ByteDance ਨੇ ਲਾਂਚ ਕੀਤਾ ਸਰਚ ਇੰਜਣ, ਗੂਗਲ ਨਾਲ ਹੋਵੇਗਾ ਮੁਕਾਬਲਾ!
Friday, Aug 26, 2022 - 02:05 PM (IST)

ਗੈਜੇਟ ਡੈਸਕ– ਟਿਕਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨੇ ਚੀਨ ’ਚ ਆਪਣਾ ਸਰਚ ਇੰਜਣ ਲਾਂਚ ਕਰ ਦਿੱਤਾ ਹੈ। ਬਾਈਟਡਾਂਸ ਦੇ ਇਸ ਸਰਚ ਇੰਜਣ ਦਾ ਨਾਂ Wukong ਰੱਖਿਆ ਗਿਆ ਹੈ। ਦੱਸ ਦੇਈਏ ਕਿ ਚੀਨ ਦੇ ਪ੍ਰਮੁੱਖ ਸਰਚ ਇੰਜਣ ਦੇ ਤੌਰ ’ਤੇ ਬਾਇਡੂ ਹੀ ਹੈ। ਗੂਗਲ ਚੀਨ ’ਚ ਪਿਛਲੇ ਕਈ ਸਾਲਾਂ ਤੋਂ ਬੈਨ ਹੈ। ਕੁਝ ਦਿਨ ਪਹਿਲਾਂ ਹੀ ਬਾਈਟਡਾਂਸ ਦੀ ਸਬਸੀਡਰੀ ਕੰਪਨੀ ਟੈੱਨਸੈਂਟ ਹੋਲਡਿੰਗ ਨੇ ਆਪਣੇ ਸਰਚ ਇੰਜਣ ਐਪ ਸੋਗੂ ਨੂੰ ਬੰਦ ਕੀਤਾ ਹੈ। ਸੋਗੂ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ।
Wukong ਸਰਚ ਇੰਜਣ ਨੂੰ ਐਪਲ ਦੇ ਐਪ ਸਟੋਰ ’ਤੇ ਵੀ ਪਬਲਿਸ਼ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕਈ ਚੀਨੀ ਐਂਡਰਾਇਡ ਫੋਨਾਂ ’ਚ Wukong ਦਾ ਸਪੋਰਟ ਮਿਲ ਰਿਹਾ ਹੈ। Wukong ਦਾ ਸਿੱਧਾ ਮੁਕਾਬਲਾ ਬਾਇਡੂ ਨਾਲ ਹੋਵੇਗਾ ਜੋ ਕਿ ਚੀਨ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ।
Wukong ਨੂੰ ਲੈ ਕੇ ਬਾਈਟਡਾਂਸ ਨੇ ਕੁਆਲਿਟੀ ਸਰਚ ਰਿਜ਼ਲਟ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ Wukong ਦੇ ਨਾਲ ਯੂਜ਼ਰਸ ਨੂੰ ਵਿਗਿਆਪਨ ਵੇਖਣ ਨੂੰ ਨਹੀਂ ਮਿਲਣਗੇ। ਬਾਇਡੂ ਦੇ ਨਾਲ 2016 ਤੋਂ ਚੱਲ ਰਹੇ ਵਿਵਾਦ ਦਾ ਫਾਇਦਾ Wukong ਨੂੰ ਮਿਲ ਸਕਦਾ ਹੈ। ਬਾਇਡੂ ’ਤੇ ਪੇਡ ਸਰਚ ਰਿਜ਼ਲਟ ਵਿਖਾਉਣ ਦਾ ਦੋਸ਼ ਹੈ। 2016 ’ਚ ਇਕ 21 ਸਾਲ ਦੇ ਵਿਦਿਆਰਥੀ ਦੀ ਮੌਤ ਬਾਇਡੂ ਕਾਰਨ ਹੋਈ ਸੀ ਕਿਉਂਕਿ ਬਾਇਡੂ ਨੇ ਹੀ ਉਸਨੂੰ ਕੈਂਸਰ ਦਾ ਇਲਾਜ ਦੱਸਿਆ ਸੀ।