ਜਦੋਂ AI ਨੇ ਲਿਖਿਆ ਗਲਤ ਕੋਡ: ਕੰਪਨੀ ਦਾ ਨੁਕਸਾਨ ਅਤੇ ਡਿਵੈਲਪਰ ਦੀ ਛੁੱਟੀ, ਜਾਣੋ ਪੂਰਾ ਮਾਮਲਾ

Saturday, Feb 28, 2026 - 11:46 AM (IST)

ਜਦੋਂ AI ਨੇ ਲਿਖਿਆ ਗਲਤ ਕੋਡ: ਕੰਪਨੀ ਦਾ ਨੁਕਸਾਨ ਅਤੇ ਡਿਵੈਲਪਰ ਦੀ ਛੁੱਟੀ, ਜਾਣੋ ਪੂਰਾ ਮਾਮਲਾ

ਗੈਜੇਟ ਡੈਸਕ - ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਅੱਜ-ਕੱਲ੍ਹ ਤੇਜ਼ੀ ਨਾਲ ਵਧ ਰਹੀ ਹੈ ਪਰ ਇਕ ਤਾਜ਼ਾ ਮਾਮਲੇ ਨੇ ਤਕਨਾਲੋਜੀ ਦੇ ਖੇਤਰ 'ਚ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ (Reddit) 'ਤੇ ਇਕ ਸਾਫਟਵੇਅਰ ਡਿਵੈਲਪਰ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਕਿਵੇਂ AI ਦੀ ਮਦਦ ਨਾਲ ਲਿਖੇ ਗਏ ਕੋਡ ਕਾਰਨ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ।

ਕੀ ਹੈ ਪੂਰਾ ਮਾਮਲਾ?

ਡਿਵੈਲਪਰ ਮੁਤਾਬਕ, ਕੰਪਨੀ 'ਚ ਕੰਮ ਦੀ ਰਫ਼ਤਾਰ ਅਤੇ ਉਤਪਾਦਕਤਾ (Productivity) ਵਧਾਉਣ ਲਈ AI ਟੂਲਸ ਦੀ ਵਰਤੋਂ ਕਰਨ ਦਾ ਕਾਫੀ ਦਬਾਅ ਸੀ। ਇਸ ਦਬਾਅ ਹੇਠ ਉਸ ਨੇ ਇੱਕ ਨਵੇਂ ਫੀਚਰ ਲਈ AI ਰਾਹੀਂ ਕੋਡ ਤਿਆਰ ਕਰਵਾਇਆ। ਸ਼ੁਰੂਆਤੀ ਟੈਸਟਿੰਗ ਦੌਰਾਨ ਸਭ ਕੁਝ ਠੀਕ ਲੱਗ ਰਿਹਾ ਸੀ, ਪਰ ਜਿਵੇਂ ਹੀ ਇਸ ਕੋਡ ਨੂੰ ਲਾਈਵ ਸਰਵਰ 'ਤੇ ਪਾਇਆ ਗਿਆ, ਕੰਪਨੀ ਦਾ ਪੂਰਾ ਸਿਸਟਮ ਹੀ ਕਰੈਸ਼ ਹੋ ਗਿਆ। ਇਸ ਕਾਰਨ ਕੰਪਨੀ ਦਾ ਕੰਮ ਕਈ ਘੰਟਿਆਂ ਤੱਕ ਠੱਪ ਰਿਹਾ।

ਮੈਨੇਜਮੈਂਟ ਨੇ ਤੁਰੰਤ ਲਿਆ ਐਕਸ਼ਨ 

ਕੰਪਨੀ ਦੇ ਪ੍ਰਬੰਧਕਾਂ ਨੇ ਇਸ ਲਾਪਰਵਾਹੀ ਨੂੰ ਬਹੁਤ ਗੰਭੀਰਤਾ ਨਾਲ ਲਿਆ। ਡਿਵੈਲਪਰ ਦਾ ਕਹਿਣਾ ਹੈ ਕਿ ਉਸ ਨੇ AI ਤੋਂ ਮਿਲੇ ਕੋਡ ਦੀ ਖੁਦ ਵੀ ਜਾਂਚ ਕੀਤੀ ਸੀ, ਪਰ ਰੀਅਲ-ਟਾਈਮ ਲੋਡ (ਅਸਲ ਲੋਡ) ਦੌਰਾਨ ਉਹ ਕੋਡ ਫੇਲ ਹੋ ਗਿਆ। ਅਗਲੇ ਹੀ ਦਿਨ ਉਸ ਨੂੰ ਮੀਟਿੰਗ ਵਿੱਚ ਬੁਲਾਇਆ ਗਿਆ ਅਤੇ ਤੁਰੰਤ ਟਰਮੀਨੇਸ਼ਨ ਲੈਟਰ (ਨੌਕਰੀ ਤੋਂ ਕੱਢਣ ਦਾ ਪੱਤਰ) ਫੜਾ ਦਿੱਤਾ ਗਿਆ।

AI 'ਤੇ ਅੰਨ੍ਹਾ ਭਰੋਸਾ ਪੈ ਸਕਦੈ ਭਾਰੀ

ਇਸ ਘਟਨਾ ਨੇ ਤਕਨੀਕੀ ਜਗਤ 'ਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕੀ ਕੰਪਨੀਆਂ AI 'ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਕਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ AI ਪੈਟਰਨਾਂ ਦੇ ਆਧਾਰ 'ਤੇ ਜਵਾਬ ਦਿੰਦਾ ਹੈ ਅਤੇ ਉਸ ਨੂੰ ਕਾਰੋਬਾਰੀ ਸੰਦਰਭ ਜਾਂ ਸਿਸਟਮ ਦੀ ਪੂਰੀ ਸਮਝ ਨਹੀਂ ਹੁੰਦੀ। ਜੇਕਰ ਮਨੁੱਖੀ ਨਿਗਰਾਨੀ ਅਤੇ ਸਹੀ ਟੈਸਟਿੰਗ ਨਾ ਕੀਤੀ ਜਾਵੇ, ਤਾਂ AI ਦੀ ਵਰਤੋਂ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। 

ਇਹ ਘਟਨਾ ਸਪੱਸ਼ਟ ਕਰਦੀ ਹੈ ਕਿ AI ਸਿਰਫ ਇਕ ਟੂਲ (ਸੰਦ) ਹੈ, ਜੋ ਮਨੁੱਖੀ ਸਮਝ ਦੀ ਜਗ੍ਹਾ ਨਹੀਂ ਲੈ ਸਕਦਾ। ਬਿਨਾਂ ਸੋਚੇ-ਸਮਝੇ ਇਸਦੀ ਵਰਤੋਂ ਕਰਨਾ ਨਾ ਸਿਰਫ ਕੰਪਨੀ ਲਈ ਖਤਰਨਾਕ ਹੈ, ਸਗੋਂ ਮੁਲਾਜ਼ਮਾਂ ਦੀ ਨੌਕਰੀ ਲਈ ਵੀ ਵੱਡਾ ਖਤਰਾ ਬਣ ਸਕਦਾ ਹੈ।


author

Sunaina

Content Editor

Related News