ਨਵਾਂ ਫ਼ੋਨ ਖ਼ਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ,ਕਦੇ ਨਹੀਂ ਖਾਵੋਗੇ ਧੋਖਾ

10/13/2020 1:51:10 PM

ਗੈਜੇਟ ਡੈਸਕ– ਭਾਰਤ ’ਚ ਆਏ ਦਿਨ ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ। ਅਜਿਹੇ ’ਚ ਗਾਹਕਾਂ ਨੂੰ ਆਪਣੇ ਲਈ ਵਧੀਆ ਸਮਾਰਟਫੋਨ ਦੀ ਚੋਣ ਕਰਨ ’ਚ ਕਾਫੀ ਮੁਸ਼ਕਲ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ ਨਵਾਂ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਨੂੰ ਧਿਆਨ ’ਚ ਰੱਖਣ ਦੀ ਲੋੜ ਹੈ ਜਿਨ੍ਹਾਂ ਨਾਲ ਤੁਹਾਨੂੰ ਫੋਨ ਖ਼ਰੀਦਦੇ ਸਮੇਂ ਕਾਫੀ ਮਦਦ ਮਿਲੇਗੀ। 

ਸਭ ਤੋਂ ਪਹਿਲਾਂ ਤੈਅ ਕਰੋ ਬਜਟ
ਨਵਾਂ ਸਮਾਰਟਫੋਨ ਖ਼ਰੀਦਣ ਤੋਂ ਪਹਿਲਾਂ ਆਪਣਾ ਬਜਟ ਤੈਅ ਕਰ ਲਓ ਕਿ ਤੁਸੀਂ ਕਿੰਨੀ ਕੀਮਤ ਤਕ ਦਾ ਸਮਾਰਟਫੋਨ ਖ਼ਰੀਦਣਾ ਹੈ। ਜੇਕਰ ਤੁਸੀਂ ਪਹਿਲਾਂ ਹੀ ਫੋਨ ਦਾ ਬਜਟ ਤੈਅ ਕਰ ਲਵੋਗੇ ਤਾਂ ਅਜਿਹੇ ’ਚ ਤੁਹਾਨੂੰ ਸਮਾਰਟਫੋਨ ਦੀ ਚੋਣ ਕਰਨ ’ਚ ਕਾਫੀ ਆਸਾਨੀ ਹੋਵੇਗੀ। 

ਬਹੁਤ ਖ਼ਾਸ ਹੈ ਆਪਰੇਟਿੰਗ ਸਿਸਟਮ
ਨਵਾਂ ਸਮਾਰਟਫੋਨ ਖ਼ਰੀਦਦੇ ਸਮੇਂ ਇਹ ਧਿਆਨ ਰੱਖੋ ਕਿ ਫੋਨ ਦਾ ਆਪਰੇਟਿੰਗ ਸਿਸਟਮ ਵੀ ਲੇਟੈਸਟ ਹੋਵੇ। ਭਾਰਤ ’ਚ ਹਮੇਸ਼ਾ ਦੁਕਾਨਦਾਰ ਪੁਰਾਣੇ ਆਪਰੇਟਿੰਗ ਸਿਸਟਮ ਵਾਲਾ ਫੋਨ ਗਾਹਕ ਨੂੰ ਜ਼ਿਆਦਾ ਰੈਮ ਜਾਂ ਸਟੋਰੇਜ ਵਿਖਾ ਕੇ ਵੇਚ ਦਿੰਦੇ ਹਨ ਪਰ ਤੁਹਾਨੂੰ ਐਂਡਰਾਇਡ 10 ਆਪਰੇਟਿੰਗ ਸਿਸਟਮ ਵਾਲਾ ਹੀ ਨਵਾਂ ਫੋਨ ਖ਼ਰੀਦਣਾ ਚਾਹੀਦਾ ਹੈ। ਉਥੇ ਹੀ ਜੇਕਰ ਤੁਸੀਂ ਜ਼ਿਆਦਾ ਹੀ ਘੱਟ ਕੀਮਤ ’ਚ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਐਂਡਰਾਇਡ 9 ਵਾਲੇ ਫੋਨ ਨਾਲ ਵੀ ਕੰਮ ਚਲਾ ਸਕਦੇ ਹੋ। ਇਸ ਤੋਂ ਇਲਾਵਾ ਇਹ ਵੀ ਜ਼ਰੂਰ ਪਤਾ ਕਰ ਲਓ ਕਿ ਜੋ ਫੋਨ ਤੁਸੀਂ ਖ਼ਰੀਦ ਰਹੇ ਹੋ ਇਸ ’ਤੇ ਅਪਡੇਟਸ ਆਉਣਗੇ ਜਾਂ ਨਹੀਂ। ਆਈਫੋਨ ਖ਼ਰੀਦਣ ਦੀ ਇੱਛਾ ਰੱਖਣ ਵਾਲੇ ਗਾਹਕਾਂ ਆਪਰੇਟਿੰਗ ਸਿਸਟ ਦੀ ਫਿਕਰ ਨਾ ਕਰਨ, ਉਨ੍ਹਾਂ ਨੂੰ ਅਪਡੇਟਸ ਮਿਲਦੇ ਰਹਿਣਗੇ।

ਪ੍ਰੋਸੈਸਰ ਬਾਰੇ ਲਓ ਪੂਰੀ ਜਾਣਕਾਰੀ
ਕਿਸੇ ਵੀ ਸਮਾਰਟਫੋਨ ’ਚ ਪ੍ਰੋਸੈਸਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਫੋਨ ਦੀ ਪਰਫਾਰਮੈਂਸ ਇਸ ’ਤੇ ਹੀ ਨਿਰਭਰ ਕਰਦੀ ਹੈ। ਜੇਕਰ ਤੁਸੀਂ ਗੇਮਿੰਗ ਦੇ ਸ਼ੌਕੀਨ ਹੋ ਤਾਂ ਕੋਸ਼ਿਸ਼ ਕਰੋ ਕਿ ਸਨੈਪਡ੍ਰੈਗਨ 730ਜੀ ਤੋਂ ਲੈ ਕੇ ਸਨੈਪਡ੍ਰੈਗਨ 865 ਤਕ ਦੇ ਪ੍ਰੋਸੈਸਰ ਵਾਲਾ ਫੋਨ ਹੀ ਖ਼ਰੀਦੋ ਕਿਉਂਕਿ ਇਨ੍ਹਾਂ ’ਚ ਹੀ ਤੁਹਾਨੂੰ ਬਿਹਤਰ ਗੇਮਿੰਗ ਅਨੁਭਵ ਮਿਲੇਗਾ। 

ਮਹੱਤਵਪੂਰਨ ਹੈ ਫੋਨ ਦਾ ਕੈਮਰਾ
ਜੇਕਰ ਤੁਹਾਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਤਾਂ ਸਮਾਰਟਫੋਨ ਦੇ ਕੈਮਰੇ ਬਾਰੇ ਜਿੰਨਾ ਜ਼ਿਆਦਾ ਹੋ ਸਕੇ ਪਤਾ ਕਰੋ। ਫੋਨ ਖ਼ਰੀਦਦੇ ਸਮੇਂ ਤੁਸੀਂ ਸਿਰਫ਼ ਕਿੰਨੇ ਮੈਗਾਪਿਕਸਲ ਦਾ ਕੈਮਰਾ ਹੈ, ਇਹ ਹੀ ਨਾ ਪੁੱਛੋ ਸਗੋਂ ਕੈਮਰਾ ਦਾ ਅਪਰਚਰ, ISO ਲੈਵਲ, ਪਿਕਸਲ ਸਾਈਜ਼ ਅਤੇ ਆਟੋਫੋਕਸ ਆਦਿ ਬਾਰੇ ਵੀ ਪਤਾ ਕਰੋ। ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਫੋਨ ਦੇ ਕੈਮਰੇ ਦੇ ਮੈਗਾਪਿਕਸਲ ਜ਼ਿਆਦਾ ਹਨ ਤਾਂ ਕੁਆਲਿਟੀ ਚੰਗੀ ਹੀ ਹੋਵੇਗੀ। ਕੁਆਲਿਟੀ ਉਪਰ ਦੱਸੇ ਗਏ ਹੋਰ ਫੈਕਟਰਸ ’ਤੇ ਵੀ ਨਿਰਭਰ ਕਰਦੀ ਹੈ। 

ਜ਼ਿਆਦਾ ਸਮਾਂ ਘਰੋਂ ਬਾਹਰ ਰਹਿਣ ਵਾਲਿਆਂ ਲਈ ਸਭ ਤੋਂ ਜ਼ਰੂਰੀ ਹੈ ਬੈਟਰੀ
ਜੇਕਰ ਤੁਸੀਂ ਜ਼ਿਆਦਾ ਸਮਾਂ ਘਰੋਂ ਬਾਹਰ ਰਹਿ ਕੇ ਬੀਤਾਉਂਦੇ ਹੋ ਜਾਂ ਜ਼ਿਆਦਾ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਬੈਟਰੀ ਬੈਕਅਪ ਦੇਣ ਵਾਲਾ ਫੋਨ ਹੀ ਖ਼ਰੀਦਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਸਮਾਰਟਫੋਨ ਦੀ ਬੈਟਰੀ ਸਮਰੱਥਾ ਜ਼ਿਆਦਾ ਅਤੇ ਫਾਸਟ ਚਾਰਜਿੰਗ ਸੁਪੋਰਟ ਦੀ ਸੁਵਿਧਾ ਜ਼ਰੂਰ ਹੋਵੇ ਤਾਂ ਜੋ ਵਾਰ-ਵਾਰ ਫੋਨ ਨੂੰ ਚਾਰਜ ਕਰਨ ’ਚ ਤੁਹਾਡਾ ਸਮਾਂ ਖ਼ਰਾਬ ਨਾ ਹੋਵੇ। 


Rakesh

Content Editor

Related News