ਫੋਨ ''ਚ ਬੋਲ ਕੇ ਐਡਿਟ ਹੋਣਗੀਆਂ ਤਸਵੀਰਾਂ, ਗੂਗਲ ਨੇ ਲਾੰਚ ਕੀਤਾ ਕਮਾਲ ਦਾ ਫੋਟੋ ਐਡੀਟਿੰਗ ਫੀਚਰ
Wednesday, Jan 28, 2026 - 07:14 PM (IST)
ਗੈਜੇਟ ਡੈਸਕ- ਐਂਡਰਾਇਡ ਯੂਜ਼ਰਜ਼ ਲਈ ਖੁਸ਼ਖਬਰੀ ਹੈ! ਗੂਗਲ ਨੇ ਭਾਰਤ ਵਿੱਚ ਆਪਣੀ ਪ੍ਰਸਿੱਧ 'ਗੂਗਲ ਫੋਟੋਜ਼' ਐਪ ਲਈ ਇੱਕ ਕ੍ਰਾਂਤੀਕਾਰੀ ਅਪਡੇਟ ਜਾਰੀ ਕੀਤਾ ਹੈ। ਹੁਣ ਯੂਜ਼ਰਜ਼ ਨੂੰ ਆਪਣੀਆਂ ਤਸਵੀਰਾਂ ਐਡਿਟ ਕਰਨ ਲਈ ਮੁਸ਼ਕਲ ਟੂਲਸ ਜਾਂ ਸੈਟਿੰਗਾਂ ਨਾਲ ਜੂਝਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਸਿਰਫ਼ ਬੋਲ ਕੇ ਜਾਂ ਲਿਖ ਕੇ ਆਪਣੀ ਫੋਟੋ ਵਿੱਚ ਮਨਚਾਹੇ ਬਦਲਾਅ ਕਰ ਸਕਣਗੇ।
ਗੂਗਲ ਨੇ ਇਸ ਨਵੇਂ ਫੀਚਰ ਨੂੰ 'Help Me Edit' ਦਾ ਨਾਮ ਦਿੱਤਾ ਹੈ, ਜੋ ਕੰਪਨੀ ਦੇ ਸਭ ਤੋਂ ਸ਼ਕਤੀਸ਼ਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਡਲ 'ਜੈਮਿਨੀ' 'ਤੇ ਅਧਾਰਿਤ ਹੈ। ਅਕਸਰ ਦੋਸਤਾਂ ਨਾਲ ਖਿੱਚੀਆਂ ਤਸਵੀਰਾਂ ਹਨ੍ਹੇਰੇ ਕਾਰਨ ਡਾਰਕ ਹੋ ਜਾਂਦੀਆਂ ਹਨ ਜਾਂ ਹੱਥ ਹਿੱਲਣ ਕਾਰਨ ਧੁੰਦਲੀਆਂ ਹੋ ਜਾਂਦੀਆਂ ਹਨ। ਇਸ ਨਵੇਂ ਫੀਚਰ ਰਾਹੀਂ ਯੂਜ਼ਰ ਐਪ ਨੂੰ ਸਿਰਫ਼ ਨਿਰਦੇਸ਼ ਦੇਵੇਗਾ ਅਤੇ ਏ. ਆਈ. ਕੁਝ ਹੀ ਸੈਕਿੰਡਾਂ ਵਿੱਚ ਫੋਟੋ ਨੂੰ ਪਰਫੈਕਟ ਬਣਾ ਦੇਵੇਗਾ।
ਕੰਪਨੀ ਅਨੁਸਾਰ ਇਹ ਫੀਚਰ ਯੂਜ਼ਰ ਦੀ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਹ ਤੁਹਾਡੇ ਨਿੱਜੀ ਫੇਸ ਗਰੁੱਪਾਂ ਦੀ ਵਰਤੋਂ ਕਰਕੇ ਤਸਵੀਰ ਵਿੱਚ ਮੌਜੂਦ ਲੋਕਾਂ ਦੇ ਚਿਹਰੇ ਅਤੇ ਹਾਵ-ਭਾਵ ਕੁਦਰਤੀ ਰੱਖਦਾ ਹੈ। ਇਸ ਤੋਂ ਇਲਾਵਾ, ਪਾਰਦਰਸ਼ਤਾ ਬਣਾਈ ਰੱਖਣ ਲਈ ਏ. ਆਈ. ਦੁਆਰਾ ਐਡਿਟ ਕੀਤੀਆਂ ਤਸਵੀਰਾਂ 'ਤੇ ਇੱਕ ਸਥਾਈ ਡਿਜੀਟਲ ਲੇਬਲ (C2PA) ਲਗਾਇਆ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਤਸਵੀਰ ਵਿੱਚ ਬਦਲਾਅ ਕੀਤਾ ਗਿਆ ਹੈ।
ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਸਹੂਲਤ
ਗੂਗਲ ਦਾ ਇਹ ਨਵਾਂ ਫੀਚਰ ਭਾਰਤ ਵਿੱਚ ਉਨ੍ਹਾਂ ਐਂਡਰਾਇਡ ਯੂਜ਼ਰਜ਼ ਲਈ ਉਪਲਬਧ ਹੈ ਜਿਨ੍ਹਾਂ ਦੇ ਫੋਨ ਵਿੱਚ ਘੱਟੋ-ਘੱਟ 4GB RAM ਹੋਵੇ। Android 8.0 ਜਾਂ ਉਸ ਤੋਂ ਉੱਪਰ ਦਾ ਵਰਜਨ ਹੋਵੇ। ਇਹ ਫੀਚਰ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀ ਕੰਮ ਕਰੇਗਾ।
ਇੰਝ ਕੰਮ ਕਰੇਗਾ ਫੀਚਰ
1. ਸਭ ਤੋਂ ਪਹਿਲਾਂ ਗੂਗਲ ਫੋਟੋਜ਼ ਐਪ ਨੂੰ ਅਪਡੇਟ ਕਰੋ।
2. ਕੋਈ ਵੀ ਫੋਟੋ ਚੁਣ ਕੇ 'Edit' ਆਪਸ਼ਨ 'ਤੇ ਜਾਓ।
3. ਉੱਥੇ 'Help me edit' 'ਤੇ ਟੈਪ ਕਰੋ।
4. ਹੁਣ ਬੋਲ ਕੇ ਜਾਂ ਲਿਖ ਕੇ ਦੱਸੋ ਕਿ ਤੁਸੀਂ ਫੋਟੋ ਵਿੱਚ ਕੀ ਬਦਲਣਾ ਚਾਹੁੰਦੇ ਹੋ ਅਤੇ ਫੋਟੋ ਸੇਵ ਕਰ ਲਓ।
