ਦਿਲ ਦੇ ਦੌਰੇ ਦੀ ਵਜ੍ਹਾ ਬਣ ਸਕਦੈ ਵੱਧਦਾ ਕੋਲੈਸਟ੍ਰੋਲ, ਪੰਜ ਫੂਡਜ਼ ਕਰਨਗੇ ਕੰਟਰੋਲ ਕਰਨ 'ਚ ਮਦਦ

Monday, Sep 02, 2024 - 01:58 PM (IST)

ਦਿਲ ਦੇ ਦੌਰੇ ਦੀ ਵਜ੍ਹਾ ਬਣ ਸਕਦੈ ਵੱਧਦਾ ਕੋਲੈਸਟ੍ਰੋਲ, ਪੰਜ ਫੂਡਜ਼ ਕਰਨਗੇ ਕੰਟਰੋਲ ਕਰਨ 'ਚ ਮਦਦ

ਨਵੀਂ ਦਿੱਲੀ (ਬਿਊਰੋ) : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਮਾਮਲੇ ਸਾਡੀ ਖੁਰਾਕ ਨੂੰ ਸੁਧਾਰਨ ਦੀ ਲੋੜ ਨੂੰ ਦਰਸਾਉਂਦੇ ਹਨ। ਖੁਰਾਕ ਵਿਚ ਬਹੁਤ ਜ਼ਿਆਦਾ ਸੈਚੂਰੇਟਿਡ ਫੈਟ ਭਾਵ ਗੈਰ-ਸਿਹਤਮੰਦ ਚਰਬੀ ਦਿਲ ਨੂੰ ਬਿਮਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਕਾਰਨ ਕੋਲੈਸਟ੍ਰੋਲ ਵੱਧ ਜਾਂਦਾ ਹੈ, ਜੋ ਧਮਨੀਆਂ ਨੂੰ ਬਲੌਕ ਕਰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਧਮਨੀਆਂ ਬੰਦ ਹੋਣ ਕਾਰਨ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ। ਇਸ ਕਾਰਨ ਖੁਰਾਕ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ, ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੀਆਂ ਹਨ।

ਮੱਛੀ

ਮੱਛੀ ਵਿਚ ਓਮੇਗਾ-3 (Omega-3) ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸਿਹਤਮੰਦ ਫੈਟ ਹੈ। ਇਸ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਧਮਨੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਤੇ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਵਧਾਉਂਦੇ ਹਨ। ਇਹ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ ਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਸ ਲਈ ਭੋਜਨ ਵਿਚ ਸੈਲਮਨ, ਮੈਕਰੇਲ, ਸਾਰਡੀਨ ਵਰਗੀਆਂ ਮੱਛੀਆਂ ਨੂੰ ਸ਼ਾਮਿਲ ਕਰਨਾ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।

ਸੁੱਕੇ ਮੇਵੇ

ਬਦਾਮ, ਅਖਰੋਟ, ਪਿਸਤਾ ਵਰਗੇ ਸੁੱਕੇ ਮੇਵਿਆਂ ਵਿਚ ਵੀ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਨ੍ਹਾਂ 'ਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਕੁਝ ਬਦਾਮ ਜਾਂ ਹੋਰ ਸੁੱਕੇ ਮੇਵੇ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਸਾਬਤ ਅਨਾਜ

ਸਾਬਤ ਅਨਾਜ, ਜਿਵੇਂ ਓਟਸ, ਜਵਾਰ, ਬਾਜਰਾ, ਰਾਗੀ ਆਦਿ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ। ਫਾਈਬਰ ਨਾ ਸਿਰਫ ਪਾਚਨ ਨੂੰ ਸੁਧਾਰਦਾ ਹੈ ਸਗੋਂ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਲਈ ਰਿਫਾਇੰਡ ਗ੍ਰੇਨ ਦੀ ਬਜਾਏ ਸਾਬਤ ਅਨਾਜ ਖਾਣ ਨਾਲ ਦਿਲ ਦੀ ਸਿਹਤ ਬਣੀ ਰਹਿੰਦੀ ਹੈ।

ਲਸਣ

ਲਸਣ ਵਿਚ ਐਲੀਸਿਨ ਨਾਮਕ ਤੱਤ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਐਂਟੀ-ਇੰਫਲਾਮੇਟਰੀ ਵੀ ਹੈ, ਜੋ ਸੋਜ਼ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਸਿਹਤਮੰਦ ਦਿਲ ਲਈ ਡਾਈਟ 'ਚ ਲਸਣ ਨੂੰ ਸ਼ਾਮਿਲ ਕਰਨਾ ਫਾਇਦੇਮੰਦ ਹੁੰਦਾ ਹੈ।

ਜੈਤੂਨ ਦਾ ਤੇਲ

ਓਮੇਗਾ-3 ਫੈਟੀ ਐਸਿਡ ਸ਼ੁੱਧ ਜੈਤੂਨ ਦੇ ਤੇਲ ਵਿਚ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਧਮਨੀਆਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਖਾਣਾ ਪਕਾਉਣ ਲਈ ਇਸ ਤੇਲ ਦੀ ਵਰਤੋਂ ਦਿਲ ਦੀ ਸਿਹਤ ਨੂੰ ਠੀਕ ਰੱਖਦੀ ਹੈ।


author

Tarsem Singh

Content Editor

Related News