ਹੁਣ ਆਫਲਾਈਨ ਸਟੋਰਾਂ ’ਤੇ ਵੀ ਵਿਕਣਗੇ Galaxy M ਸੀਰੀਜ਼ ਦੇ ਸਮਾਰਟਫੋਨਸ

Monday, Nov 11, 2019 - 04:16 PM (IST)

ਹੁਣ ਆਫਲਾਈਨ ਸਟੋਰਾਂ ’ਤੇ ਵੀ ਵਿਕਣਗੇ Galaxy M ਸੀਰੀਜ਼ ਦੇ ਸਮਾਰਟਫੋਨਸ

ਗੈਜੇਟ ਡੈਸਕ– ਸੈਮਸੰਗ ਨੇ ਜਦੋਂ ਆਪਣੀ ਮਿਡ ਰੇਂਜ ਸਮਾਰਟਫੋਨ ਸੀਰੀਜ਼ ਗਲੈਕਸੀ ਐੱਮ ਦੀ ਸ਼ੁਰੂਆਤ ਕੀਤੀ ਸੀ, ਉਦੋਂ ਤੈਅ ਕੀਤਾ ਸੀ ਕਿ ਇਸ ਸੀਰੀਜ਼ ਦੇ ਸਾਰੇ ਸਮਾਰਟਫੋਨਜ਼ ਨੂੰ ਐਕਸਕਲੂਜ਼ਿਵ ਤੌਰ ’ਤੇ ਆਨਲਾਈਨ ਹੀ ਵੇਚਿਆ ਜਾਵੇਗਾ। ਹਾਲਾਂਕਿ ਹੁਣ ਕੰਪਨੀ ਨੇ ਆਪਣੀ ਰਣਨੀਤੀ ’ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਸੈਮਸੰਗ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਲਾਂਚ ਹੋਣ ਵਾਲੇ ਸੈਮਸੰਗ ਗਲੈਕਸੀ ਐੱਮ ਸੀਰੀਜ਼ ਦੇ ਸਮਾਰਟਫੋਨ ਆਫਲਾਈਨ ਸਟੋਰਾਂ ’ਤੇ ਵੀ ਵਿਕਣਗੇ। ਕੰਪਨੀ ਨੇ ਇਹ ਫੈਸਲਾ ਆਫਲਾਈਨ ਸਟੋਰਾਂ ਦੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਹੈ। 

ਦਰਅਸਲ, ਆਨਲਾਈਨ ਐਕਸਕਲੂਜ਼ਿਵ ਸਮਾਰਟਫੋਨ ਅਤੇ ਉਨ੍ਹਾਂ ’ਤੇ ਮਿਲਣ ਵਾਲੇ ਆਫਰਜ਼ ਨਾਲ ਆਫਲਾਈਨ ਸਟੋਰਾਂ ਦੇ ਬਿਜ਼ਨੈੱਸ ਨੂੰ ਖਾਸਾ ਨੁਕਸਾਨ ਹੁੰਦਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਸੈਮਸੰਗ ਇੰਡੀਆ ਦੀ ਮੋਬਾਇਲ ਬਿਜ਼ਨੈੱਸ ਟੀਮ ਨੇ ਇਸ ਫੈਸਲੇ ਦੀ ਜਾਣਕਾਰੀ ਰਿਟੇਲਰਾਂ ਨੂੰ ਵਟਸਐਪ ਗਰੁੱਪ ਰਾਹੀਂ ਦੇ ਦਿੱਤੀ ਹੈ। ਸੈਮਸੰਗ ਨੇ ਆਪਣੇ ਵਟਸਐਪ ਮੈਸੇਜ ’ਚ ਲਿਖਿਆ ਕਿ ਅਸੀਂ ਐੱਮ ਸੀਰੀਜ਼ ਮਾਡਲ ਦੇ ਅਗਲੇ ਲਾਂਚ ਨੂੰ ਉਸੇ ਸਮੇਂ ਅਤੇ ਉਸੇ ਕੀਮਤ ’ਤੇ ਆਫਲਾਈਨ ਵੀ ਉਪਲੱਬਧ ਕਰਾਵਾਂਗੇ। ਅਸੀਂ ਆਪਣੇ ਗਾਹਕਾਂ, ਚੈਨਲ ਪਾਰਟਨਰਾਂ ਅਤੇ ਰਿਟੇਲਰਾਂ ਲਈ ਵਧਦੇ ਕੀਮਤ ਅਨੁਪਾਤ ਦਾ ਮੂਲਾਂਕਨ ਕਰਾਂਗੇ ਅਤੇ ਉਸੇ ਦੇ ਅਨੁਸਾਨ ਅੱਗੇ ਦਾ ਫੈਸਲਾ ਲਵਾਂਗੇ। 

ਦੱਸ ਦੇਈਏ ਕਿ ਸੈਮਸੰਗ ਤੋਂ ਪਹਿਲਾਂ ਸ਼ਾਓਮੀ, ਵੀਵੋ, ਓਪੋ ਅਤੇ ਰਿਅਲਮੀ ਵੀ ਰਿਟੇਲਰਾਂ ਦੀ ਇਸ ਮੰਗ ’ਤੇ ਫੈਸਲਾ ਲੈ ਚੁੱਕੇ ਹਨ। ਆਫਲਾਈਨ ਰਿਟੇਲਰਾਂ ਦਾ ਕਹਿਣਾ ਸੀ ਕਿ ਆਨਲਾਈਨ ਐਕਸਕਲੂਜ਼ਿਵ ਮਾਡਲਾਂ ਅਤੇ ਉਨ੍ਹਾਂ ’ਤੇ ਮਿਲਣ ਵਾਲੇ ਡਿਸਕਾਊਂਟ ਕਾਰਨ ਫੈਸਟਿਵ ਸੀਜ਼ਨ ਦੇ ਬਿਜ਼ਨੈੱਸ ’ਚ ਇਸ ਸਾਲ 30-40 ਫੀਸਦੀ ਦੀ ਗਿਰਾਵਟ ਦਰਜ਼ ਹੋਈ ਹੈ। 


Related News