ਪੱਕਾ ਰਜਬਾਹੇ ’ਚੋਂ ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਬਰਾਮਦ

Sunday, Jun 28, 2026 - 02:14 PM (IST)

ਪੱਕਾ ਰਜਬਾਹੇ ’ਚੋਂ ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਬਰਾਮਦ

ਬਠਿੰਡਾ (ਮਨਜੀਤ) : ਸੰਗਤ ਇਲਾਕੇ ਦੇ ਪੱਕਾ ਰਜਬਾਹੇ ਵਿਚੋਂ ਸ਼ਨੀਵਾਰ ਨੂੰ ਇਕ ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੰਗਤ ਦੀ ਪੁਲਸ ਅਤੇ ਸੰਗਤ ਸਹਾਰਾ ਸੰਸਥਾ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਰਜਬਾਹੇ ਵਿਚੋਂ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਾਬੂ ਲਾਲ ਅਤੇ ਸੰਗਤ ਸਹਾਰਾ ਸੰਸਥਾ ਦੇ ਵਰਕਰ ਸਿਕੰਦਰ ਕੁਮਾਰ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਲਾਸ਼ ਨੂੰ ਬਾਹਰ ਕੱਢਣ ਤੋਂ ਬਾਅਦ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ, ਜਿੱਥੇ ਉਸ ਨੂੰ ਪੋਸਟਮਾਰਟਮ ਅਤੇ ਸ਼ਨਾਖਤ ਲਈ ਮੋਰਚਰੀ ਵਿਚ ਰੱਖਿਆ ਗਿਆ ਹੈ।

ਸਹਾਇਕ ਥਾਣੇਦਾਰ ਬਾਬੂ ਲਾਲ ਨੇ ਦੱਸਿਆ ਕਿ ਮ੍ਰਿਤਕਾ ਦੀ ਉਮਰ ਕਰੀਬ 61 ਤੋਂ 62 ਸਾਲ ਜਾਪਦੀ ਹੈ। ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ। ਪੁਲਸ ਵੱਲੋਂ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ ਤਾਂ ਜੋ ਪਰਿਵਾਰਕ ਮੈਂਬਰ ਜਾਂ ਜਾਣ-ਪਛਾਣ ਵਾਲੇ ਉਸ ਦੀ ਪਛਾਣ ਕਰ ਸਕਣ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਔਰਤ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਉਸ ਦੀ ਪਛਾਣ ਹੋ ਸਕਦੀ ਹੋਵੇ ਤਾਂ ਉਹ ਤੁਰੰਤ ਥਾਣਾ ਸੰਗਤ ਨਾਲ ਸੰਪਰਕ ਕਰਨ। ਉਧਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।


author

Babita

Content Editor

Related News