ਮਾਰੂਤੀ ਦੀ ਸਭ ਤੋਂ ਛੋਟੀ SUV S-Presso ਲਾਂਚ, ਕੀਮਤ 3.69 ਲੱਖ ਤੋਂ ਸ਼ੁਰੂ
Monday, Sep 30, 2019 - 04:58 PM (IST)

ਆਟੋ ਡੈਸਕ– ਦੇਸ਼ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਮਿੰਨੀ ਐੱਸ.ਯੂ.ਵੀ. S-Presso ਨੂੰ ਅੱਜ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 3.69 ਲੱਖ ਰੁਪਏ ਹੈ। ਇਹ ਸਿਰਫ ਪੈਟਰੋਲ ਇੰਜਣ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਮਾਰੂਤੀ S-Presso 4 ਵੇਰੀਐਂਟ ਲੈਵਲ ’ਚ ਉਪਲੱਬਧ ਹੈ, ਜਿਨ੍ਹਾਂ ’ਚ Standard, LXI, VXI, and VXI+ ਸ਼ਾਮਲ ਹਨ। ਕਾਰ ’ਚ 10 ਤੋਂ ਜ਼ਿਆਦਾ ਸੇਫਟੀ ਫੀਚਰਜ਼ ਦਿੱਤੇ ਗਏ ਹਨ। ਮਾਰੂਤੀ ਦੀ ਇਸ ਛੋਟੀ ਐੱਸ.ਯੂ.ਵੀ. ਦਾ ਮੁਕਾਬਲਾ ਰੈਨੋ ਕੁਇੱਡ ਨਾਲ ਹੋਵੇਗਾ। ਦੱਸ ਦੇਈਏ ਕਿ S-Presso ਦੇ ਕੰਸੈਪਟ ਨੂੰ ਸਾਲ 2018 ਦੇ ਆਟੋ ਐਕਸਪੋ ’ਚ ਮਾਰੂਤੀ ਫਿਊਚਰ-ਐੱਸ ਨਾਂ ਨਾਲ ਪੇਸ਼ ਕੀਤਾ ਗਿਆ ਸੀ।
ਮਾਰੂਤੀ ਐੱਸ-ਪ੍ਰੈਸੋ ਦਾ ਫਰੰਟ ਲੁੱਕ ਕਾਫੀ ਬੋਲਡ ਹੈ। ਇਸ ਵਿਚ ਹਾਈ ਬੋਨਟ ਲਾਈਨ, ਕ੍ਰੋਮ ਗਰਿੱਲ ਅਤੇ ਵੱਡੇ ਹੈਲੋਜਨ ਹੈੱਡਲੈਂਪ ਦਿੱਤੇ ਗਏ ਹਨ। ਐੱਲ.ਈ.ਡੀ. ਡੀ.ਆਰ.ਐੱਲ. ਹੈੱਡਲਾਈਟ ਦੇ ਹੇਠਾਂ ਹਨ। ਫਰੰਟ ’ਚ ਰੀਅਰ ਬੰਪਰ ਕਾਫੀ ਭਾਰੀ ਹੈ ਜੋ ਐੱਸ-ਪ੍ਰੈਸੋ ਦਾ ਲੁੱਕ ਬੋਲਡ ਬਣਾਉਂਦੇ ਹਨ। ਇਸ ਦਾ ਗ੍ਰਾਊਂਡ ਕਲੀਅਰੈਂਸ ਵੀ ਜ਼ਿਆਦਾ ਹੈ। ਮਾਰੂਤੀ ਦੀ ਇਹ ਛੋਟੀ ਐੱਸ.ਯੂ.ਵੀ. 6 ਰੰਗਾਂ ’ਚ ਉਪਲੱਬਧ ਹੈ।
ਐੱਸ-ਪ੍ਰੈਸੋ ਦਾ ਕੈਬਿਨ ਬਲੈਕ ਕਲਰ ’ਚ ਹੈ। ਟਾਪ ਵੇਰੀਐਂਟ ’ਚ ਡੈਸ਼ਬੋਰਡ ’ਤੇ ਬਾਡੀ ਕਲਰ ਇੰਸਰਟਸ ਮਿਲਣਗੇ। ਡੈਸ਼ਬੋਰਡ ਦਾ ਡਿਜ਼ਾਈਨ ਫਿਊਚਰ-ਐੱਸ ਕੰਸੈਪਟ ਵਰਗਾ ਹੈ। ਡੈਸ਼ਬੋਰਡ ਦੇ ਵਿਚ ਡਿਜੀਟਲ ਸਪੀਡੋਮੀਟਰ ਅਤੇ ਟੈਕੋਮੀਟਰ ਦਿੱਤਾ ਗਿਆ ਹੈ। ਇਸ ਦੇ ਠੀਕ ਹੇਠਾਂ ਮਾਰੂਤੀ ਦਾ ਸਮਾਰਟ ਪਲੇਅ ਸਟੂਡੀਓ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ। ਸਪੀਡੋਮੀਟਰ ਕੰਸੋਲ ਅਤੇ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਇਕ ਸਰਕੂਲਰ ਆਊਟਲਾਈਨ ਦੇ ਅੰਦਰ ਹਨ, ਜੋ ਮਿੰਨੀ ਕੂਪਰ ਕਾਰ ਵਰਗਾ ਦਿਸਦਾ ਹੈ। ਸੈਂਟਰਲ ਏਸੀ ਵੈਂਟਸ ਸਰਕੂਲਰ ਆਊਟਲਾਈਨ ਦੇ ਦੋਵਾਂ ਪਾਸੇ ਦਿੱਤੇ ਗਏ ਹਨ।
ਸੇਫਟੀ
ਮਾਰੂਤੀ ਐੱਸ-ਪ੍ਰੈਸੋ ’ਚ 10 ਤੋਂ ਜ਼ਿਆਦਾ ਸੇਫਟੀ ਫੀਚਰਜ਼ ਦਿੱਤੇ ਗਏ ਹਨ। ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਸਪੀਡ ਵਾਰਨਿੰਗ ਸਿਸਟਮ, ਡਰਾਈਵ ਅਤੇ ਕੋ-ਡਰਾਈਵ ਸੀਟ ਬੈਲਟ ਰਿਮਾਇੰਡਰ ਅਤੇ ਰੀਅਰ ਪਾਰਕਿੰਗ ਸੈਂਸਰਜ਼ ਵਰਗੇ ਫੀਚਰਜ਼ ਸਟੈਂਡਰਡ ਯਾਨੀ ਸਾਰੇ ਵੇਰੀਐਂਟਸ ’ਚ ਦਿੱਤੇ ਗਏ ਹਨ। ਟਾਪ ਵੇਰੀਐਂਟਸ ’ਚ ਡਿਊਲ ਫਰੰਟ ਏਅਰਬੈਗਸ, ਜਦੋਂਕਿ ਸ਼ੁਰੂਆਤੀ ਵੇਰੀਐਂਟਸ ’ਚ ਸਿਰਫ ਇਕ ਯਾਨੀ ਡਰਾਈਵਰ ਸਾਈਡ ਏਅਰਬੈਗ ਦਿੱਤਾ ਗਿਆ ਹੈ।
ਇੰਜਣ
ਮਾਰੂਤੀ ਐੱਸ-ਪ੍ਰੈਸੋ ’ਚ 1.0-ਲੀਟਰ ਦਾ ਬੀ.ਐੱਸ.6 ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 67hp ਦੀ ਪਾਵਰ ਅਤੇ 90Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ 5-ਸਪੀਡ ਮੈਨੁਅਲ ਗਿਰਬਾਅਕਸ ਨਾਲ ਲੈਸ ਹੈ। ਟਾਪ ਵੇਰੀਐਂਟਸ ’ਚ ਆਟੋਮੇਟਿਡ ਮੈਨੁਅਲ ਟ੍ਰਾਂਸਮਿਸ਼ਨ (AMT) ਦਾ ਆਪਸ਼ਨ ਵੀ ਦਿੱਤਾ ਗਿਆ ਹੈ।
ਮਾਈਲੇਜ
ਮਾਰੂਤੀ ਦਾ ਦਾਅਵਾ ਹੈ ਕਿ ਸਟੈਂਡਰਡ ਅਤੇ ਐੱਲ.ਐਕਸ.ਆਈ. ਵੇਰੀਐਂਟ ’ਚ ਐੱਸ-ਪ੍ਰੈਸੋ ਦੀ ਮਾਈਲੇਜ 21.4 ਕਿਲੋਮੀਟਰ ਅਤੇ ਟਾਪ ਵੇਰੀਐਂਟ ’ਚ ਮਾਈਲੇਜ 21.7 ਕਿਲੋਮੀਟਰ ਪ੍ਰਤੀ ਲੀਟਰ ਹੈ।