ਹੁਣ ਭੀੜ ਵਾਲੀਆਂ ਥਾਵਾਂ ''ਤੇ ਵੀ ਮਿਲੇਗੀ ਸੁਪਰਫਾਸਟ ਇੰਟਰਨੈੱਟ ਸਪੀਡ; ਇਸ ਦਿੱਗਜ ਕੰਪਨੀ ਨੇ ਦਿੱਤਾ ਵੱਡਾ ਤੋਹਫ਼ਾ
Tuesday, May 26, 2026 - 10:05 AM (IST)
ਗੈਜੇਟ ਡੈਸਕ - ਭਾਰਤੀ ਏਅਰਟੈੱਲ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਇਕ ਨਵੀਂ 'ਪ੍ਰਾਇਓਰਿਟੀ ਪੋਸਟਪੇਡ' ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਪਲਾਨ ਰਾਹੀਂ ਯੂਜ਼ਰਸ ਨੂੰ ਉਨ੍ਹਾਂ ਥਾਵਾਂ 'ਤੇ ਵੀ ਤੇਜ਼, ਸਥਿਰ ਅਤੇ ਭਰੋਸੇਮੰਦ ਨੈੱਟਵਰਕ ਮਿਲੇਗਾ, ਜਿੱਥੇ ਆਮ ਤੌਰ 'ਤੇ ਭੀੜ ਜ਼ਿਆਦਾ ਹੋਣ ਕਾਰਨ ਨੈੱਟਵਰਕ ਸੁਸਤ ਹੋ ਜਾਂਦਾ ਹੈ।
ਕੀ ਹੈ ਨੈੱਟਵਰਕ ਸਲਾਈਸਿੰਗ ਤਕਨੀਕ?
ਏਅਰਟੈੱਲ ਨੇ ਇਸ ਸੇਵਾ ਲਈ 5G ਦੀ ਇਕ ਵਿਸ਼ੇਸ਼ ਤਕਨੀਕ 'ਨੈੱਟਵਰਕ ਸਲਾਈਸਿੰਗ' ਦੀ ਵਰਤੋਂ ਕੀਤੀ ਹੈ। ਇਸ ਨੂੰ ਆਸਾਨ ਭਾਸ਼ਾ 'ਚ ਸਮਝੀਏ ਤਾਂ ਇਹ ਸੜਕ 'ਤੇ ਬਣੀ ਇਕ 'ਵੀ.ਆਈ.ਪੀ. ਲੇਨ' ਵਾਂਗ ਹੈ, ਜਿੱਥੇ ਟ੍ਰੈਫਿਕ ਘੱਟ ਹੁੰਦਾ ਹੈ ਅਤੇ ਗੱਡੀ ਤੇਜ਼ੀ ਨਾਲ ਨਿਕਲ ਜਾਂਦੀ ਹੈ। ਇਸੇ ਤਰ੍ਹਾਂ, ਏਅਰਟੈੱਲ ਆਪਣੇ ਪ੍ਰੀਮੀਅਮ ਯੂਜ਼ਰਸ ਲਈ ਨੈੱਟਵਰਕ ਦਾ ਇਕ ਹਿੱਸਾ ਵੱਖਰਾ ਕਰ ਦੇਵੇਗਾ ਤਾਂ ਜੋ ਭੀੜ ਹੋਣ 'ਤੇ ਵੀ ਉਨ੍ਹਾਂ ਦੀ ਇੰਟਰਨੈੱਟ ਸਪੀਡ ਅਤੇ ਕਾਲ ਗੁਣਵੱਤਾ ਬਿਹਤਰ ਬਣੀ ਰਹੇ।
ਕੋਈ ਵਾਧੂ ਖਰਚਾ ਨਹੀਂ
ਕੰਪਨੀ ਮੁਤਾਬਕ, ਏਅਰਟੈੱਲ ਪੋਸਟਪੇਡ ਯੂਜ਼ਰਸ ਨੂੰ ਇਸ ਸੇਵਾ ਲਈ ਕੋਈ ਵਾਧੂ ਪੈਸਾ ਨਹੀਂ ਦੇਣਾ ਪਵੇਗਾ ਅਤੇ ਉਨ੍ਹਾਂ ਨੂੰ ਇਹ ਸਹੂਲਤ ਆਪਣੇ ਆਪ ਮਿਲ ਜਾਵੇਗੀ। ਇਹ ਸੁਵਿਧਾ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋਵੇਗੀ ਜੋ ਮੋਬਾਈਲ ਇੰਟਰਨੈੱਟ 'ਤੇ ਵੀਡੀਓ ਕਾਲ, ਲਾਈਵ ਸਟ੍ਰੀਮਿੰਗ ਜਾਂ ਦਫ਼ਤਰ ਦਾ ਕੰਮ ਕਰਦੇ ਹਨ।
ਪ੍ਰੀਪੇਡ ਯੂਜ਼ਰਸ 'ਚ ਨਾਰਾਜ਼ਗੀ ਅਤੇ 'ਨੈੱਟ ਨਿਊਟ੍ਰੈਲਿਟੀ' 'ਤੇ ਬਹਿਸ
ਇਸ ਨਵੀਂ ਸੇਵਾ ਦੇ ਆਉਣ ਨਾਲ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛਿੜ ਗਈ ਹੈ। ਕਈ ਪ੍ਰੀਪੇਡ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਇਸ ਪਲਾਨ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ 'ਤੇ ਇੰਟਰਨੈੱਟ ਸਪੀਡ ਘੱਟ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕੁਝ ਯੂਜ਼ਰਸ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਦੂਜੇ ਯੂਜ਼ਰਸ ਨੂੰ ਨੈੱਟਵਰਕ ਦੀ ਭੀੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ 'ਨੈੱਟ ਨਿਊਟ੍ਰੈਲਿਟੀ' ਯਾਨੀ ਸਾਰਿਆਂ ਲਈ ਬਰਾਬਰ ਇੰਟਰਨੈੱਟ ਦੇ ਨਿਯਮਾਂ 'ਤੇ ਸਵਾਲ ਉੱਠ ਸਕਦੇ ਹਨ।
ਏਅਰਟੈੱਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਖ਼ਾਸ ਐਪ ਜਾਂ ਵੈੱਬਸਾਈਟ ਨੂੰ ਫਾਇਦਾ ਨਹੀਂ ਪਹੁੰਚਾ ਰਹੀ, ਸਗੋਂ ਸਿਰਫ਼ ਆਪਣੇ ਗਾਹਕਾਂ ਨੂੰ ਬਿਹਤਰ ਨੈੱਟਵਰਕ ਗੁਣਵੱਤਾ ਦੇ ਰਹੀ ਹੈ। ਆਉਣ ਵਾਲੇ ਸਮੇਂ 'ਚ ਹੋਰ ਟੈਲੀਕਾਮ ਕੰਪਨੀਆਂ ਵੀ ਇਸ ਤਰ੍ਹਾਂ ਦੇ ਪ੍ਰੀਮੀਅਮ ਪਲਾਨ ਪੇਸ਼ ਕਰ ਸਕਦੀਆਂ ਹਨ।
