Zoom ਨੂੰ ਟੱਕਰ ਦੇਣ ਲਈ ਫੇਸਬੁੱਕ ਨੇ ਪੇਸ਼ ਕੀਤਾ ''ਮੈਸੇਂਜਰ ਰੂਮ'', ਇਕੱਠੇ 50 ਲੋਕ ਕਰ ਸਕਣਗੇ ਵੀਡੀਓ ਕਾਲਿੰਗ
Sunday, Apr 26, 2020 - 12:20 AM (IST)

ਗੈਜੇਟ ਡੈਸਕ—ਫੇਸਬੁੱਕ ਨੇ ਆਪਣੀ ਵੀਡੀਓ ਕਾਨਫ੍ਰੈਂਸਿੰਗ ਐਪ ਜ਼ੂਮ ਦੀ ਲੋਕਪ੍ਰਸਿੱਧਤਾ ਅਤੇ ਪ੍ਰਾਈਵੇਸੀ ਨੂੰ ਲੈ ਕੇ ਉਠ ਰਹੇ ਸਵਾਲਾ ਵਿਚਾਲੇ ਫੇਸਬੁੱਕ ਮੈਸੇਂਜਰ ਨੂੰ ਅਪਡੇਟ ਕੀਤਾ ਹੈ। ਫੇਸਬੁੱਕ ਨੇ ਮੈਸੇਂਜਰ 'ਚ ਰੂਮ ਫੀਚਰ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਫੇਸਬੁੱਕ ਮੈਸੇਂਜਰ ਨਾਲ ਇਕੱਠੇ 50 ਲੋਕ ਵੀਡੀਓ ਕਾਲਿੰਗ ਕਰ ਸਕਦੇ ਹਨ।
ਖਾਸ ਗੱਲ ਇਹ ਹੈ ਕਿ ਮੈਸੇਂਜਰ ਰੂਮ ਵੀਡੀਓ ਕਾਲਿੰਗ 'ਚ ਕੋਈ ਵੀ ਸਿਰਫ ਇਕ ਇਨਵਾਈਟ ਲਿੰਕ ਰਾਹੀਂ ਸ਼ਾਮਲ ਹੋ ਸਕਦਾ ਹੈ ਭਲੇ ਹੀ ਉਹ ਫੇਸਬੁੱਕ ਨਾ ਇਸਤੇਮਾਲ ਕਰਦਾ ਹੋਵੇ। ਮੈਸੇਂਜਰ ਰੂਮ 'ਚ ਵੀ ਜ਼ੂਮ ਦੀ ਤਰ੍ਹਾਂ ਫੀਚਰਸ ਦਿੱਤੇ ਗਏ ਹਨ। ਫੇਸਬੁੱਕ ਮੈਸੇਂਜਰ ਰੂਮ 'ਚ ਆਗਯੂਮੈਂਟਡ ਰਿਆਲਿਟੀ ARਇਫੈਕਟਸ ਵੀ ਮਿਲਣਗੇ।
ਇਸ ਤੋਂ ਇਲਾਵਾ ਕ੍ਰਿਏਟਰ ਕੋਲ ਇਸ ਗੱਲ ਦਾ ਵਿਕਲਪ ਹੋਵੇਗਾ ਕਿ ਉਹ ਰੂਮ ਨੂੰ ਕਿਸੇ ਨੂੰ ਦਿਖਾਉਣਾ ਅਤੇ ਜੁਆਇਨ ਕਰਵਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ ਕਿਸੇ ਨੂੰ ਕਿਸੇ ਵੇਲੇ ਵੀ ਰੂਮ ਤੋਂ ਰਿਮੂਵ ਕਰ ਸਕੇਗਾ। ਹੁਣ ਰੂਮ ਬਣਾਉਣ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਫੇਸਬੁੱਕ ਮੈਸੇਂਜਰ 'ਤੇ ਗਰੁੱਪ ਬਣਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਰੂਮ ਵੀ ਬਣਾ ਸਕੋਗੇ।
ਵੀਡੀਓ ਕਾਨਫ੍ਰੈਂਸਿੰਗ ਸੁਵਿਧਾ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਘਰ 'ਚ ਫਸੇ ਕਈ ਲੋਕਾਂ ਦਾ ਮਹਤਵਪੂਰਨ ਹਿੱਸਾ ਬਣ ਗਿਆ ਹੈ। ਇਸ ਦੇ ਰਾਹੀਂ ਲੋਕ ਘਰ ਬੈਠੇ ਆਪਣੇ ਦੋਸਤ, ਆਫਿਸ ਦੇ ਸਾਥੀ ਅਤੇ ਪਰਿਵਾਰ ਦੇ ਲੋਕਾਂ ਨਾਲ ਆਸਾਨੀ ਨਾਲ ਜੁੜ ਜਾਂਦੇ ਹਨ। ਇਸ ਲਾਕਡਾਊਨ ਦੇ ਦੌਰ 'ਚ ਫਿਲਹਾਲ ਜ਼ੂਮ ਲੋਕਪ੍ਰਸਿੱਧ ਹੋ ਗਈ ਹੈ, ਕੰਪਨੀ ਦੇ ਮੁਤਾਬਕ ਮੌਜੂਦਾ ਸਮੇਂ 'ਚ 300 ਮਿਲੀਅਨ ਲੋਕ ਰੋਜ਼ਾਨਾ ਇਸ ਦਾ ਇਸਤੇਮਾਲ ਕਰਦੇ ਹਨ।