ਗੁਰਦਾਸਪੁਰ ਤੋਂ ਆਰ. ਐੱਸ. ਐੱਸ. ਆਗੂ ਨੂੰ ਮੈਦਾਨ ’ਚ ਉਤਾਰ ਸਕਦੀ ਹੈ ਭਾਜਪਾ

03/20/2024 2:30:15 PM

ਗੁਰਦਾਸਪੁਰ : ਪਿਛਲੇ ਹਫ਼ਤੇ ਨਵੀਂ ਦਿੱਲੀ ਵਿਚ ਇਕ ਕੇਂਦਰੀ ਮੰਤਰੀ ਨਾਲ ਗੁਰਦਾਸਪੁਰ ਤੋਂ ਟਿਕਟ ਦੇ ਦਾਅਵੇਦਾਰ ਆਰ. ਐੱਸ. ਐੱਸ. ਦੇ ਇਕ ਸੀਨੀਅਰ ਆਗੂ ਦੀ ਮੁਲਾਕਾਤ ਨੇ ਨਾ ਸਿਰਫ਼ ਇੱਥੋਂ ਟਿਕਟ ਦੇ ਦਾਅਵੇਦਾਰਾਂ ਦੀ ਚਿੰਤਾ ਵਧਾ ਦਿੱਤੀ ਹੈ, ਸਗੋਂ ਇਹ ਵੀ ਕਿਆਸ ਸ਼ੁਰੂ ਹੋ ਗਏ ਹਨ ਕਿ ਇਸ ਵਾਰ ਭਾਜਪਾ ਕਿਸੇ ਅਜਿਹੇ ਚਿਹਰੇ ਨੂੰ ਉਥੋਂ ਦੇ ਚੋਣ ਮੈਦਾਨ ਵਿਚ ਉਤਾਰਣਾ ਚਾਹੁੰਦੀ ਹੈ ਜਿਹੜਾ ਆਰ. ਐੱਸ. ਐੱਸ. ਦੀਆਂ ਜੜ੍ਹਾਂ ਨਾਲ ਜੁੜਿਆ ਹੋਵੇ। ਬਟਾਲਾ ਦੇ ਸਨਅਤਕਾਰ ਪਰਮਜੀਤ ਸਿੰਘ ਗਿੱਲ, ਜੋ ਕਿ ਗੁਰਦਾਸਪੁਰ ਸੀਟ ਤੋਂ ਦਾਅਦੇਵਾਰ ਹਨ ਨੇ ਆਰ. ਐੱਸ. ਐੱਸ. ਦੇ ਕੁਝ ਵੱਡੇ ਆਗੂਆਂ ਨਾਲ ਮੁਲਾਕਾਤਾ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਨਾਲ ਵੀ ਮੀਟਿੰਗ ਕੀਤ। ਇਹ ਵਿਚਾਰਧਾਰਾ ਹੌਲੀ ਹੌਲੀ ਮਜ਼ਬੂਤ ਹੋ ਰਹੀ ਹੈ ਕਿ ਭਾਜਪਾ ਇਸ ਵਾਰ "ਰਾਮ ਮੰਦਰ ਦੇ ਉਦਘਾਟਨ ਤੋਂ ਲਾਹਾ ਲੈਣ ਲਈ ਕਿਸੇ ਆਰ. ਐੱਸ. ਐੱਸ. ਆਗੂ ਨੂੰ ਵਧੇਰੇ ਤਰਜੀਹ ਦੇ ਸਕਦੀ ਹੈ।

ਪਿਛਲੀਆਂ ਸਾਰੀਆਂ ਚੋਣਾਂ ਵਿਚ ਆਰ. ਐੱਸ. ਐੱਸ. ਨੇ ਗੁਰਦਾਸਪੁਰ ਲਈ ਕਿਸੇ ਉਮੀਦਵਾਰ ਦਾ ਸਮਰਥਨ ਕਰਨ ਵਿਚ ਜ਼ਿਆਦਾ ਯੋਗਦਾਨ ਨਹੀਂ ਪਾਇਆ ਹੈ ਜਾਂ ਇੰਝ ਆਖ ਲਵੋ ਕਿ ਆਰ. ਐੱਸ. ਐੱਸ. ਦਾ ਜ਼ਿਆਦਾ ਝੁਕਾ ਨਹੀਂ ਰਿਹਾ ਹੈ। ਹਾਲਾਂਕਿ ਇਸ ਵਾਰ ਆਰ. ਐੱਸ. ਐੱਸ. ਆਪਣੇ ਆਗੂ ਨੂੰ ਮੈਦਾਨ ਵਿਚ ਉਤਾਰਣ ਦਾ ਸਮਰਥਨ ਕਰ ਰਹੀ ਹੈ। ਗਿੱਲ 2012 ਵਿਚ ਆਰਐੱਸਐੱਸ ਵਿਚ ਸ਼ਾਮਲ ਹੋਏ ਸਨ ਅਤੇ ਪੰਜ ਸਾਲ ਬਾਅਦ, ਉਹ ਆਰਐੱਸਐੱਸ ਪ੍ਰਚਾਰਕ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਦੀ ਅਗਵਾਈ ਵਾਲੇ ਹਿਮਾਲਿਆ ਪਰਿਵਾਰ ਸੰਗਠਨ ਵਿਚ ਸ਼ਾਮਲ ਹੋ ਗਏ। ਹਿਮਾਲਿਆ ਪਰਿਵਾਰ ਆਰਐੱਸਐੱਸ ਦੀ ਇੱਕ ਪ੍ਰਮੁੱਖ ਸ਼ਾਖਾ ਹੈ। ਬੀਜੇਪੀ ਅਤੇ ਆਰਐਸਐਸ ਦੋਵਾਂ ਦੀ ਲੀਡਰਸ਼ਿਪ ਦੀ ਸੋਚ ਇਹ ਹੈ ਕਿ ਇੱਕ ਜੱਟ ਸਿੱਖ ਹੋਣ ਦੇ ਨਾਤੇ ਗਿੱਲ ਸਾਰੀਆਂ ਪੰਜ ਸਿੱਖ ਸੀਟਾਂ ਉੱਤੇ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ ਜਦੋਂਕਿ ਆਰਐਸਐਸ ਨਾਲ ਉਸਦੇ ਸਬੰਧ ਚਾਰ ਹਿੰਦੂ ਸੀਟਾਂ ਉੱਤੇ ਉਸਦੀ ਮਦਦ ਕਰਨਗੇ। ਗੁਰਦਾਸਪੁਰ ਵਿੱਚ 9 ਵਿਧਾਨ ਸਭਾ ਸੀਟਾਂ ਹਨ। 


Gurminder Singh

Content Editor

Related News