Health Tips: ਜ਼ਿੰਦਗੀ 'ਚ ਅਪਣਾ ਲਓ ਇਹ 6 ਸੂਤਰ, ਹਮੇਸ਼ਾ ਰਹੋਗੇ ਤਰੋਤਾਜ਼ਾ

10/05/2023 6:33:08 PM

ਜਲੰਧਰ - ਭੱਜਦੌੜ ਭਰੀ ਇਸ ਜ਼ਿੰਦਗੀ ਵਿੱਚ ਥਕਾਵਟ ਹੋਣਾ ਆਮ ਗੱਲ ਹੈ। ਥਕਾਵਟ ਨੂੰ ਦੂਰ ਕਰਨ ਲੋਕ ਜ਼ਿਆਦਾ ਸਮਾਂ ਆਰਾਮ ਨਹੀਂ ਕਰ ਪਾਉਂਦੇ, ਕਿਉਂਕਿ ਉਹ ਕਿਸੇ ਨਾ ਕਿਸੇ ਕੰਮ ਵਿੱਚ ਹਮੇਸ਼ਾ ਵਿਅਸਰ ਰਹਿੰਦੇ ਹਨ। ਜ਼ਿਆਦਾ ਕੰਮ ਕਰਕੇ ਥਕਾਵਟ ਹੋ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਵੀ ਤਕਲੀਫ਼ ਹੁੰਦੀ ਹੈ। ਜੇਕਰ ਕੰਮ ਕਰਦੇ ਸਮੇਂ ਤੁਹਾਨੂੰ ਵਾਰ-ਵਾਰ ਥਕਾਵਟ ਹੋ ਰਹੀ ਹੈ ਤਾਂ ਇਸ ਦਾ ਕਾਰਨ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਸਕਦਾ ਹੈ। ਸਰੀਰ ਨੂੰ ਜਦੋਂ ਜ਼ਰੂਰੀ ਅਤੇ ਪੌਸ਼ਟਿਤ ਤੱਤ ਖ਼ੁਰਾਕ ਰਾਹੀਂ ਨਹੀਂ ਮਿਲਦੇ, ਉਦੋਂ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਮਜ਼ੋਰੀ ਕਰਕੇ ਸਰੀਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ। ਇਸ ਨਾਲ ਸਰੀਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦਾ ਹੈ। ਥਕਾਵਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
  
ਜ਼ਿਆਦਾ ਮਾਤਰਾ 'ਚ ਪਾਣੀ ਪੀਓ 
ਸਰੀਰ 'ਚ ਪਾਣੀ ਦੀ ਘਾਟ ਕਾਰਨ ਲੋਕਾਂ ਨੂੰ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਹੋਣ ਲੱਗਦੀ ਹੈ। ਪਾਣੀ ਪੀ ਕੇ ਹਮੇਸ਼ਾ ਸਰੀਰ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਡੀਹਾਈਡ੍ਰੇਸ਼ਨ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਦਿਨ ਵਿੱਚ ਘੱਟ ਤੋਂ ਘੱਟ 2 ਲੀਟਰ ਪਾਣੀ ਜ਼ਰੂਰ ਪੀਓ। 

ਰੋਜ਼ਾਨਾ ਕਸਰਤ ਕਰੋ
ਕੰਮ ਕਾਰਨ ਹੋਣ ਵਾਲੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਰੋਜ਼ਾਨਾ ਕਸਰਤ ਕਰੋ। ਕਸਰਤ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਸਵੇਰ ਦੇ ਸਮੇਂ ਹਰੇ ਘਾਹ 'ਤੇ ਤੁਰਨ ਨਾਲ ਵੀ ਸਿਹਤ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਸੈਰ ਜ਼ਰੂਰ ਕਰੋ। ਇਸ ਨਾਲ ਥਕਾਵਟ ਦੂਰ ਹੁੰਦੀ ਹੈ। 

ਸੰਤੁਲਿਤ ਭੋਜਨ ਦਾ ਸੇਵਨ
ਸਰੀਰਕ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ ਲਈ ਰੋਜ਼ਾਨਾ ਸੰਤੁਲਿਤ ਭੋਜਨ ਦਾ ਸੇਵਨ ਕਰੋ। ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਮੁਕਤ ਹੁੰਦਾ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ। ਤੁਸੀਂ ਆਪਣੇ ਖਾਣੇ 'ਚ ਪ੍ਰੋਟੀਨ ਅਤੇ ਫਾਇਬਰ ਨਾਲ ਭਰਪੂਰ ਚੀਜ਼ਾਂ ਦਾ ਵੀ ਸੇਵਨ ਕਰ ਸਕਦੇ ਹੋ। 

ਰਾਤ ਨੂੰ ਚੰਗੀ ਨੀਂਦ ਲਓ
ਕੰਮ ਕਾਰਨ ਹੋਣ ਵਾਲੀ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਰਾਤ ਨੂੰ ਚੰਗੀ ਨੀਂਦ ਲੈਣੀ ਜ਼ਰੂਰੀ ਹੈ। ਜੇਕਰ ਤੁਸੀਂ ਦਿਨ ਭਰ ਤਾਜ਼ਾ ਰਹਿਣਾ ਚਾਹੁੰਦੇ ਹੋ ਤਾਂ ਥੋੜਾ ਸਮਾਂ ਆਰਾਮ ਜ਼ਰੂਰ ਕਰੋ। ਸੌਣ ਤੋਂ ਪਹਿਲਾਂ ਮੈਡੀਟੇਸ਼ਨ ਕਰੋ ਜਾਂ ਕਸਰਤ ਕਰੋ।  

ਕੋਸੇ ਪਾਣੀ ਨਾਲ ਇਸ਼ਨਾਨ ਕਰੋ
ਕੰਮ ਕਾਰਨ ਹੋਣ ਵਾਲੀ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਗਰਮ ਪਾਣੀ ਨਾਲ ਇਸ਼ਨਾਨ ਵੀ ਕਰ ਸਕਦੇ ਹੋ। ਕੋਸੇ ਪਾਣੀ ਨਾਲ ਨਹਾਉਣ 'ਤੇ ਸਰੀਰ ਤਾਜ਼ਾ ਅਤੇ ਊਰਜਾਵਾਨ ਹੋ ਜਾਂਦਾ ਹੈ। ਇਸ ਨਾਲ ਥਕਾਵਟ ਵੀ ਬਹੁਤ ਜਲਦੀ ਦੂਰ ਹੋ ਜਾਂਦੀ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।

ਸੁੱਕੇ ਮੇਵੇ ਅਤੇ ਫਲਾਂ ਦਾ ਸੇਵਨ
ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ ਸੁੱਕੇ ਮੇਵੇ ਦਾ ਸੇਵਨ ਕਰੋ। ਇਸ ਨਾਲ ਸਰੀਰ ਊਰਜਾਵਾਨ ਬਣਿਆ ਰਹਿੰਦਾ ਹੈ। ਔਰਤਾਂ ਨੂੰ ਆਪਣੀ ਖੁਰਾਕ 'ਚ ਦੁੱਧ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ। ਇਸ ਤੋਂ ਇਲਾਵਾ ਸੇਬ, ਅਨਾਰ ਅਤੇ ਹੋਰ ਮੌਸਮੀ ਫਲਾਂ ਨੂੰ ਵੀ ਡਾਈਟ 'ਚ ਸ਼ਾਮਲ ਕਰੋ। 


rajwinder kaur

Content Editor

Related News