ਸੋਸ਼ਲ ਮੀਡੀਆ ’ਤੇ ‘ਏ. ਆਈ. ਵੀਡੀਓ’ ਦਾ ਆਇਆ ਹੜ੍ਹ, ਸੱਚ-ਝੂਠ ਦੀ ਪਛਾਣ ਕਰਨੀ ਹੋਈ ਮੁਸ਼ਕਲ
Saturday, Dec 27, 2025 - 10:56 PM (IST)
ਨਵੀਂ ਦਿੱਲੀ– ਸੋਸ਼ਲ ਮੀਡੀਆ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਬਣੀਆਂ ਫਰਜ਼ੀ ਵੀਡੀਓ ਇਸ ਢੰਗ ਨਾਲ ਛਾ ਚੁੱਕੀਆਂ ਹਨ ਕਿ ਹੁਣ ਆਮ ਆਦਮੀ ਲਈ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਉਹ ਜੋ ਵੇਖ ਰਿਹਾ ਹੈ, ਉਹ ਹਕੀਕਤ ਹੈ ਜਾਂ ਕੰਪਿਊਟਰ ਦੀ ਚਲਾਕੀ। ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਚਿਤਾਵਨੀ ਲੇਬਲ ਲੱਗਾ ਹੋਣ ਦੇ ਬਾਵਜੂਦ ਲੋਕ ਇਨ੍ਹਾਂ ਵੀਡੀਓ ਨੂੰ ਸੱਚ ਮੰਨ ਲੈਂਦੇ ਹਨ ਅਤੇ ਬਿਨਾਂ ਸੋਚੇ-ਸਮਝੇ ਪ੍ਰਤੀਕਿਰਿਆਵਾਂ ਦੇਣ ਲੱਗਦੇ ਹਨ।
ਫਰਜ਼ੀ ਵੀਡੀਓ ’ਤੇ ਧੋਖਾ ਖਾ ਗਏ ਆਮ ਲੋਕ
ਅਕਤੂਬਰ ’ਚ ਟਿਕਟਾਕ ’ਤੇ ਵਾਇਰਲ ਹੋਈ ਇਕ ਵੀਡੀਓ ਵਿਚ ਇਕ ਔਰਤ ਨੂੰ ਟੀ. ਵੀ. ਰਿਪੋਰਟਰ ਨੂੰ ਇੰਟਰਵਿਊ ਦਿੰਦੇ ਹੋਏ ਵਿਖਾਇਆ ਗਿਆ। ਵੀਡੀਓ ਵਿਚ ਦਾਅਵਾ ਕੀਤਾ ਗਿਆ ਕਿ ਉਹ ਔਰਤ ਫੂਡ ਸਟੈਂਪ ਵੇਚ ਰਹੀ ਹੈ। ਬਾਅਦ ’ਚ ਖੁਲਾਸਾ ਹੋਇਆ ਕਿ ਨਾ ਤਾਂ ਉਹ ਔਰਤ ਅਸਲੀ ਸੀ ਅਤੇ ਨਾ ਹੀ ਅਜਿਹੀ ਕੋਈ ਇੰਟਰਵਿਊ ਹੋਈ ਸੀ।
ਪੂਰੀ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਸੀ। ਇਸ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਔਰਤ ਨੂੰ ਅਪਰਾਧੀ ਕਰਾਰ ਦੇ ਦਿੱਤਾ। ਕੁਝ ਨੇ ਨਸਲੀ ਟਿੱਪਣੀਆਂ ਕੀਤੀਆਂ ਤਾਂ ਕੁਝ ਨੇ ਸਰਕਾਰੀ ਸਹਾਇਤਾ ਯੋਜਨਾਵਾਂ ’ਤੇ ਹਮਲਾ ਬੋਲ ਦਿੱਤਾ।
ਏ. ਆਈ. ਟੂਲਜ਼ ਬਣੇ ਭੁਲੇਖਾ ਫੈਲਾਉਣ ਦਾ ਹਥਿਆਰ
ਮਾਹਿਰਾਂ ਦਾ ਕਹਿਣਾ ਹੈ ਕਿ ਓਪਨ ਏ. ਆਈ. ਦੇ ‘ਸੋਰਾ’ ਵਰਗੇ ਨਵੇਂ ਏ. ਆਈ. ਟੂਲਜ਼ ਨੇ ਫਰਜ਼ੀ ਹਕੀਕਤ ਘੜਨਾ ਬੇਹੱਦ ਸੌਖਾ ਕਰ ਦਿੱਤਾ ਹੈ। ਸਿਰਫ ਕੁਝ ਕਮਾਂਡਾਂ ਦੇ ਕੇ ਅਜਿਹੀਆਂ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਵੇਖਣ ’ਚ ਪੂਰੀ ਤਰ੍ਹਾਂ ਅਸਲੀ ਲੱਗਦੀਆਂ ਹਨ। ਬੀਤੇ 2 ਮਹੀਨਿਆਂ ਵਿਚ ਟਿਕਟਾਕ, ਐਕਸ, ਯੂ-ਟਿਊਬ, ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਅਜਿਹੀਆਂ ਭੁਲੇਖਾਪਾਊ ਵੀਡੀਓਜ਼ ਦਾ ਹੜ੍ਹ ਆ ਗਿਆ ਹੈ, ਜਿਸ ਨਾਲ ਗਲਤ ਸੂਚਨਾ ਤੇ ਗਲਤ ਪ੍ਰਚਾਰ ਦਾ ਖਤਰਾ ਕਈ ਗੁਣਾ ਵਧ ਗਿਆ ਹੈ।
ਸੋਸ਼ਲ ਮੀਡੀਆ ਦੀਆਂ ਨੀਤੀਆਂ ਨਾਕਾਮ
ਹਾਲਾਂਕਿ ਜ਼ਿਆਦਾਤਰ ਸੋਸ਼ਲ ਮੀਡੀਆ ਕੰਪਨੀਆਂ ਕੋਲ ਏ. ਆਈ. ਕੰਟੈਂਟ ਸਬੰਧੀ ਨਿਯਮ ਹਨ ਪਰ ਹਕੀਕਤ ਇਹ ਹੈ ਕਿ ਇਹ ਨਿਯਮ ਜ਼ਮੀਨੀ ਪੱਧਰ ’ਤੇ ਬੇਅਸਰ ਸਾਬਤ ਹੋ ਰਹੇ ਹਨ। ਕਈ ਵਾਰ ਵੀਡੀਓ ਵਿਚ ਏ. ਆਈ. ਦਾ ਜ਼ਿਕਰ ਨਹੀਂ ਕੀਤਾ ਜਾਂਦਾ ਅਤੇ ਪਲੇਟਫਾਰਮ ਵੀ ਤੁਰੰਤ ਇਹ ਚਿਤਾਵਨੀ ਨਹੀਂ ਦਿੰਦੇ ਕਿ ਵੀਡੀਓ ਨਕਲੀ ਹੈ। ਮਨੁੱਖੀ ਅਧਿਕਾਰ ਸੰਗਠਨ ‘ਵਿਟਨੈੱਸ’ ਦੇ ਕਾਰਜਕਾਰੀ ਨਿਰਦੇਸ਼ਕ ਸੈਮ ਗ੍ਰੇਗਰੀ ਦਾ ਕਹਿਣਾ ਹੈ ਕਿ ਕੰਪਨੀਆਂ ਚਾਹੁਣ ਤਾਂ ਫਰਜ਼ੀ ਕੰਟੈਂਟ ’ਤੇ ਸਖਤੀ ਕਰ ਸਕਦੀਆਂ ਹਨ ਪਰ ਉਹ ਅਜਿਹਾ ਨਹੀਂ ਕਰ ਰਹੀਆਂ।
ਕੰਪਨੀਆਂ ਦਾ ਦਾਅਵਾ, ਫਿਰ ਵੀ ਚਿੰਤਾ ਬਰਕਰਾਰ
ਏ. ਆਈ. ਟੂਲ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਵੀਡੀਓ ’ਤੇ ਵਾਟਰਮਾਰਕ ਜਾਂ ਮੇਟਾਡਾਟਾ ਜੋੜ ਰਹੀਆਂ ਹਨ ਤਾਂ ਜੋ ਉਸ ਦੀ ਪਛਾਣ ਕੀਤੀ ਜਾ ਸਕੇ। ਓਪਨ ਏ. ਆਈ. ਦਾ ਦਾਅਵਾ ਹੈ ਕਿ ਉਹ ਭੁਲੇਖਾਪਾਊ ਵਰਤੋਂ ’ਤੇ ਕਾਰਵਾਈ ਕਰਦਾ ਹੈ। ਟਿਕਟਾਕ ਤੇ ਯੂ-ਟਿਊਬ ਵਰਗੀਆਂ ਕੰਪਨੀਆਂ ਨਿਯਮ ਸਖਤ ਕਰਨ ਦੀ ਗੱਲ ਕਹਿ ਰਹੀਆਂ ਹਨ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤਕ ਵਿਊਜ਼ ਤੇ ਕਲਿੱਕ ਨਾਲ ਕਮਾਈ ਹੁੰਦੀ ਰਹੇਗੀ, ਉਸ ਵੇਲੇ ਤਕ ਫਰਜ਼ੀ ਵੀਡੀਓ ’ਤੇ ਪੂਰੀ ਤਰ੍ਹਾਂ ਲਗਾਮ ਕੱਸਣਾ ਮੁਸ਼ਕਲ ਹੈ।
ਸੱਚ ਕਿਵੇਂ ਪਛਾਣੇ ਆਮ ਆਦਮੀ?
ਏ. ਆਈ. ਦੇ ਇਸ ਦੌਰ ਵਿਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਮ ਦਰਸ਼ਕ ਸੱਚ ਤੇ ਝੂਠ ’ਚ ਫਰਕ ਕਿਵੇਂ ਕਰੇ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸਮਾਂ ਰਹਿੰਦੇ ਸਖਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ’ਚ ਫਰਜ਼ੀ ਵੀਡੀਓ ਲੋਕਤੰਤਰ, ਸਮਾਜ ਅਤੇ ਭਰੋਸੇ ਦੀ ਨੀਂਹ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ।
