦਵਾਈਆਂ ਵੀ ਦਿੱਤੀਆਂ ਗਈਆਂ ਤਾਂ ਜੋ ਉਹ ਸਿਹਤਯਾਬ ਹੋ ਸਕਣ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆ ਤੋਂ ਬਚਾਅ ਹੋ ਸਕੇ|

ਉਨ੍ਹਾਂ ਅੱਗੇ ਦੱਸਿਆ ਕਿ ਮੋਬਾਈਲ ਹੈਲਥ ਯੂਨਿਟਾਂ ਲਾਛੜੂ ਅਤੇ ਚਮਾਰੂ ਪਿੰਡਾਂ ਵਿਚ ਸੇਵਾਵਾਂ ਦੇ ਰਹੀਆਂ ਹਨ। ਸਿਵਲ ਸਰਜਨ ਨੇ ਦੁਹਰਾਇਆ ਕਿ ਸਿਹਤ ਵਿਭਾਗ ਹਰ ਪ੍ਰਭਾਵਿਤ ਪਿੰਡ ਵਿਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


author

Gurminder Singh

Content Editor

Related News