ਵਿਸ਼ਵ ਦਾ ਪਹਿਲਾ ਟ੍ਰਿਪਲ ਫੋਲਡ ਫੋਨ ਹੁਣ ਤਕ ਦੀ ਸਭ ਤੋਂ ਵੱਡੀ ਡਿਸਪਲੇਅ ਨਾਲ ਲਾਂਚ, ਜਾਣੋ ਖੂਬੀਆਂ
Wednesday, Sep 11, 2024 - 12:03 AM (IST)
ਗੈਜੇਟ ਡੈਸਕ- ਦੁਨੀਆ ਦਾ ਮਸ਼ਹੂਰ ਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਵਿਸ਼ਵ ਦਾ ਪਹਿਲਾ ਟ੍ਰਿਪਲ ਫੋਲਡ ਫੋਨ ਲਾਂਚ ਕਰ ਦਿੱਤਾ ਹੈ। ਇਥੇ ਇਕ ਗੱਲ ਜੋ ਖਾਸ ਹੈ ਕਿ ਹੁਵਾਵੇਈ ਨੇ ਐਪਲ ਈਵੈਂਟ ਦੇ ਅਗਲੇ ਦਿਨ ਆਪਣਾ ਧਾਂਸੂ ਫੋਨ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਕੰਪਨੀ ਨੇ ਇਸ ਟ੍ਰਾਈ ਫੋਲਡ ਫੋਨ 'ਚ 10.2 ਇੰਚ ਦੀ ਸਕਰੀਨ ਦਿੱਤੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ 'ਚ ਹੁਣ ਤਕ ਦੀ ਸਭ ਤੋਂ ਵੱਡੀ ਸਕਰੀਨ ਦਿੱਤੀ ਗਈ ਹੈ। ਹੁਵਾਵੇਈ ਦੇ ਅਨੁਸਾਰ, ਇਸ ਫੋਨ ਨੂੰ ਕਈ ਦਿਸ਼ਾਵਾਂ 'ਚ ਘੁਮਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਦੀ ਡਿਸਪਲੇਅ ਨੂੰ ਬਹੁਤ ਜ਼ਿਆਦਾ ਫਲੈਕਸੀਬਲ ਬਣਾਇਆ ਗਿਆ ਹੈ।
Huawei Mate XT Ultimate ਦੀ ਕੀਮਤ
ਇਸ ਟ੍ਰਾਈ ਫੋਲਡ ਫੋਨ ਦੀ ਕੀਮਤ 2,35,900 ਰੁਪਏ ਦੇ ਕਰੀਬ ਰੱਖੀ ਗਈ ਹੈ। ਇਸ ਵਿਚ 16 ਜੀ.ਬੀ. ਰੈਮ ਅਤੇ 256 ਜੀ.ਬੀ. ਦੀ ਸਟੋਰੇਜ ਹੈ। ਉਥੇ ਹੀ 512 ਜੀ.ਬੀ. ਅਤੇ 1 ਟੀ.ਬੀ. ਸਟੋਰੇਜ ਵਾਲੇ ਮਾਡਲਾਂ ਦੀ ਕੀਮਤ 2,59,500 ਰੁਪਏ ਅਤੇ 2,83,100 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਸੇਲ ਚੀਨ 'ਚ 20 ਸਤੰਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਇਸ ਫੋਨ ਨੂੰ ਡਾਰਕ ਬਲੈਕ ਅਤੇ ਰੂਈ ਰੈੱਡ ਰੰਗਾਂ 'ਚ ਲਾਂਚ ਕੀਤਾ ਹੈ।
Huawei Mate XT Ultimate ਦੇ ਫੀਚਰਜ਼
ਹੁਵਾਵੇਈ ਦੇ ਨਵੇਂ ਟ੍ਰਾਈ ਫੋਲਡ ਫੋਨ 'ਚ ਕਈ ਸ਼ਾਨਦਾਰ ਫੀਚਰਜ਼ ਦਿੱਤੀ ਗਏ ਹਨ। ਫੋਨ 'ਚ ਓ.ਐੱਲ.ਈ.ਡੀ. ਸਕਰੀਨ ਦੇ ਨਾਲ ਅਲਟੀਮੇਟ ਡਿਜ਼ਾਈਨ ਦੇਖਣ ਨੂੰ ਮਿਲਦਾ ਹੈ। ਇਸ ਦਮਦਾਰ ਫੋਨ 'ਚ ਹਾਰਮਨੀ ਓ.ਐੱਸ. 4.2 ਆਊਟ ਆਫ ਦਿ ਬਾਕਸ ਦਿੱਤਾ ਗਿਆ ਹੈ। ਫੋਨ ਨੂੰ ਇਕ ਵਾਰ ਫੋਲਡ ਕਰਕੇ ਇਸਤੇਮਾਲ ਕਰਨ 'ਤੇ 6.4 ਇੰਚ ਦੀ ਸਕਰੀਨ ਰਹਿ ਜਾਂਦੀ ਹੈ। ਉਥੇ ਹੀ ਦੋ ਵਾਰ ਫੋਲਡ ਕਰਨ ਤੋਂ ਬਾਅਦ ਇਸ ਦੀ ਸਕਰੀਨ 7.9 ਇੰਚ ਦੀ ਹੋ ਜਾਂਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ 'ਚ ਕਾਫੀ ਬਿਹਤਰ ਪਰਫਾਰਮੈਂਸ ਮਿਲੇਗੀ।
ਹੁਵਾਵੇਈ ਨੇ ਇਸ ਫੋਨ ਦੇ ਰੀਅਰ 'ਚ ਟ੍ਰਿਪਲ ਕੈਮਰਾ ਦਿੱਤਾ ਹੈ। ਫੋਨ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 12 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਹੁਵਾਵੇਈ ਨੇ ਸੈਲਫੀ ਕੈਮਰਾ ਨੂੰ ਪੰਚ ਹੋਲ ਕਟਆਊਟ ਦੇ ਨਾਲ ਪੇਸ਼ ਕੀਤਾ ਹੈ।
ਹੁਵਾਵੇਈ ਦੇ ਟ੍ਰਾਈ ਫੋਲਡ ਫੋਨ 'ਚ ਦਮਦਾਰ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਵਿਚ 5600 mah ਦੀ ਬੈਟਰੀ ਦਿੱਤੀ ਹੈ ਜੋ ਪੂਰੇ ਦਿਨ ਆਸਾਨੀ ਨਾਲ ਚੱਲ ਜਾਵੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫੋਨ ਦੀ ਬੈਟਰੀ ਨੂੰ 3.6mm ਪਤਲਾ ਰੱਖਿਆ ਗਿਆ ਹੈ। ਦੁਨੀਆ ਦੇ ਪਹਿਲੇ ਟ੍ਰਾਈ ਫੋਲਡ ਫੋਨ 'ਚ ਸਿਲੀਕਾਨ ਕਾਰਬਨ ਬੈਟਰੀ ਦਿੱਤੀ ਗਈ ਹੈ, ਜਿਸ ਦੇ ਨਾਲ 66 ਵਾਟ ਦਾ ਫਾਸਟ ਚਾਰਜਰ ਮਿਲਦਾ ਹੈ। ਹੁਵਾਵੇਈ ਕੰਪਨੀ ਨੇ ਫੋਨ ਦੇ ਨਾਲ 50 ਵਾਟ ਦਾ ਵਾਇਰਲੈੱਸ ਚਾਰਜਰ ਵੀ ਦਿੱਤਾ ਹੈ।
ਹੁਵਾਵੇਈ ਦੇ ਟ੍ਰਾਈ ਫੋਲਡ ਫੋਨ 'ਚ 5ਜੀ ਸਪੋਰਟ, ਜੀ.ਪੀ.ਐੱਸ., ਬਲੂਟੁੱਥ, ਵਾਈ-ਫਾਈ, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਹਾਲਾਂਕਿ, ਅਮਰੀਕਾ ਦੀਆਂ ਪਾਬੰਦੀਆਂ ਕਾਰਨ ਹੁਵਾਵੇਈ ਇਸ ਫੋਨ ਨੂੰ ਚੀਨ ਦੇ ਬਾਹਰ ਨਹੀਂ ਵੇਚ ਸਕਦੀ।