ਰਾਤੋ-ਰਾਤ ਆਈ ਇਕ ਈਮੇਲ ਤੇ ਉੱਡ ਗਏ ਹੋਸ਼! Meta ਨੇ 8,000 ਮੁਲਾਜ਼ਮਾਂ ਨੂੰ ਕੀਤਾ ਫਾਇਰ

Wednesday, May 20, 2026 - 01:49 PM (IST)

ਰਾਤੋ-ਰਾਤ ਆਈ ਇਕ ਈਮੇਲ ਤੇ ਉੱਡ ਗਏ ਹੋਸ਼! Meta ਨੇ 8,000 ਮੁਲਾਜ਼ਮਾਂ ਨੂੰ ਕੀਤਾ ਫਾਇਰ

ਗੈਜੇਟ ਡੈਸਕ - ਅਮਰੀਕੀ ਟੈਕ ਦਿੱਗਜ ਕੰਪਨੀ Meta ਨੇ ਇਕ ਵਾਰ ਫਿਰ ਵੱਡੇ ਪੱਧਰ 'ਤੇ ਛਾਂਟੀ ਕਰਦਿਆਂ ਆਪਣੇ 8,000 ਕਰਮਚਾਰੀਆਂ ਨੂੰ ਅਚਾਨਕ ਨੌਕਰੀ ਤੋਂ ਬਾਹਰ ਕਰ ਦਿੱਤਾ ਹੈ। ਇਹ ਕੰਪਨੀ ਦੇ ਕੁੱਲ ਵਰਕਫੋਰਸ ਦਾ ਲਗਭਗ 10 ਫੀਸਦੀ ਹਿੱਸਾ ਹੈ। ਕੰਪਨੀ ਦੀ ਇਸ ਕਾਰਵਾਈ ਨੇ ਮੁਲਾਜ਼ਮਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਪਹਿਲਾਂ 'ਵਰਕ ਫਰੌਮ ਹੋਮ' ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਫਿਰ ਦੇਰ ਰਾਤ ਜਾਂ ਤੜਕਸਾਰ ਈਮੇਲ ਰਾਹੀਂ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ।

ਤੜਕਸਾਰ 4 ਵਜੇ ਮਿਲੇ ਨੋਟਿਸ
ਛਾਂਟੀ ਦੀ ਇਹ ਪ੍ਰਕਿਰਿਆ ਵੱਖ-ਵੱਖ ਟਾਈਮ ਜ਼ੋਨਾਂ ਦੇ ਹਿਸਾਬ ਨਾਲ ਕੀਤੀ ਗਈ ਹੈ। ਸਿੰਗਾਪੁਰ ਦਫ਼ਤਰ ਦੇ ਕਰਮਚਾਰੀਆਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਈਮੇਲ ਮਿਲੇ, ਜੋ ਭਾਰਤੀ ਸਮੇਂ ਅਨੁਸਾਰ ਰਾਤ ਦੇ ਲਗਭਗ 1:30 ਵਜੇ ਬਣਦੇ ਹਨ। ਰਿਪੋਰਟਾਂ ਅਨੁਸਾਰ, ਇਸ ਛਾਂਟੀ ਦਾ ਸਭ ਤੋਂ ਵੱਧ ਅਸਰ ਕੰਪਨੀ ਦੇ ਇੰਜੀਨੀਅਰਿੰਗ ਅਤੇ ਪ੍ਰੋਡਕਟ ਡਿਵੀਜ਼ਨ 'ਤੇ ਪਿਆ ਹੈ।

AI 'ਤੇ ਨਿਵੇਸ਼ ਵਧਾਉਣ ਦੀ ਰਣਨੀਤੀ
ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਲਾਗਤ ਘਟਾਉਣ ਅਤੇ AI 'ਚ ਨਿਵੇਸ਼ ਵਧਾਉਣ ਲਈ ਇਹ ਰੀ-ਸਟ੍ਰਕਚਰਿੰਗ ਯੋਜਨਾ ਦਾ ਹਿੱਸਾ ਹੈ। ਜਾਣਕਾਰੀ ਮੁਤਾਬਕ, ਲਗਭਗ 7,000 ਕਰਮਚਾਰੀਆਂ ਨੂੰ AI-ਅਧਾਰਤ ਨਵੀਆਂ ਟੀਮਾਂ 'ਚ ਸ਼ਿਫਟ ਕੀਤਾ ਜਾਵੇਗਾ ਅਤੇ 6,000 ਖਾਲੀ ਅਹੁਦਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਕੰਪਨੀ ਹੁਣ ਛੋਟੀਆਂ ਟੀਮਾਂ ਰਾਹੀਂ ਤੇਜ਼ੀ ਨਾਲ ਫੈਸਲੇ ਲੈਣ 'ਤੇ ਫੋਕਸ ਕਰ ਰਹੀ ਹੈ।

ਕੰਪਨੀ ਅੰਦਰ ਨਿਗਰਾਨੀ ਦਾ ਵਿਰੋਧ
ਇਸ ਛਾਂਟੀ ਦੇ ਵਿਚਕਾਰ ਇਕ ਵੱਡਾ ਵਿਵਾਦ ਵੀ ਸਾਹਮਣੇ ਆਇਆ ਹੈ। ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਇਕ ਅਜਿਹੇ ਅੰਦਰੂਨੀ ਟੂਲ ਦੀ ਵਰਤੋਂ ਕਰ ਰਹੀ ਸੀ ਜੋ ਕਰਮਚਾਰੀਆਂ ਦੇ ਮਾਊਸ ਮੂਵਮੈਂਟ ਅਤੇ ਕੀ-ਸਟ੍ਰੋਕਸ ਨੂੰ ਟਰੈਕ ਕਰਦਾ ਹੈ ਤਾਂ ਜੋ AI ਸਿਸਟਮ ਨੂੰ ਟ੍ਰੇਨ ਕੀਤਾ ਜਾ ਸਕੇ। ਇਸ ਨਿਗਰਾਨੀ ਵਿਰੁੱਧ ਕੰਪਨੀ ਦੇ ਅੰਦਰ ਭਾਰੀ ਵਿਰੋਧ ਹੋ ਰਿਹਾ ਹੈ ਅਤੇ ਕਈ ਕਰਮਚਾਰੀਆਂ ਨੇ ਇਸ ਦੇ ਖਿਲਾਫ ਪਟੀਸ਼ਨ 'ਤੇ ਹਸਤਾਖਰ ਕੀਤੇ ਹਨ।


author

Sunaina

Content Editor

Related News