ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ
Thursday, May 04, 2023 - 05:15 PM (IST)
ਗੈਜੇਟ ਡੈਸਕ- ਵੀਡੀਓ ਕਾਨਫਰੰਸਿੰਗ ਸਰਵਿਸ ਦੇਣ ਵਾਲੀ ਕੰਪਨੀ ਜ਼ੂਮ ਨੇ ਭਾਰਤੀ ਬਾਜ਼ਾਰ ਲਈ ਟੈਲੀਕਾਮ ਸਰਵਿਸ ਦਾ ਲਾਈਸੈਂਸ ਹਾਸਿਲ ਕਰ ਲਿਆ ਹੈ। ਟੈਲੀਕਾਮ ਇੰਡਸਟਰੀ 'ਚ ਜੀਓ ਦਾ ਦਬਦਬਾ ਹੈ। ਭਾਰਤ 'ਚ ਜੀਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਤਿੰਨ ਵੱਡੇ ਟੈਲੀਕਾਮ ਆਪਰੇਟਰ ਹਨ। ਇਨ੍ਹਾਂ ਨੂੰ ਹੁਣ ਜ਼ੂਮ ਤੋਂ ਟੱਕਰ ਮਿਲ ਸਕਦੀ ਹੈ। ਹੁਣ ਜ਼ੂਮ ਕੰਪਨੀ ਐਂਟਰਪ੍ਰਾਈਜ਼ ਗਾਹਕਾਂ ਨੂੰ ਵੀਡੀਓ ਅਤੇ ਵੌਇਸ ਕਾਲ ਦੀ ਸੇਵਾ ਪ੍ਰਦਾਨ ਕਰ ਸਕੇਗੀ। ਹੁਣ ਜ਼ੂਮ ਪੂਰੇ ਦੇਸ਼ 'ਚ ਟੈਲੀਕਾਮ ਸਰਵਿਸ ਦੇ ਸਕਦੀ ਹੈ। ਜ਼ੂਮ ਵੀਡੀਓ ਕਮਿਊਨੀਕੇਸ਼ਨ ਨੇ ਲਾਈਸੈਂਸ ਹਾਸਿਲ ਕਰਨ ਦੀ ਪੁਸ਼ਟੀ ਵੀ ਕੀਤੀ ਹੈ। ਜ਼ੂਮ ਆਪਣੇ ਐਪ ਅਤੇ ਵੈੱਬਸਾਈਟ ਰਾਹੀਂ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਦਿੰਦੀ ਹੈ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਜ਼ੂਮ ਨੂੰ ਮਿਲਿਆ NLD ਅਤੇ ILD ਲਾਈਸੈਂਸ
ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਜ਼ੂਮ ਵੀਡੀਓ ਕਮਿਊਨੀਕੇਸ਼ਨ ਦੀ ਇਕਾਈ ਜ਼ੈੱਡ.ਵੀ.ਸੀ. ਨੂੰ ਦੂਰਸੰਚਾਰ ਵਿਭਾਗ ਤੋਂ ਏਕੀਕ੍ਰਿਤ ਲਾਈਸੈਂਸ ਮਿਲਿਆ ਹੈ। ਕੰਪਨੀ ਨੂੰ ਇਹ ਲਾਈਸੈਂਸ ਪੂਰੇ ਦੇਸ਼ 'ਚ ਐੱਨ.ਐੱਲ.ਡੀ. (ਨੈਸ਼ਨਲ ਲਾਂਗ ਡਿਸਟੈਂਸ) ਅਤੇ ਆਈ.ਐੱਲ.ਡੀ. (ਅੰਤਰਰਾਸ਼ਟਰੀ ਲਾਂਗ ਡਿਸਟੈਂਸ) ਪਹੁੰਚ ਦੇ ਨਾਲ ਮਿਲੇ ਹਨ। ਇਸ ਲਾਈਸੈਂਸ ਦੇ ਨਾਲ ਕੰਪਨੀ ਭਾਰਤ 'ਚ ਕੰਮ ਕਰ ਰਹੀਆਂ ਬਹੁਰਾਸ਼ਟਰੀ ਕੰਪਨੀਆਂ ਅਤੇ ਇਕਾਈਆਂ ਨੂੰ ਆਪਣੀ ਕਲਾਊਡ ਆਧਾਰਿਤ ਨਿੱਜੀ ਸ਼ਾਖਾ ਐਕਸਚੇਂਜ (ਪੀ.ਬੀ.ਐਕਸ.) ਸੇਵਾ- ਜ਼ੂਮ ਫੋਨ ਦੀ ਪੇਸ਼ਕਸ਼ ਕਰ ਸਕੇਗੀ।
ਇਹ ਵੀ ਪੜ੍ਹੋ– ਮਾਣਹਾਨੀ ਮਾਮਲੇ 'ਚ ਭਾਰਤੀ-ਅਮਰੀਕੀ ਸਿੱਖ ਅੱਗੇ ਝੁਕੇ ਏਲਨ ਮਸਕ, ਅਦਾ ਕਰਨੇ ਪੈਣਗੇ 10,000 ਡਾਲਰ
ਕੋਰੋਨਾ ਕਾਲ 'ਚ ਖ਼ੂਬ ਇਸਤੇਮਾਲ ਹੋਇਆ ਜ਼ੂਮ
ਕੋਰੋਨਾ ਕਾਲ ਦੌਰਾਨ, ਸਕੂਲੀ ਬੱਚਿਆਂ, ਦਫਤਰ ਜਾਣ ਵਾਲੇ ਕਰਮਚਾਰੀਆਂ ਅਤੇ ਸਰਕਾਰਾਂ ਨੇ ਵੀ ਆਪਣੇ ਕੰਮ ਲਈ ਜ਼ੂਮ ਐਪਲੀਕੇਸ਼ਨ ਦੀ ਖ਼ੂਬ ਵਰਤੋਂ ਕੀਤੀ। ਜ਼ੂਮ ਐਪ ਬਹੁਤ ਯੂਜ਼ਰ ਫ੍ਰੈਂਡਲੀ ਹੈ ਅਤੇ ਤੁਸੀਂ ਇਸ ਰਾਹੀਂ ਬਹੁਤ ਸਾਰੇ ਲੋਕਾਂ ਨਾਲ ਆਸਾਨੀ ਨਾਲ ਮੀਟਿੰਗਾਂ ਕਰ ਸਕਦੇ ਹੋ। ਜ਼ੂਮ ਦੀ ਵਧਦੀ ਪ੍ਰਸਿੱਧੀ ਨੂੰ ਦੇਖਦੇ ਹੋਏ, ਬਾਅਦ ਵਿਚ ਵਟਸਐਪ ਨੇ ਵਟਸਐਪ 'ਤੇ ਗਰੁੱਪ ਵੀਡੀਓ ਕਾਲ ਦੀ ਵਿਸ਼ੇਸ਼ਤਾ ਨੂੰ ਵੀ ਵਧਾ ਦਿੱਤਾ। ਹੁਣ ਕੰਪਨੀ ਨੂੰ ਟੈਲੀਕਾਮ ਇੰਡਸਟਰੀ ਦਾ ਲਾਇਸੈਂਸ ਵੀ ਮਿਲ ਗਿਆ ਹੈ, ਜਿਸ ਤੋਂ ਬਾਅਦ ਜ਼ੂਮ ਦੀ ਲੋਕਪ੍ਰਿਅਤਾ ਹੋਰ ਵਧੇਗੀ।
ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ