ਗੂਗਲ ਨੇ ਪਲੇਅ ਸਟੋਰ ''ਚੋਂ ਹਟਾਇਆ ਤਾਲਿਬਾਨ ਦਾ ਐਪ

Tuesday, Apr 05, 2016 - 11:37 AM (IST)

ਗੂਗਲ ਨੇ ਪਲੇਅ ਸਟੋਰ ''ਚੋਂ ਹਟਾਇਆ ਤਾਲਿਬਾਨ ਦਾ ਐਪ

ਜਲੰਧਰ : ਗੂਗਲ ਪਲੇਅ ਸਟੋਰ ਵਲੋਂ ਅੱਤਵਾਦੀ ਸਮੂਹ ਤਾਲਿਬਾਨ ਦਾ ਐਪ ਆਲਮਰਾਹ ਹਟਾ ਦਿੱਤਾ ਗਿਆ ਹੈ। ਅੱਤਵਾਦੀ ਸਮੂਹ ਨੇ ਇਹ ਐਪ ਐਂਡ੍ਰਾਇਡ ਫੋਨ ਲਈ ਬਣਾਇਆ ਸੀ। ਇਸ ਐਪ ਵਿਚ ਮੌਜੂਦ ਸਮੱਗਰੀ ਪਸ਼ਤੋ ਭਾਸ਼ਾ ਵਿਚ ਹੈ। ਇਸ ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੀਆਂ ਗਤੀਵਿਧੀਆਂ ਨਾਲ ਜੁੜੇ ਅੱਤਵਾਦੀਆਂ ਦੇ ਬਿਆਨ ਅਤੇ ਵੀਡੀਓਜ਼ ਵੀ ਸ਼ਾਮਿਲ ਹਨ। ਇਸ ਨੂੰ ਇਕ ਅਪ੍ਰੈਲ ਨੂੰ ਲਾਂਚ ਕੀਤਾ ਗਿਆ ਸੀ। ਜਦੋਂ ਲਾਂਚ ਹੋਣ ਦੇ ਕੁਝ ਹੀ ਦੇਰ ਬਾਅਦ ਇਹ ਐਪ ਪਲੇਅ ਸਟੋਰ ''ਤੇ ਨਜ਼ਰ ਨਹੀਂ ਆਇਆ ਤਾਂ ਅੱਤਵਾਦੀ ਸਮੂਹ ਨੇ ਇਸ ਲਈ ਤਕਨੀਕੀ ਕਾਰਨਾਂ ਨੂੰ ਜ਼ਿੰਮੇਦਾਰ ਦੱਸਿਆ ਸੀ।

 

ਇਸ ਦੀ ਜਾਣਕਾਰੀ ਅਮਰੀਕਾ ਸਥਿਤ ਸੰਗਠਨ ਸਾਈਟ ਇੰਟੈਲ ਗਰੁੱਪ ਨੇ ਦਿੱਤੀ ਸੀ। ਇਹ ਗਰੁੱਪ ਜਿਹਾਦੀ ਗਤੀਵਿਧੀਆਂ ਉੱਤੇ ਨਜ਼ਰ ਰੱਖਦਾ ਹੈ। ਹਾਲਾਂਕਿ ਐਪ ਨੂੰ ਹਟਾਉਣ ਦੀ ਵਜ੍ਹਾ ਗੂਗਲ ਐਪ ਪਾਲਿਸੀ ਦੀ ਉਲੰਘਣਾ ਹੈ ਜੋ ਨਫਰਤ ਫੈਲਾਉਣ ਵਾਲੀਆਂ ਗੱਲਾਂ ਨੂੰ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਗੂਗਲ ਨੇ ਇਸ ਮੁੱਦੇ ''ਤੇ ਕੁੱਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਗੂਗਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ  ਸਾਡੀਆਂ ਨੀਤੀਆਂ ਉਪਭੋਗਤਾਵਾਂ ਅਤੇ ਡਿਵੈੱਲਪਰਾਂ ਨੂੰ ਬਿਹਤਰ ਅਨੁਭਵ ਦੇਣ ਲਈ ਤਿਆਰ ਕੀਤੀ ਗਈਆਂ ਹਨ। ਇਹੀ ਵਜ੍ਹਾ ਹੈ ਕਿ ਅਸੀਂ ਇਨਾਂ ਨੀਤੀਆਂ ਦਾ ਪਾਲਣਾ ਨਾ ਕਰਨ ਵਾਲੀਆਂ ਐਪਸ ਨੂੰ ਗੂਗਲ ਪਲੇ ਤੋਂ ਹਟਾ ਦਿੰਦੇ ਹਾਂ।


Related News