ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰਵਾਦ ਦੇ ਖ਼ਾਤਮੇ ਲਈ ਭਾਜਪਾ ਪੂਰੀ ਤਰ੍ਹਾਂ ਸਮਰੱਥ : ਕਰਮ ਸਿੰਘ ਲਹਿਲ
Monday, Jul 06, 2026 - 12:05 PM (IST)
ਜਲੰਧਰ (ਅਰੁਣ ਨਿਰਵਾਣ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਵੱਲੋਂ ਆਪੋ-ਆਪਣੇ ਪੱਧਰ ’ਤੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ। ਪੰਜਾਬ ਦੇ ਮਸਲਿਆਂ ਬਾਰੇ ਭਾਜਪਾ ਦੀ ਕੀ ਸੋਚ ਹੈ? ਗੈਂਗਸਟਰਵਾਦ ਤੇ ਨਸ਼ਿਆਂ ਦੇ ਖ਼ਾਤਮੇ ਅਤੇ ਕਾਨੂੰਨ-ਵਿਵਸਥਾ ਤੇ ਅਰਥਵਿਵਸਥਾ ਨੂੰ ਸੁਧਾਰਨ ਲਈ ਭਾਜਪਾ ਕੋਲ ਕੀ ਰੋਡਮੈਪ ਹੈ, ਬਾਰੇ ‘ਜਗ ਬਾਣੀ’ ਵੱਲੋਂ ਸੰਗਰੂਰ ਤੋਂ ਭਾਜਪਾ ਦੇ ਨੌਜਵਾਨ ਆਗੂ ਕਰਮ ਸਿੰਘ ਲਹਿਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫ਼ੇਰੀ ਬਾਰੇ ਵੀ ਗੱਲਬਾਤ ਕੀਤੀ। ਪੇਸ਼ ਹਨ ਇਸ ਇੰਟਰਵਿਊ ਦੇ ਮੁੱਖ ਅੰਸ਼-
• ਮੌਜੂਦਾ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਹੋ?
ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਏਜੰਡੇ ਲੈ ਕੇ ਸੱਤਾ ਵਿਚ ਆਈ ਸੀ, ਉਨ੍ਹਾਂ ’ਤੇ ਪੂਰੀ ਨਹੀਂ ਉਤਰ ਸਕੀ। ਮੈਂ ਖ਼ੁਦ ਸੀ. ਐੱਮ. ਸਿਟੀ ਤੋਂ ਹਾਂ, ਜਿਸ ਤਰ੍ਹਾਂ ਦੇ ਵਿਕਾਸ ਦੀ ਆਸ ਅਸੀਂ ਕੀਤੀ ਸੀ, ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਇਸ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਨੂੰ ਹੋਰ ਭਾਰਾ ਕਰ ਦਿੱਤਾ ਹੈ। ਕਰਜ਼ਾ ਲੈ ਕੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਵਰਗੀਆਂ ਯੋਜਨਾਵਾਂ ਚਲਾਉਣਾ ਕੋਈ ਚੰਗੀ ਗੱਲ ਨਹੀਂ। ਇਸ ਕਰਜ਼ੇ ਦਾ ਬੋਝ ਪੰਜਾਬ ਦੀ ਜਨਤਾ ’ਤੇ ਹੀ ਪਵੇਗਾ।
• ਭਾਜਪਾ ਪੰਜਾਬ ਵਿਚ ਲੋਕ ਭਲਾਈ ਸਕੀਮਾਂ ਕਿਵੇਂ ਚਲਾਵੇਗੀ?
ਇਕ ਸਟੇਟ ਚਲਾਉਣ ਤੇ ਦੇਸ਼ ਚਲਾਉਣ ਵਿਚ ਬਹੁਤ ਫ਼ਰਕ ਹੈ। ਜਿੱਥੇ-ਜਿੱਥੇ ਵੀ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉੱਥੇ ਲੋਕ ਮੁੜ-ਮੁੜ ਕੇ ਭਾਜਪਾ ਦੀ ਹੀ ਸਰਕਾਰ ਬਣਾਉਂਦੇ ਹਨ, ਇਸ ਦਾ ਕਾਰਨ ਸਿਰਫ਼ ਤਰੱਕੀ ਹੁੰਦਾ ਹੈ। ਸੂਬਾ ਸਰਕਾਰ ਵੀ ਕੇਂਦਰ ਤੋਂ ਹੀ ਕਰਜ਼ਾ ਲੈਂਦੀ ਹੈ। ਇਸ ਲਈ ਜੇ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ ਤਾਂ ਚੰਗੇ ਤਾਲਮੇਲ ਦੇ ਨਾਲ ਕੰਮ ਹੋ ਸਕੇਗਾ ਤੇ ਕੇਂਦਰ ਪੰਜਾਬ ਦੀ ਖੁੱਲ੍ਹ ਕੇ ਮਦਦ ਕਰ ਸਕੇਗਾ ਤੇ ਸਰਕਾਰ ਸੂਬੇ ਨੂੰ ਤਰੱਕੀ ਦੇ ਰਾਹੇ ਪਾ ਸਕੇਗੀ। ‘ਡਬਲ ਇੰਜਣ’ ਸਰਕਾਰ ਬਣਨ ’ਤੇ ਵਿਕਾਸ ਕਾਰਜ ਜ਼ੋਰ ਫੜਨਗੇ।
• ਪੀ. ਐੱਮ. ਮੋਦੀ ਦੇ ਪੰਜਾਬ ਦੌਰੇ ਬਾਰੇ ਦੱਸੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹ ਜਲੰਧਰ ਆਉਣਗੇ ਤੇ ਨਵੇਂ ਬਣੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਇਹ ਰੇਲਵੇ ਸਟੇਸ਼ਨ ਏਅਰਪੋਰਟ ਦਾ ਭੁਲੇਖਾ ਪਾਉਂਦਾ ਹੈ। ਜੇ ਭਾਜਪਾ ਪੰਜਾਬ ਵਿਚ ਸਰਕਾਰ ਨਾ ਹੁੰਦੇ ਹੋਏ ਵੀ ਇੰਨਾ ਵਿਕਾਸ ਕਰ ਸਕਦੀ ਹੈ ਤਾਂ ਅਸੀਂ ਤਰੱਕੀ ਦੀ ਨਵੀਂ ਮਿਸਾਲ ਕਾਇਮ ਕਰ ਦੇਵਾਂਗੇ।
• ਕੀ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਪਾਉਂਦੀ ਹੈ?
ਅਜਿਹਾ ਕੁਝ ਨਹੀਂ ਹੈ। ਜੇ ਇਹ ਗੱਲ ਹੁੰਦੀ ਤਾਂ ਪੰਜਾਬ ਸਰਕਾਰ ਨੂੰ ਕਰਜ਼ਾ ਕੌਣ ਦਿੰਦਾ? ਕੇਂਦਰ ਨੇ ਪੰਜਾਬ ਵਿਚ ਬੜਾ ਵਧੀਆ ਸੜਕਾਂ ਦਾ ਨੈੱਟਵਰਕ ਵਿਛਾਇਆ ਹੈ। ਜੇ ਭਾਜਪਾ ਦਾ ਪੰਜਾਬ ਪ੍ਰਤੀ ਕੋਈ ਵਿਜ਼ਨ ਨਾ ਹੁੰਦਾ ਤਾਂ ਇੰਨਾ ਵਿਕਾਸ ਕਿਵੇਂ ਹੁੰਦਾ?
• ਭਾਜਪਾ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਕਿਵੇਂ ਸੁਧਾਰੇਗੀ?
ਬੇਸ਼ੱਕ ਇਸ ਵੇਲੇ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਮਾੜੀ ਹੈ। ਰੋਜ਼ ਹੀ ਕਿਤੇ ਨਾ ਕਿਤੇ ਕਿਸੇ ਮਾਂ ਦੇ ਪੁੱਤ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਚਿੱਟੇ ਦੀਆਂ ਗੋਲੀਆਂ ਬੰਦੂਕ ਦੀਆਂ ਗੋਲੀਆਂ ਨਾਲੋਂ ਵੀ ਵੱਧ ਖ਼ਤਰਨਾਕ ਹੋ ਚੁੱਕੀਆਂ ਹਨ। ਭਾਜਪਾ ਨੇ ਤਾਂ ਉੱਤਰ ਪ੍ਰਦੇਸ਼ ਵਰਗੇ ਸੂਬੇ ਵਿਚੋਂ ਵੀ ਦਹਿਸ਼ਤਗਰਦੀ ਦਾ ਮਾਹੌਲ ਖ਼ਤਮ ਕਰ ਦਿੱਤਾ, ਪੰਜਾਬ ਵਿਚ ਵੀ ਉਸੇ ਤਰ੍ਹਾਂ ਹੋਵੇਗਾ ਤੇ ਭਾਜਪਾ ਪੰਜਾਬ ਵਿਚੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।
• ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀ ਯੋਜਨਾਬੰਦੀ ਹੈ?
ਪੰਜਾਬ ਵਿਚ 95 ਫ਼ੀਸਦੀ ਖਿਡਾਰੀ ਆਪਣੇ ਦਮ ’ਤੇ ਹੀ ਮੈਡਲ ਲਿਆਉਂਦੇ ਹਨ। ਉਨ੍ਹਾਂ ਨੂੰ ਸਰਕਾਰ ਤੋਂ ਕੋਈ ਸਾਥ ਨਹੀਂ ਮਿਲਦਾ। ਪੰਜਾਬ ਦੇ ਨੌਜਵਾਨਾਂ ਵਿਚ ਕਾਫ਼ੀ ਜੋਸ਼ ਹੈ, ਇਸ ਲਈ ਚੰਗੀ ਖੇਡ ਨੀਤੀ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਡੇ ਖਿਡਾਰੀਆਂ ਨੂੰ ਹਰਿਆਣਾ ਵੱਲੋਂ ਨਾ ਖੇਡਣਾ ਪਵੇ। ਜੇ ਸਰਕਾਰ ਇਸ ਪਾਸੇ ਕੰਮ ਕਰਦੀ ਹੈ ਤਾਂ ਪੰਜਾਬ ਦਾ ਗ੍ਰਾਫ਼ ਖੇਡਾਂ ਵਿਚ ਕਾਫ਼ੀ ਉੱਪਰ ਜਾਵੇਗਾ।
• ਪੰਜਾਬ ਲਈ ਭਾਜਪਾ ਦਾ ਕੀ ਵਿਜ਼ਨ ਹੈ?
ਪ੍ਰਧਾਨ ਮੰਤਰੀ ਮੋਦੀ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਨ। ਭਾਜਪਾ ਵਿਚ ਪੰਜਾਬ ਲਈ ਹਮੇਸ਼ਾ ਤੋਂ ਹੀ ਬਹੁਤ ਇੱਜ਼ਤ-ਮਾਣ ਰਿਹਾ ਹੈ।ਭਾਜਪਾ ਦਾ ਮੰਨਣਾ ਹੈ ਕਿ ਪੰਜਾਬੀ ਬੜੇ ਦੂਰਅੰਦੇਸ਼ੀ, ਦਿਲਦਾਰ ਅਤੇ ਜੋਸ਼ੀਲੇ ਹਨ ਪਰ ਫ਼ਿਰ ਵੀ ਚੰਗੀ ਸਰਕਾਰ ਨਾ ਹੋਣ ਕਾਰਨ ਇਹ ਸੂਬਾ ਪਿੱਛੇ ਰਹਿ ਰਿਹਾ ਹੈ, ਇਸ ਲਈ ਭਾਜਪਾ ਇੱਥੇ ਸਰਕਾਰ ਬਣਾ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣਾ ਚਾਹੁੰਦੀ ਹੈ।
• ਧਰਮ ਪਰਿਵਰਤਨ ਨੂੰ ਰੋਕਣ ਲਈ ਭਾਜਪਾ ਕੀ ਕੰਮ ਕਰੇਗੀ?
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਰੈਲੀ ਵਿਚ ਇਹ ਐਲਾਨ ਕੀਤਾ ਸੀ ਕਿ ਅਸੀਂ ਧਰਮ ਪਰਿਵਰਤਨ ਰੋਕੂ ਕਾਨੂੰਨ ਲਿਆਵਾਂਗੇ। ਹੋਰ ਕਿਸੇ ਪਾਰਟੀ ਨੇ ਕਦੇ ਖੁੱਲ੍ਹ ਕੇ ਅਜਿਹਾ ਬਿਆਨ ਨਹੀਂ ਦਿੱਤਾ। ਭਾਜਪਾ ਨੂੰ ਜ਼ਮੀਨੀ ਪੱਧਰ ਦੇ ਮਸਲੇ ਪਤਾ ਹਨ। ਧਰਮ ਪਰਿਵਰਤਨ ਅਸਲ ਵਿਚ ਬਹੁਤ ਵੱਡਾ ਮਸਲਾ ਹੈ। ਸਾਡਾ ਸੱਭਿਆਚਾਰ, ਸਾਡਾ ਵਿਰਸਾ, ਸਭ ਕੁਝ ਹੀ ਸਾਡੇ ਤੋਂ ਖੁੱਸ ਰਿਹਾ ਹੈ।
ਇਕੱਲਿਆਂ ਚੋਣ ਲੜੇਗੀ ਭਾਜਪਾ
ਭਾਜਪਾ ਕਦੇ ਵੀ ਪੰਜਾਬ ਦੀ ਸੱਤਾ ’ਤੇ ਕਾਬਿਜ਼ ਨਹੀਂ ਰਹੀ। ਜਦੋਂ ਕਦੇ ਗੱਠਜੋੜ ਵਾਲੀ ਸਰਕਾਰ ਬਣੀ ਵੀ ਤਾਂ ਸੂਬਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਰਿਹਾ। ਭਾਜਪਾ ਪ੍ਰਧਾਨ ਨਿਤਿਨ ਨਬੀਨ ਜੀ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਇਸ ਵਾਰ ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਨਾ ਤੇ ਇਕੱਲਿਆਂ ਹੀ ਚੋਣ ਲੜਨੀ ਹੈ। ਮੇਰੇ ਵਰਗੇ ਨੌਜਵਾਨ ਵਰਕਰਾਂ ਲਈ ਇਹ ਬੜਾ ਚੰਗਾ ਮੌਕਾ ਹੈ, ਕਿਉਂਕਿ ਸਾਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਚੰਗਾ ਸਿਆਸੀ ਤਜਰਬਾ ਹੈ, ਪੜ੍ਹੇ-ਲਿਖੇ ਹਨ ਤੇ ਉਨ੍ਹਾਂ ਦਾ ਪੰਜਾਬ ਬਾਰੇ ਨਜ਼ਰੀਆ ਬਹੁਤ ਵਧੀਆ ਹੈ।
ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈਂਦੇ ਹਨ ਅਮਿਤ ਸ਼ਾਹ
ਸਿੱਖ ਗੁਰੂਆਂ ਨੇ ਹਿੰਦੂ ਭਾਈਚਾਰੇ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ। ਅੱਜ ਵੀ ਦੇਸ਼-ਵਿਦੇਸ਼ ਵਿਚ ਜਦੋਂ ਲੋਕਾਂ ’ਤੇ ਭੀੜ ਪੈਂਦੀ ਹੈ ਤਾਂ ਸਿੱਖ ਉਨ੍ਹਾਂ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਹੁੰਦੇ ਹਨ। ਸਾਡੀ ਕੌਮ ਬੜੀ ਦਲੇਰ ਹੈ। ਅਮਿਤ ਸ਼ਾਹ ਜੀ ਨੂੰ ਪੰਜਾਬੀਆਂ ਤੇ ਸਿੱਖਾਂ ਨਾਲ ਬੜਾ ਪਿਆਰ ਹੈ। ਸਾਡਾ ਮਾਣਮੱਤਾ ਤੇ ਕੁਰਬਾਨੀਆਂ ਭਰਿਆ ਇਤਿਹਾਸ ਉਨ੍ਹਾਂ ਨੂੰ ਕਾਫ਼ੀ ਪ੍ਰੇਰਿਤ ਕਰਦਾ ਹੈ।
