Macan R4 ਭਾਰਤ ''ਚ ਲਾਂਚ ਹੋਈ ਪੋਰਸ਼ ਦੀ ਸਭ ਤੋਂ ਸਸਤੀ ਐੱਸ. ਯੂ. ਵੀ.
Wednesday, Nov 16, 2016 - 10:59 AM (IST)
ਜਲੰਧਰ- ਭਾਰਤੀ ਬਾਜ਼ਾਰ ਵਿਚ ਸਪੋਰਟ ਯੂਟੀਲਿਟੀ ਵ੍ਹੀਕਲ (ਐੱਸ. ਯੂ. ਵੀ.) ਤੇਜ਼ੀ ਨਾਲ ਵਧਦਾ ਹੋਇਆ ਸੈਕਟਰ ਹੈ। ਪਿਛਲੇ ਇਕ-ਦੋ ਸਾਲਾਂ ਵਿਚ ਐੱਸ. ਯੂ. ਵੀ. ਮਾਰਕੀਟ ਵਿਚ ਤੇਜ਼ੀ ਆਉਣ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਨੇ ਭਾਰਤੀ ਬਾਜ਼ਾਰ ਵਿਚ ਆਪਣੀਆਂ ਐੱਸ. ਯੂ. ਵੀ. ਗੱਡੀਆਂ ਨੂੰ ਪੇਸ਼ ਕੀਤਾ ਜਾਂ ਅਪਗ੍ਰੇਡ ਕੀਤਾ ਹੈ, ਜੇ ਤੁਸੀਂ ਲਗਜ਼ਰੀ ਐੱਸ. ਯੂ. ਵੀ. ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਰਮਨ ਆਟੋਕਾਰ ਮੇਕਰ ਪੋਰਸ਼ ਨੇ ਭਾਰਤ ਵਿਚ ਨਵੀਂ ਐੱਸ. ਯੂ. ਵੀ. ''ਮੈਕਾਨ ਆਰ4'' (Macan R4) ਨੂੰ ਲਾਂਚ ਕੀਤਾ ਹੈ।
ਇਸਦੀ ਕੀਮਤ 76.84 ਲੱਖ ਰੁਪਏ (ਐਕਸ-ਸ਼ੋਅਰੂਮ ਮਹਾਰਾਸ਼ਟਰ) ਹੈ। ਹਾਲਾਂਕਿ ਐੱਸ. ਯੂ. ਵੀ. ਦੇ ਮਾਮਲੇ ਵਿਚ ਇਹ ਮਹਿੰਗੀ ਹੈ ਪਰ ਭਾਰਤ ਵਿਚ ਇਹ ਪੋਰਸ਼ ਦੀ ਸਭ ਤੋਂ ਸਸਤੀ ਐੱਸ. ਯੂ. ਵੀ. ਹੈ। ਇਹ ਮੈਕਾਨ ਪੋਰਟਫੋਲੀਓ ਦਾ ਚੌਥਾ ਵੇਰੀਅੰਟ ਹੈ। ਮੈਕਾਨ ਆਰ4 ਤੋਂ ਇਲਾਵਾ ਮੈਕਾਨ ਐੱਸ. ਡੀਜ਼ਲ, ਮੈਕਾਨ ਟਰਬੋ ਅਤੇ ਮੈਕਾਨ ਟਰਬੋ ਵਿਦ ਪ੍ਰਫਾਰਮੈਂਸ ਪੈਕੇਜ ਮੁਹੱਈਆ ਹੈ। ਮੈਕਾਨ ਆਰ4 ਨੂੰ ਛੱਡ ਕੇ ਬਾਕੀ ਸਾਰੀਆਂ ਵੇਰੀਅੰਟਸ ਦੀ ਕੀਮਤ 1 ਕਰੋੜ ਰੁਪਏ ਤੋਂ ਉਪਰ ਹੈ।
ਮੈਕਾਨ ਆਰ4 ਦੀਆਂ ਖਾਸ ਗੱਲਾਂ
- 2.0 ਲੀਟਰ ਪੈਟਰੋਲ ਇੰਜਣ
- 248 ਬੀ. ਐੱਚ. ਪੀ. ਦੀ ਤਾਕਤ ਅਤੇ 370 ਐੱਨ. ਐੱਮ. ਦਾ ਟਾਰਕ
- 7-ਸਪੀਡ ਡੁਅਲ ਕਲੱਚ ਪੀ. ਡੀ. ਕੇ. ਆਟੋ ਟ੍ਰਾਂਸਮਿਸ਼ਨ
- 6.7 ਸਕਿੰਟ ਵਿਚ ਫੜਦੀ ਹੈ 0-100 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ
- 229 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ
ਜਗੁਆਰ ਐੱਫ-ਪੇਸ ਨੂੰ ਦੇਵੇਗੀ ਟੱਕਰ
ਪੋਰਸ਼ ਮੈਕਾਨ ਆਰ4 ਨੂੰ ਖਰੀਦਣ ਲਈ 10 ਲੱਖ ਰੁਪਏ ਦੇ ਕੇ ਬੁਕਿੰਗ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਮੈਕਾਨ ਆਰ4 ਜਗੁਆਰ ਐੱਫ-ਪੇਸ ਨੂੰ ਟੱਕਰ ਦੇਵੇਗੀ, ਜਿਸਦੀ ਕੀਮਤ 72.6 ਲੱਖ (ਐਕਸ-ਸ਼ੋਅਰੂਮ ਦਿੱਲੀ) ਹੈ। ਐੱਫ-ਪੇਸ ਦੇ ਮੁਕਾਬਲੇ ਮੈਕਾਨ ਆਰ4 ਮਹਿੰਗੀ ਹੈ ਪਰ ਜਿਨ੍ਹਾਂ ਲੋਕਾਂ ਨੂੰ ਪੋਰਸ਼ ਪਸੰਦ ਹੈ, ਉਨ੍ਹਾਂ ਲਈ ਕੀਮਤ ਵਿਚ ਇੰਨਾ ਫਰਕ ਕੋਈ ਅਹਿਮੀਅਤ ਨਹੀਂ ਰੱਖਦਾ।
