ਪਾਣੀ ''ਚ ਮਿਲਾ ਕੇ ਪੀਓ ਇਹ ਚੀਜ਼ਾਂ, ਮਿਲੇਗਾ ਫਾਇਦਾ
Thursday, Mar 30, 2017 - 12:14 PM (IST)
ਜਲੰਧਰ— ਪਾਣੀ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਦਾ ਦੋ-ਤਿਹਾਈ ਹਿੱਸਾ ਪਾਣੀ ਨਾਲ ਬਣਿਆ ਹੁੰਦਾ ਹੈ। ਰੋਜ਼ਾਨਾ ਦਿਨ ਵਿਚ 10-12 ਗਿਲਾਸ ਪਾਣੀ ਪੀਣ ਨਾਲ ਸਰੀਰ ਨੂੰ ਰੋਗ ਮੁਕਤ ਰੱਖਿਆ ਜਾ ਸਕਦਾ ਹੈ। ਇਸ ਨਾਲ ਸਰੀਰ ''ਚ ਗੰਦੇ ਫੋਕਟ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਿਹਤ ਸੰਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਰਹਿੰਦੀਆਂ ਹਨ। ਕੁੱਝ ਲੋਕਾਂ ਦੇ ਸਰੀਰ ''ਚ ਪਾਣੀ ਆਸਾਨੀ ਨਾਲ ਨਹੀਂ ਪਚਦਾ, ਜਿਸ ਨਾਲ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਪਾਣੀ ਪੀਣ ਦੇ ਵੀ ਕੁੱਝ ਨਿਯਮ ਹੁੰਦੇ ਹਨ। ਹਮੇਸ਼ਾ ਹੌਲੀ-ਹੌਲੀ ਅਤੇ ਇਕ-ਇਕ ਘੁੱਟ ਭਰਦੇ ਹੋਏ ਹੀ ਪਾਣੀ ਪੀਣਾ ਚਾਹੀਦਾ ਹੈ। ਇਸ ''ਚ ਕੁਝ ਚੀਜ਼ਾਂ ਮਿਲਾ ਕੇ ਪੀਣ ਨਾਲ ਪਾਣੀ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਵੇਗਾ।
1. ਜ਼ੀਰਾ, ਧਨੀਆ ਅਤੇ ਸੌਂਫ
ਇਨ੍ਹਾਂ ਤਿੰਨਾਂ ਚੀਜ਼ਾਂ ਦੇ ਪੰਜ-ਪੰਜ ਦਾਣੇ 1 ਕੱਪ ਪਾਣੀ ਪਾ ਕੇ ਉਬਾਲ ਲਓ। ਜਦੋਂ ਵੀ ਪਾਣੀ ਪੀਣਾ ਹੋਵੇ ਤਾਂ ਇਸ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਓ। ਇਸ ਨਾਲ ਫਲੇਵਰ ਵੀ ਚੰਗਾ ਹੋ ਜਾਵੇਗਾ ਅਤੇ ਪਾਣੀ ਵੀ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਵੇਗਾ।
2. ਸ਼ਹਿਦ
ਪੀਣ ਵਾਲੇ ਪਾਣੀ ''ਚ ਛੋਟਾ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਘੱਟ ਹੁੰਦਾ ਹੈ। ਸ਼ਹਿਦ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਨਾਲ ਕਫ ਅਤੇ ਖਾਂਸੀ ਵੀ ਠੀਕ ਹੋ ਜਾਂਦੀ ਹੈ।
3. ਛੋਟੀ ਇਲਾਇਚੀ ਅਤੇ ਪੁਦੀਨਾ
ਗਰਮੀ ਦੇ ਮੌਸਮ ''ਚ ਪਾਣੀ ''ਚ ਛੋਟੀ ਇਲਾਚੀ ਅਤੇ ਥੋੜ੍ਹੇ ਜਿਹੇ ਪੁਦੀਨੇ ਦੀਆਂ ਪੱਤੀਆਂ ਮਿਲਾ ਕੇ ਪੀਓ। ਪੁਦੀਨੇ ਦੀ ਚਾਹ ਜਾਂ ਫਿਰ ਠੰਡੇ ਪਾਣੀ ਵਿਚ ਪੁਦੀਨਾ ਪਾ ਕੇ ਪੀਣ ਨਾਲ ਲੂ ਲੱਗਣ ਅਤੇ ਗਰਮ ਹਵਾਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਪਾਣੀ ਦਾ ਸਵਾਦ ਵੀ ਬਦਲ ਜਾਂਦਾ ਹੈ ਅਤੇ ਇਹ ਪਚਣ ''ਚ ਵੀ ਆਸਾਨ ਹੁੰਦਾ ਹੈ। ਪੁਦੀਨਾ ਮਿਲਾ ਕੇ ਪੀਣ ਨਾਲ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਵੀ ਰਾਹਤ ਮਿਲਦੀ ਹੈ।
4. ਐਪਲ ਸਾਈਡਰ ਵਿਨੇਗਰ
ਐਪਲ ਸਾਈਡਰ ਵਿਨੇਗਰ ''ਚ ਵਿਟਾਮਿਨ ਸੀ ਹੁੰਦਾ ਹੈ। ਪਾਣੀ ''ਚ ਕੁਝ ਬੂੰਦਾਂ ਸੇਬ ਦੇ ਸਿਰਕੇ ਦੀਆਂ ਮਿਲਾ ਕੇ ਪੀਣ ਨਾਲ ਇਸਦਾ ਸਵਾਦ ਵਧੀਆ ਹੋ ਜਾਂਦਾ ਹੈ ਅਤੇ ਇਹ ਪੇਟ ਲਈ ਵੀ ਚੰਗਾ ਹੈ।
5. ਅਦਰਕ
ਅਦਰਕ ''ਚ ਜ਼ਿੰਕ ਪਾਇਆ ਜਾਂਦਾ ਹੈ। ਸਵੇਰੇ ਖਾਲੀ ਪੇਟ 1 ਗਿਲਾਸ ਪਾਣੀ ''ਚ ਸਿਰਫ 1 ਚੁਟਕੀ ਅਦਰਕ ਦਾ ਪਾਊਡਰ ਪਾ ਕੇ ਪੀਣ ਨਾਲ ਮੈਟਾਬਾਲਿਜ਼ਮ ਵੱਧਦਾ ਹੈ। ਇਸ ਨਾਲ ਪੇਟ ਦੀ ਗੈਸ ਤੋਂ ਵੀ ਰਾਹਤ ਮਿਲਦੀ ਹੈ।
