ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ ''ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ ਜਾਮ

Thursday, Jul 02, 2026 - 11:12 AM (IST)

ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ ''ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ ਜਾਮ

ਆਦਮਪੁਰ (ਰਣਦੀਪ)- ਆਦਮਪੁਰ ਸ਼ਹਿਰ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਥਾਣਾ ਬੁੱਲ੍ਹੋਵਾਲ ਦੇ ਪਿੰਡ ਤਾਰਾਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਲਾਸ਼ ਥਾਣਾ ਆਦਮਪੁਰ ਦੇ ਪਿੰਡ ਕਾਲਰਾ ਕੋਲ ਦੋਆਬਾ ਬਿਸਤ ਨਹਿਰ ਵਿਚ ਰਹੱਸਮਈ ਹਾਲਤ ਵਿਚ ਮਿਲੀ।  ਆਦਮਪੁਰ ਪੁਲਸ ਵੱਲੋਂ ਕਾਰਵਾਈ ਵਿਚ ਦੇਰੀ ਕਾਰਨ ਗੁੱਸੇ 'ਚ ਆਏ ਨੌਜਵਾਨ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਜਸਵਿੰਦਰ ਸਿੰਘ ਸਰਪੰਚ ਪਿੰਡ ਤਾਰਾਗੜ੍ਹ ਥਾਣਾ ਬੁੱਲ੍ਹੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਵਿਚ ਥਾਣਾ ਮੁਖੀ ਆਦਮਪੁਰ ਇੰਸਪੈਕਟਰ ਪੰਕਜ ਕੁਮਾਰ ਸ਼ਰਮਾ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਦਮਪੁਰ ਥਾਣੇ ਦੇ ਸਾਹਮਣੇ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਜਾਮ ਕਰਕੇ ਪ੍ਰਦਰਸ਼ਨ ਕੀਤਾ।

ਮ੍ਰਿਤਕ ਮਨਪ੍ਰੀਤ ਸਿੰਘ ਦੇ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ 28 ਅਤੇ 29 ਜੂਨ ਦੀ ਰਾਤ ਕਰੀਬ ਪੌਣੇ 12 ਵਜੇ ਮਨਪ੍ਰੀਤ ਸਿੰਘ (33) ਪੁੱਤਰ ਸਵ. ਪਰਮਜੀਤ ਸਿੰਘ ਐਕਟਿਵਾ 'ਤੇ ਘਰੋਂ ਨਿਕਲਿਆ ਅਤੇ ਸਵੇਰ ਤੱਕ ਘਰ ਨਹੀਂ ਪਰਤਿਆ। ਅਸੀਂ ਪੁਲਸ ਸਟੇਸ਼ਨ ਬੁੱਲ੍ਹੋਵਾਲ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉੱਥੇ ਹੀ 30 ਜੂਨ ਨੂੰ ਉਨ੍ਹਾਂ ਨੂੰ ਪੁਲਸ ਚੌਕੀ ਨਸਰਾਲਾ ਤੋਂ ਫ਼ੋਨ ਆਇਆ ਕਿ ਇਕ ਚਿੱਟੀ ਐਕਟਿਵਾ ਸਕੂਟਰੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੇਹਟੀਆਣਾ ਪੁਲਸ ਸਟੇਸ਼ਨ ਵਿਚ ਮਿਲੀ ਹੈ। ਜਦੋਂ ਉਹ ਮੇਹਟੀਆਣਾ ਪੁਲਸ ਸਟੇਸ਼ਨ ਪਹੁੰਚੇ ਤਾਂ ਉਨ੍ਹਾਂ ਨੂੰ ਉਹ ਐਕਟਿਵਾ ਮਿਲੀ, ਜਿਸ 'ਤੇ ਮਨਪ੍ਰੀਤ ਸਿੰਘ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

PunjabKesari

ਉਨ੍ਹਾਂ ਨੇ ਦੱਸਿਆ ਕਿ ਐਕਟਿਵਾ ਪਿੰਡ ਖਨੌੜਾ ਨਹਿਰ ਕੋਲ ਮਿਲੀ ਹੈ ਤਾਂ ਉਨ੍ਹਾਂ ਨੇ ਦੋਆਬਾ ਬਿਸਤ ਨਹਿਰ ਤੋਂ ਮੇਹਟੀਆਣਾ ਹੁੰਦੇ ਹੋਏ ਆਦਮਪੁਰ ਵੱਲ ਨਹਿਰ ਦੇ ਕਿਨਾਰੇ ਮਨਪ੍ਰੀਤ ਨੂੰ ਲੱਭਣਾ ਸ਼ੁਰੂ ਕੀਤਾ। ਜਦੋਂ ਉਹ ਆਦਮਪੁਰ ਪੁਲਸ ਸਟੇਸ਼ਨ ਦੇ ਪਿੰਡ ਕਾਲਰਾ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਮਨਪ੍ਰੀਤ ਸਿੰਘ ਦੀ ਲਾਸ਼ ਪਾਣੀ ਵਿਚ ਤੈਰਦੀ ਮਿਲੀ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਆਦਮਪੁਰ ਪੁਲਸ ਸਟੇਸ਼ਨ ਨੂੰ ਦਿੱਤੀ। ਪੁਲਸ 2 ਘੰਟੇ ਬਾਅਦ ਮੌਕੇ 'ਤੇ ਪਹੁੰਚੀ। ਜਦੋਂ ਤੱਕ ਉਨ੍ਹਾਂ ਨੇ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਸੀ।

PunjabKesari

ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪਿੰਡ ਖੁਰਦਪੁਰ (ਆਦਮਪੁਰ) ਦੇ ਮੋਰਚਰੀ ਘਰ (ਮੁਰਦਾਘਰ) ਵਿਚ ਰਖਵਾ ਦਿੱਤਾ। ਉਹ 1 ਜੁਲਾਈ ਨੂੰ ਆਦਮਪੁਰ ਪੁਲਸ ਸਟੇਸ਼ਨ ਪਹੁੰਚੇ ਅਤੇ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੀ ਲਾਸ਼ ਨਹਿਰ ਵਿਚ ਰਹੱਸਮਈ ਹਾਲਤ ਵਿਚ ਮਿਲਣ 'ਤੇ ਕਾਰਵਾਈ ਬਾਰੇ ਪੁੱਛਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਪੁਲਸ ਨੇ ਇਸ ਬਾਰੇ ਕੋਈ ਜਾਂਚ ਕੀਤੀ। 

PunjabKesari

ਇਹ ਵੀ ਪੜ੍ਹੋ: 100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ ਕਾਰੇ ਦੀ ਵੀਡੀਓ ਵਾਇਰਲ

ਇਸੇ ਕਾਰਨ ਲੋਕਾਂ ਨੂੰ ਆਦਮਪੁਰ ਪੁਲਸ ਸਟੇਸ਼ਨ ਦੇ ਸਾਹਮਣੇ ਸੜਕ ਜਾਮ ਕਰਨੀ ਪਈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਮਨਪ੍ਰੀਤ ਸਿੰਘ ਬਹੁਤ ਅੱਛਾ ਕ੍ਰਿਕਟ ਖਿਡਾਰੀ ਸੀ ਅਤੇ ਉਸ ਦੀ ਪਿੰਡ ਵਿਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ ਸੀ। ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉੱਥੇ ਹੀ ਸੜਕ ਜਾਮ ਹੋਣ ਤੋਂ ਬਾਅਦ ਆਦਮਪੁਰ ਪੁਲਸ ਨੇ ਕੇਸ ਦਰਜ ਕੀਤਾ।

ਡੀ. ਐੱਸ. ਪੀ. ਰਾਜੀਵ ਕੁਮਾਰ ਨੇ ਪਰਿਵਾਰ ਵਾਲਿਆਂ ਨੂੰ ਭਰੋਸੇ ਵਿਚ ਲੈ ਕੇ ਜਾਮ ਖੁੱਲ੍ਹਵਾਇਆ ਡੀ. ਐੱਸ. ਪੀ. ਸਬ ਡਿਵੀਜ਼ਨ ਆਦਮਪੁਰ ਰਾਜੀਵ ਕੁਮਾਰ ਨੇ ਇੰਸਪੈਕਟਰ ਪੰਕਜ ਕੁਮਾਰ ਨੂੰ ਨਾਲ ਲੈ ਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਅਤੇ ਵੱਡੀ ਸੰਖਿਆ ਵਿਚ ਆਏ ਪਿੰਡ ਵਾਲਿਆਂ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ ਅਤੇ ਕਰੀਬ 40 ਮਿੰਟ ਬਾਅਦ ਜਾਮ ਖੁੱਲ੍ਹਵਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਾਲ ਡਿਟੇਲਸ ਮਿਲ ਗਈਆਂ ਹਨ। ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਅਤੇ ਮ੍ਰਿਤਕ ਮਨਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਡਾਕਟਰਾਂ ਦੀ ਰਿਪੋਰਟ ਦੇ ਅਨੁਸਾਰ ਯੋਗ ਕਾਨੂੰਨੀ ਕਾਰਵਾਈ ਕਰਨਗੇ। ਉਹ ਕਾਲ ਡਿਟੇਲਸ ਵਿਚ ਸ਼ੱਕੀਆਂ ਤੋਂ ਪੁੱਛਗਿੱਛ ਕਰਨਗੇ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਯੋਗ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News