BSNL ਦੇ ਮੋਬਾਇਲ ਨੈੱਟਵਰਕ ’ਚ ਲੱਗੇ ਹਨ 53 ਫੀਸਦੀ ਚੀਨੀ ਉਪਕਰਣ

Friday, Sep 18, 2020 - 06:40 PM (IST)

BSNL ਦੇ ਮੋਬਾਇਲ ਨੈੱਟਵਰਕ ’ਚ ਲੱਗੇ ਹਨ 53 ਫੀਸਦੀ ਚੀਨੀ ਉਪਕਰਣ

ਗੈਜੇਟ ਡੈਸਕ—ਭਾਰਤ-ਚੀਨ ਸਰਹੱਦ ਵਿਵਾਦ ਤੋਂ ਬਾਅਦ ਸਰਕਾਰ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਪਿਛਲੇ ਕੁਝ ਮਹੀਨਿਆਂ ’ਚ ਕਈ ਚੀਨੀ ਐਪਸ ’ਤੇ ਪਾਬੰਦੀ ਲਗਾਈ ਹੈ। ਇਕ ਪਾਸੇ ਜਿਥੇ ਸਰਕਾਰ ਚੀਨੀ ਐਪਸ ’ਤੇ ਬੈਨ ਲੱਗਾ ਰਹੀ ਹੈ ਤਾਂ ਉੱਥੇ ਹੁਣ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਹਾਲ ਹੀ ’ਚ ਸਰਕਾਰ ਨੇ ਰਾਜਸਭਾ ’ਚ ਇਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਮੁਤਾਬਕ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਸ.ਐੱਲ. ਵੱਲੋਂ ਵਰਤੋਂ ਲਈ ਕੀਤੇ ਜਾਣ ਵਾਲੇ 50 ਫੀਸਦੀ ਤੋਂ ਜ਼ਿਆਦਾ ਮੋਬਾਇਲ ਨੈੱਟਵਰਕ ਉਪਕਰਣ ਚੀਨੀ ਕੰਪਨੀਆਂ ਦੇ ਹਨ।

ਉੱਥੇ, ਐੱਮ.ਟੀ.ਐੱਨ.ਐੱਲ. ਦੇ ਮੋਬਾਇਲ ਨੈੱਟਵਰਕ ’ਚ 10 ਫੀਸਦੀ ਉਪਕਰਣ ਜਾਂ ਕਹੀਏ ਇਕਵੀਪਮੈਂਟ ਚੀਨੀ ਕੰਪਨੀਆਂ ਦੇ ਮੌਜੂਦ ਹਨ। ਇਸ ਗੱਲ ਦੀ ਜਾਣਕਾਰੀ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਦੇ ਸੂਬਾ ਮੰਤਰੀ ਸੰਜੇ ਧੋਤਰੇ ਨੇ ਰਾਜਸਭਾ ’ਚ ਦਿੱਤੀ ਹੈ, ਉਨ੍ਹਾਂ ਨੇ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਦੇ ਮੋਬਾਇਲ ਨੈੱਟਵਰਕ ’ਚ 44.4 ਫੀਸਦੀ ਉਪਕਰਣ ਜ਼ੈੱਡ.ਟੀ.ਈ. ਅਤੇ 9.0 ਫੀਸਦੀ ਉਪਕਰਣ ਹੁਵਾਵੇਈ ਕੰਪਨੀ ਦੇ ਲੱਗੇ ਹਨ।

ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ.ਟੀ.ਐੱਨ.ਐੱਲ.) ਕੋਲ ਫਿਲਹਾਲ 2 ਜੀ ਅਤੇ 3ਜੀ ਨੈੱਟਵਰਕ ਹੀ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਲੱਦਾਖ ਦੇ ਗਲਵਾਨ ਘਾਟੀ ਖੇਤਰ ’ਚ ਚੀਨੀ ਫੌਜੀਆਂ ਨਾਲ ਸਰਹੱਦ ’ਤੇ ਝੜਪ ’ਚ 20 ਭਾਰਤੀ ਫੌਜੀ ਮਾਰੇ ਗਏ ਸਨ। ਇਸ ਤੋਂ ਬਾਅਦ ਸਰਕਾਰ ਨੇ ਭਾਰਤ ’ਚ ਚੀਨੀ ਕੰਪਨੀਆਂ ਦੇ ਟੈਂਡਰ ਭਰਨ ਅਤੇ ਹੋਰ ਪ੍ਰੋਡਕਟਸ ਨੂੰ ਵੀ ਰੱਦ ਕਰ ਦਿੱਤਾ ਸੀ।


author

Karan Kumar

Content Editor

Related News