ਮੋਟਾਪਾ ਘਟਾਉਣ ''ਚ ਮਦਦ ਕਰਦੀ ਹੈ ''ਦਾਲਚੀਨੀ ਵਾਲੀ ਚਾਹ'', ਜਾਣੋ ਬਣਾਉਣ ਦੀ ਵਿਧੀ
Thursday, Aug 26, 2021 - 12:33 PM (IST)
ਨਵੀਂ ਦਿੱਲੀ : ਦਾਲਚੀਨੀ ਹਰ ਘਰ ਦੀ ਰਸੋਈ ਵਿਚ ਪਾਉਣ ਵਾਲਾ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਭੋਜਨ ਦੇ ਸਵਾਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਦਾਲਚੀਨੀ ਨਾ ਸਿਰਫ਼ ਤੁਹਾਡੇ ਭੋਜਨ ਦੇ ਸਵਾਦ ਨੂੰ ਵਧਾਉਂਦੀ ਹੈ ਬਲਕਿ ਤੁਹਾਨੂੰ ਕਈ ਬਿਮਾਰੀਆਂ ਤੋਂ ਮਹਿਫੂਜ਼ ਵੀ ਰੱਖਦੀ ਹੈ। ਦਾਲਚੀਨੀ ਠੰਢ, ਜ਼ੁਕਾਮ, ਸ਼ੂਗਰ, ਬਦਹਜ਼ਮੀ ਅਤੇ ਦਸਤ ਵਰਗੇ ਰੋਗਾਂ ਤੋਂ ਬਚਾਅ ਲਈ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਵਿਚ ਊਰਜਾ ਅਤੇ ਤਾਕਤ ਵੀ ਵਧਾਉਂਦੀ ਹੈ। ਕੋਰੋਨਾ ਕਾਲ ਵਿਚ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰਵਾਇਤੀ ਚਾਹ ਦੀ ਥਾਂ ਹਰਬਲ ਚਾਹ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਚਾਹ ਸਵਾਦ ਅਤੇ ਤਾਜ਼ਗੀ ਦੇਣ ਦੇ ਨਾਲ-ਨਾਲ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦੀ ਹੈ।
ਦਾਲਚੀਨੀ ਚਾਹ ਪੀਣ ਦੇ ਕਈ ਫਾਇਦੇ ਹਨ। ਇਹ ਵਜ਼ਨ ਘਟਾਉਣ ਵਿਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਇਹ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਸੋਜਿਸ਼ ਘਟਾਉਣ ਦੇ ਗੁਣ ਵੀ ਮੌਜੂਦ ਹਨ, ਜੋ ਮੋਟਾਪੇ ਅਤੇ ਭਾਰ ਵਧਣ ਨਾਲ ਜੁੜੇ ਹਨ।
ਦਾਲਚੀਨੀ ਚਾਹ ਤੁਹਾਨੂੰ ਭੁੱਖ ਦਾ ਘੱਟ ਅਹਿਸਾਸ ਕਰਾਉਂਦੀ ਹੈ। ਇਸ ਦੀ ਖੁਸ਼ਬੂ ਬੇਹੱਦ ਵਧੀਆ ਹੁੰਦੀ ਹੈ। ਦਾਲਚੀਨੀ ਵਿਚ ਰਸਾਇਣਿਕ, ਸਿਨਾਮਾਲਡਿਹਾਈਡ ਹੁੰਦਾ ਹੈ ਜੋ ਕੋਸ਼ਿਕਾਵਾਂ ਦੇ ਸੰਪਰਕ ਵਿਚ ਆਉਣ ’ਤੇ ਮੈਟਾਬਾਲਿਜ਼ਮ ਦਰ ਨੂੰ ਵਧਾ ਦਿੰਦਾ ਹੈ। ਦਾਲਚੀਨੀ ਸਰੀਰ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਅਤੇ ਮੋਟਾਪੇ ਤੋਂ ਮੁਕਤੀ ਦਿਵਾਉਣ ਵਿਚ ਮਦਦ ਕਰਦੀ ਹੈ। ਇਸ ਵਿਚ ਐਂਟੀ-ਆਕਸੀਡੈਂਟ ਅਤੇ ਜੀਵਾਣੂਰੋਧੀ ਗੁਣ ਵੀ ਹੁੰਦੇ ਹਨ ਜੋ ਸਰੀਰ ਲਈ ਚੰਗੇ ਹੁੰਦੇ ਹਨ।
ਘਰੇਲੂ ਨੁਸਖ਼ਿਆਂ ਨਾਲ ਪਾਓ ਰੋਗਾਂ ਤੋਂ ਨਿਜਾਤ
ਕਿੰਝ ਬਣਾਈਏ ਦਾਲਚੀਨੀ ਵਾਲੀ ਚਾਹ
ਸਮੱਗਰੀ
ਦਾਲਚੀਨੀ ਦਾ ਪਾਊਡਰ 2 ਛੋਟੇ ਚਮਚੇ
ਸੁੰਡ ਦਾ ਸੁੱਕਾ ਅਦਰਕ
ਗੁੜ ਜਾਂ ਸ਼ਹਿਦ ਸਵਾਦ ਅਨੁਸਾਰ
ਦਾਲਚੀਨੀ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕੱਪ ਪਾਣੀ ਉਬਾਲੋ। ਇਸ ਦੇ ਨਾਲ ਹੀ ਇਕ ਚਮਚਾ ਦਾਲਚੀਨੀ ਪਾਊੁਡਰ ਪਾ ਦਿਓ। ਕੁਝ ਸਮਾਂ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਕੇ ਕੱਪ ਵਿਚ ਪਾ ਲਓ। ਤੁਸੀਂ ਚਾਹੋ ਤਾਂ ਇਸ ਵਿਚ ਸ਼ਹਿਦ ਪਾ ਕੇ ਵੀ ਪੀ ਸਕਦੇ ਹੋ। ਤੁਸੀਂ ਇਸ ਦੀ ਵਰਤੋਂ ਸੌਣ ਤੋਂ ਅੱਧਾ ਘੰਟਾ ਪਹਿਲਾ ਕਰ ਸਕਦੇ ਹੋ।