ਹੁਣ ਟਾਵਰ ਨਹੀਂ, ਆਸਮਾਨ ਦੇਵੇਗਾ ਨੈੱਟਵਰਕ, ਆਈਫੋਨ ’ਚ ਸਟਾਰਲਿੰਕ ਕੁਨੈਕਟੀਵਿਟੀ ਦੀ ਤਿਆਰੀ

Friday, Jan 30, 2026 - 10:14 PM (IST)

ਹੁਣ ਟਾਵਰ ਨਹੀਂ, ਆਸਮਾਨ ਦੇਵੇਗਾ ਨੈੱਟਵਰਕ, ਆਈਫੋਨ ’ਚ ਸਟਾਰਲਿੰਕ ਕੁਨੈਕਟੀਵਿਟੀ ਦੀ ਤਿਆਰੀ

ਗੈਜੇਟ ਡੈਸਕ- ਐਪਲ ਇੰਕ ਅਤੇ ਐਲਨ ਮਸਕ ਦੀ ਕੰਪਨੀ ਸਪੇਸਐਕਸ ਵਿਚਾਲੇ ਇਕ ਵੱਡੀ ਟੈਕਨਾਲੋਜੀ ਡੀਲ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਰਿਪੋਰਟਸ ਦੇ ਮੁਤਾਬਕ ਐਪਲ ਆਪਣੇ ਆਉਣ ਵਾਲੇ ਆਈਫੋਨ-18 ਪ੍ਰੋ ਅਤੇ ਆਈਫੋਨ-18 ਪ੍ਰੋ ਮੈਕਸ ਵਿਚ ਸਟਾਰਲਿੰਕ ਦੀ ਡਾਇਰੈਕਟ-ਟੂ-ਸੈੱਲ ਸੈਟੇਲਾਈਟ ਕੁਨੈਕਟੀਵਿਟੀ ਜੋੜਨ ਦੀ ਤਿਆਰੀ ਕਰ ਰਿਹਾ ਹੈ। ਜੇ ਇਹ ਸਮਝੌਤਾ ਸਫਲ ਹੁੰਦਾ ਹੈ, ਤਾਂ ਯੂਜ਼ਰਸ ਬਿਨਾਂ ਕਿਸੇ ਵਾਧੂ ਡਿਵਾਈਸ ਦੇ ਸਿੱਧੇ ਆਪਣੇ ਫੋਨ ਰਾਹੀਂ ਸੈਟੇਲਾਈਟ ਨਾਲ ਜੁੜ ਸਕਣਗੇ। ਤਾਜ਼ਾ ਰਿਪੋਰਟਾਂ ਅਨੁਸਾਰ ਐਪਲ, ਸਪੇਸਐਕਸ ਦੇ ਲੋ-ਅਰਥ ਆਰਬਿਟ (ਐੱਲ.ਈ.ਓ.) ਸੈਟੇਲਾਈਟ ਨੈੱਟਵਰਕ ਨੂੰ ਆਈਫੋਨ ਵਿਚ ਇਸ ਤਰ੍ਹਾਂ ਇੰਟੀਗ੍ਰੇਟ ਕਰਨ ’ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਫੋਨ ਬਿਲਕੁਲ ਉਸੇ ਤਰ੍ਹਾਂ ਸੈਟੇਲਾਈਟ ਨਾਲ ਜੁੜੇਗਾ ਜਿਵੇਂ ਉਹ ਮੋਬਾਈਲ ਟਾਵਰ ਨਾਲ ਜੁੜਦਾ ਹੈ। ਖਾਸ ਗੱਲ ਇਹ ਹੈ ਕਿ ਇਸ ਤਕਨੀਕ ਲਈ ਕਿਸੇ ਬਾਹਰੀ ਗੈਜੇਟ ਜਾਂ ਅਕਸੈੱਸਰੀ ਦੀ ਲੋੜ ਨਹੀਂ ਹੋਵੇਗੀ।

ਗਲੋਬਲਸਟਾਰ ਤੋਂ ਅੱਗੇ ਵਧੇਗਾ ਐਪਲ

ਐਪਲ ਨੇ 2022 ਤੋਂ ਆਈਫੋਨ ਵਿਚ ਐਮਰਜੈਂਸੀ ਸੈਟੇਲਾਈਟ ਮੈਸੇਜਿੰਗ ਦੀ ਸਹੂਲਤ ਦਿੱਤੀ ਹੈ, ਜੋ ਗਲੋਬਲਸਟਾਰ ਨੈੱਟਵਰਕ ’ਤੇ ਅਾਧਾਰਿਤ ਹੈ। ਹਾਲਾਂਕਿ ਇਹ ਸੇਵਾ ਸਿਰਫ ਐਮਰਜੈਂਸੀ ਮੈਸੇਜ ਤੱਕ ਸੀਮਤ ਹੈ ਅਤੇ ਫੁੱਲ ਇੰਟਰਨੈੱਟ ਸੁਪੋਰਟ ਨਹੀਂ ਦਿੰਦੀ। ਹੁਣ ਸਪੇਸਐਕਸ ਨਾਲ ਗੱਲਬਾਤ ਇਸ ਗੱਲ ਦਾ ਸੰਕੇਤ ਹੈ ਕਿ ਐਪਲ ਸੈਟੇਲਾਈਟ ਕੁਨੈਕਟੀਵਿਟੀ ਨੂੰ ਇਕ ਨਵੇਂ ਪੱਧਰ ’ਤੇ ਲੈ ਕੇ ਜਾਣ ਦੀ ਤਿਆਰੀ ਵਿੱਚ ਹੈ।

ਸਪੇਸਐਕਸ ਨੇ 2024 ਦੇ ਅੰਤ ਵਿਚ ਆਪਣੇ ਪਹਿਲੇ ਡਾਇਰੈਕਟ-ਟੂ-ਸੈੱਲ ਸਟਾਰਲਿੰਕ ਸੈਟੇਲਾਈਟ ਨੈੱਟਵਰਕ ਦੇ ਆਪ੍ਰੇਸ਼ਨਲ ਹੋਣ ਦਾ ਐਲਾਨ ਕੀਤਾ ਸੀ। ਇਹ ਤਕਨੀਕ ਬਿਨਾਂ ਕਿਸੇ ਬਦਲਾਅ ਦੇ ਮੋਬਾਈਲ ਫੋਨ ਨੂੰ ਸਿੱਧਾ ਸੈਟੇਲਾਈਟ ਨਾਲ ਜੋੜਨ ਦੇ ਸਮਰੱਥ ਹੈ, ਜਿਸ ਨਾਲ ਦੁਨੀਆ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਨੈੱਟਵਰਕ ਪਹੁੰਚਾਇਆ ਜਾ ਸਕੇਗਾ। ਐਲਨ ਮਸਕ ਮੁਤਾਬਕ ਹੁਣ ਬਿਨਾਂ ਕਿਸੇ ਬਦਲਾਅ ਦੇ ਮੋਬਾਈਲ ਫੋਨ ਵੀ ਰਿਮੋਟ ਇਲਾਕਿਆਂ ’ਚ ਇੰਟਰਨੈੱਟ ਨਾਲ ਜੁੜ ਸਕਣਗੇ।

ਮੋਬਾਈਲ ਕੁਨੈਕਟੀਵਿਟੀ ਵਿਚ ਵੱਡਾ ਬਦਲਾਅ

ਟੈੱਕ ਇੰਡਸਟਰੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਸੈਟੇਲਾਈਟ ਲਿੰਕ ਸਿੱਧਾ ਸਮਾਰਟਫੋਨ ’ਚ ਇੰਟੀਗ੍ਰੇਟ ਹੋ ਜਾਂਦਾ ਹੈ, ਤਾਂ ਮੋਬਾਈਲ ਕੁਨੈਕਟੀਵਿਟੀ ਦੀ ਪਰਿਭਾਸ਼ਾ ਹੀ ਬਦਲ ਜਾਵੇਗੀ। ਇਸ ਨਾਲ ਯਾਤਰੀਆਂ, ਐਡਵੈਂਚਰ ਪ੍ਰੇਮੀਆਂ ਅਤੇ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ, ਜਿੱਥੇ ਨੈੱਟਵਰਕ ਅੱਜ ਵੀ ਇਕ ਵੱਡੀ ਚੁਣੌਤੀ ਹੈ।

ਜੇ ਐਪਲ ਅਤੇ ਸਪੇਸਐਕਸ ਦੀ ਇਹ ਡੀਲ ਫਾਈਨਲ ਹੁੰਦੀ ਹੈ, ਤਾਂ ਆਈਫੋਨ-18 ਸੀਰੀਜ਼ ਮੋਬਾਈਲ ਟੈਕਨਾਲੋਜੀ ਵਿਚ ਇਕ ਨਵਾਂ ਅਧਿਆਇ ਲਿਖ ਸਕਦੀ ਹੈ, ਜਿੱਥੇ ਨੈੱਟਵਰਕ ਸਿਰਫ ਜ਼ਮੀਨ ’ਤੇ ਨਹੀਂ, ਸਗੋਂ ਸਿੱਧਾ ਅਾਸਮਾਨ ਤੋਂ ਮਿਲੇਗਾ।


author

Rakesh

Content Editor

Related News