ਹੋਰ ਮਹਿੰਗਾ ਹੋਵੇਗਾ iPhone ! ਕੰਪਨੀ ਦੇ CEO ਨੇ ਖ਼ੁਦ...
Sunday, May 03, 2026 - 12:48 PM (IST)
ਗੈਜੇਟ ਡੈਸਕ - ਐਪਲ ਦੇ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਇਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ। ਆਉਣ ਵਾਲੇ ਸਮੇਂ 'ਚ ਆਈਫੋਨ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਐਪਲ ਦੇ CEO ਟਿਮ ਕੁਕ ਨੇ ਸੰਕੇਤ ਦਿੱਤਾ ਹੈ ਕਿ ਜੂਨ ਤੋਂ ਬਾਅਦ ਕੰਪਨੀ ਆਪਣੇ ਸਮਾਰਟਫੋਨਾਂ ਦੇ ਦਾਮ ਵਧਾ ਸਕਦੀ ਹੈ।
ਕੀਮਤਾਂ ਵਧਣ ਦਾ ਮੁੱਖ ਕਾਰਨ
ਸਰੋਤਾਂ ਅਨੁਸਾਰ, ਟਿਮ ਕੁਕ ਨੇ ਹਾਲ ਹੀ 'ਚ ਹੋਈ ਅਰਨਿੰਗਜ਼ ਕਾਲ (Q2 2026) ਦੌਰਾਨ ਦੱਸਿਆ ਕਿ ਕੰਪਿਊਟਰ ਮੈਮੋਰੀ ਦੀਆਂ ਵਧਦੀਆਂ ਕੀਮਤਾਂ ਕੰਪਨੀ ਦੇ ਮੁਨਾਫੇ 'ਤੇ ਅਸਰ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਰਚ ਤਿਮਾਹੀ ਦੌਰਾਨ ਮੈਮੋਰੀ ਦੀ ਲਾਗਤ ਵਧਣੀ ਸ਼ੁਰੂ ਹੋ ਗਈ ਸੀ, ਜਿਸ ਨੂੰ ਕੰਪਨੀ ਨੇ ਹੁਣ ਤੱਕ ਖੁਦ ਬਰਦਾਸ਼ਤ ਕੀਤਾ ਹੈ।
ਪੁਰਾਣਾ ਸਟਾਕ ਹੋ ਰਿਹੈ ਖਤਮ
ਟਿਮ ਕੁਕ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਐਪਲ ਕੋਲ ਮੌਜੂਦ ਪੁਰਾਣੀ ਇਨਵੈਂਟਰੀ (ਸਟਾਕ) ਕਾਰਨ ਕੀਮਤਾਂ ਸਥਿਰ ਰਹੀਆਂ ਸਨ, ਪਰ ਹੁਣ ਇਹ ਬਫਰ ਖਤਮ ਹੁੰਦਾ ਜਾ ਰਿਹਾ ਹੈ। ਜੂਨ ਤਿਮਾਹੀ 'ਚ ਮੈਮੋਰੀ ਦੀ ਲਾਗਤ 'ਚ ਵੱਡੇ ਵਾਧੇ ਦੀ ਉਮੀਦ ਹੈ, ਜਿਸਦਾ ਸਿੱਧਾ ਅਸਰ ਗਾਹਕਾਂ ਦੀਆਂ ਜੇਬਾਂ 'ਤੇ ਪੈ ਸਕਦਾ ਹੈ।
ਹੋਰ ਕੰਪਨੀਆਂ ਨੇ ਪਹਿਲਾਂ ਹੀ ਵਧਾਏ ਦਾਮ
ਜ਼ਿਕਰਯੋਗ ਹੈ ਕਿ ਕਈ ਨਾਮੀ ਚੀਨੀ ਕੰਪਨੀਆਂ ਨੇ ਪਹਿਲਾਂ ਹੀ ਆਪਣੇ ਫੋਨਾਂ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਐਪਲ ਵੀ ਹੁਣ ਇਨ੍ਹਾਂ ਵਧਦੀਆਂ ਲਾਗਤਾਂ ਨੂੰ ਸੰਭਾਲਣ ਲਈ ਕਈ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੀਮਤਾਂ 'ਚ ਕਿੰਨਾ ਵਾਧਾ ਹੋਵੇਗਾ, ਪਰ ਜੂਨ ਤੋਂ ਬਾਅਦ ਆਈਫੋਨ ਮਹਿੰਗੇ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
