OpenAI: ਮਾਲਵੇਅਰ ਬਣਾਉਣ ਲਈ ਹੈਕਰ ਕਰ ਰਹੇ ChatGPT ਦੀ ਵਰਤੋਂ, ਕੰਪਨੀ ਨੇ ਕੀਤੀ ਪੁਸ਼ਟੀ
Friday, Oct 18, 2024 - 05:33 AM (IST)

ਗੈਜੇਟ ਡੈਸਕ- ChatGPT ਲਾਂਚ ਹੋਣ ਤੋਂ ਬਾਅਦ ਬਹੁਤ ਹੀ ਘੱਟ ਸਮੇਂ 'ਚ ਲੋਕਪ੍ਰਸਿੱਧ ਬਣਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਲਗਾਤਾਰ ਕਈ ਏ.ਆਈ. ਟੂਲ ਲਾਂਚ ਹੋਏ। ਏ.ਆਈ. ਟੂਲ ਨੂੰ ਲੈ ਕੇ ਸ਼ੁਰੂ ਤੋਂ ਹੀ ਮਾਹਿਲ ਲੋਕਾਂ ਨੂੰ ਸਾਵਧਾਨ ਕਰ ਰਹੇ ਹਨ ਕਿ ਇਹ ਵਿਨਾਸ਼ਕਾਰੀ ਹੈ। ਇਸ ਦਾ ਵੱਡੇ ਪੱਧਰ 'ਤੇ ਗਲਤ ਇਸਤੇਮਾਲ ਹੋ ਸਕਦਾ ਹੈ। ਹੁਣ ChatGPT ਦਾ ਗਲਤ ਇਸਤੇਮਾਲ ਸ਼ੁਰੂ ਹੋ ਗਿਆ ਹੈ।
ਕੁਝ ਦਿਨ ਪਹਿਲਾਂ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਹੈਕਰ ਮਾਲਵੇਅਰ ਤਿਆਰ ਕਰਨ ਲਈ ChatGPT ਦੀ ਵਰਤੋਂ ਕਰ ਰਹੇ ਹਨ। ਉਸ ਦੌਰਾਨ ਓਪਨਏਆਈ ਨੇ ਤਾਂ ਕੁਝ ਨਹੀਂ ਕਿਹਾ ਸੀ ਪਰ ਹੁਣ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਹਾਂ, ਹੈਕਰ ਮਾਲਵੇਅਰ ਦੇ ਕੋਡ ਨੂੰ ਲਿਖਣ ਲਈ ChatGPT ਦੀ ਵਰਤੋਂ ਕਰ ਰਹੇ ਹਨ।
ਸਾਈਬਰ ਅਪਰਾਧੀ ਹੁਣ ਓਪਨਏਆਈ ਦੇ ਮਾਡਲ ChatGPT ਦੀ ਤੇਜੀ ਨਾਲ ਦੁਰਵਰਤੋਂ ਕਰ ਰਹੇ ਹਨ, ਜਿਸ ਦਾ ਇਸਤੇਮਾਲ ਉਹ ਮਾਲਵੇਅਰ ਤਿਆਰ ਕਰਨ, ਗਲਤ ਜਾਣਕਾਰੀ ਫੈਲਾਉਣ ਅਤੇ ਸਪੀਅਰ-ਫਿਸਿੰਗ ਵਰਗੀਆਂ ਖਤਰਨਾਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਕਰ ਰਹੇ ਹਨ।
ਇਕ ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ 2024 ਦੀ ਸ਼ੁਰੂਆਤ ਤੋਂ ਓਪਨਏਆਈ ਨੇ ਦੁਨੀਆ ਭਰ 'ਚ 20 ਤੋਂ ਵਧ ਧੋਖਾਧੜੀ ਵਾਲੇ ਆਪਰੇਸ਼ਨਾਂ 'ਚ ਰੁਕਾਵਟ ਪਾਈ ਹੈ, ਜੋ ਏ.ਆਈ. ਦੀ ਦੁਰਵਰਤੋਂ ਦੇ ਇਕ ਚਿੰਤਾਜਨਕ ਰੁਝਾਨ ਨੂੰ ਉਜਾਗਰ ਕਰਦਾ ਹੈ। ਇਸ ਵਿਚ ਮਾਲਵੇਅਰ ਬਣਾਉਣ ਅਤੇ ਉਸ ਨੂੰ ਠੀਕ ਕਰਨ, ਫਰਜ਼ੀ ਸੋਸ਼ਲ ਮੀਡੀਆ ਸ਼ਖਸੀਅਤਾਂ ਲਈ ਸਾਮੱਗਰੀ ਤਿਆਰ ਕਰਨ ਅਤੇ ਪ੍ਰਭਾਵਸ਼ਾਲੀ ਫਿਸ਼ਿੰਗ ਮੈਸੇਜ ਨੂੰ ਤਿਆਰ ਕਰਨ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।
ਓਪਨਏਆਈ ਦਾ ਕਹਿਣਾ ਹੈ ਕਿ ਉਸ ਦਾ ਮਿਸ਼ਨ ਇਹ ਯਕੀਨੀ ਕਰਨਾ ਹੈ ਕਿ ਉਸ ਦੇ ਟੂਲ ਦਾ ਇਸਤੇਮਾਲ ਮਨੁੱਖਤਾ ਨੂੰ ਲਾਭ ਪਹੁੰਚਾਉਣ ਲਈ ਹੋਵੇ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਮਾਡਲਾਂ ਦੀ ਹਾਨੀਕਾਰਕ ਉਦੇਸ਼ਾਂ ਲਈ ਦੁਰਵਰਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਪਛਾਣਨ, ਰੋਕਣ ਅਤੇ ਵਿਘਨ ਪਾਉਣ 'ਤੇ ਧਿਆਨ ਕੇਂਦਰ ਕਰ ਰਹੀ ਹੈ।