ਮਾਰੂਤੀ ਸੁਜ਼ੂਕੀ ਸਵਿੱਫਟ ਦੇ ਨਾਂ ਨਵਾਂ ਮੁਕਾਮ, 25 ਲੱਖ ਵਿਕਰੀ ਦਾ ਅੰਕੜਾ ਪਾਰ
Tuesday, Sep 14, 2021 - 12:42 PM (IST)
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਪ੍ਰੀਮੀਅਮ ਹੈਚਬੈਕ ਕਾਰ ਸਵਿੱਫਟ, ਜੋ 16 ਸਾਲ ਪਹਿਲਾਂ ਘਰੇਲੂ ਬਾਜ਼ਾਰ ਵਿਚ ਲਾਂਚ ਹੋਈ ਸੀ, ਨੇ 25 ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ।
ਐੱਮ. ਐੱਸ. ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਕਾਰ ਨੇ 25 ਲੱਖ ਯੂਨਿਟਸ ਦੀ ਕੁੱਲ ਵਿਕਰੀ ਦੇ ਨਾਲ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਵਿੱਫਟ ਕਾਰ ਨੂੰ 2005 ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨਾਲ ਦੇਸ਼ ਵਿਚ ਇਕ ਨਵੇਂ ਪ੍ਰੀਮੀਅਮ ਹੈਚਬੈਕ ਸੈਗਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ।
ਐੱਮ. ਐੱਸ. ਆਈ. ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ, "2005 ਵਿਚ ਇਸ ਦੇ ਲਾਂਚ ਨਾਲ ਸਵਿੱਫਟ ਨੇ ਭਾਰਤ ਵਿਚ ਪ੍ਰੀਮੀਅਮ ਹੈਚਬੈਕ ਸੈਗਮੈਂਟ ਦੀ ਸ਼ੁਰੂਆਤ ਕੀਤੀ। ਅੱਜ, ਇਸ ਦੇ ਲੱਖਾਂ ਪ੍ਰਸ਼ੰਸਕ ਹਨ। ਵਿੱਤੀ ਸਾਲ 2020-21 ਵਿਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਸਵਿਫਟ ਨੇ ਆਪਣੀ ਸ਼ਾਨਦਾਰ ਦਿੱਖ ਅਤੇ ਤਾਕਤਵਰ ਪ੍ਰਦਰਸ਼ਨ ਨਾਲ ਇਕ ਮਾਣਮੱਤੀ ਵਿਰਾਸਤ ਦਾ ਨਿਰਮਾਣ ਕੀਤਾ ਹੈ।" ਉਨ੍ਹਾਂ ਨੇ ਕਿਹਾ, “ਇਹ ਸਫਲਤਾ ਬ੍ਰਾਂਡ ਸਵਿੱਫਟ ਲਈ ਗਾਹਕਾਂ ਅਤੇ ਆਲੋਚਕਾਂ ਪਿਆਰ ਦਾ ਪ੍ਰਮਾਣ ਹੈ। 35 ਸਾਲ ਤੋਂ ਘੱਟ ਉਮਰ ਦੇ 52 ਫ਼ੀਸਦੀ ਤੋਂ ਵੱਧ ਗਾਹਕਾਂ ਨਾਲ ਸਵਿਫਟ ਨੂੰ ਆਪਣੇ ਨੌਜਵਾਨ ਗਾਹਕਾਂ ਦੀਆਂ ਬਦਲ ਰਹੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਨਿਰੰਤਰ ਰੂਪ ਦਿੱਤਾ ਜਾ ਰਿਹਾ ਹੈ।"