ਭਾਰਤ ''ਚ 4G/5G ਤਕਨੀਕ ਤਿਆਰ, ਤਿੰਨ ਸਾਲਾਂ ''ਚ ਦੇਸ਼ ਬਣ ਜਾਵੇਗਾ ਟੈਲੀਕਾਮ ਤਕਨਾਲੋਜੀ ਦਾ ਨਿਰਯਾਤਕ : ਵੈਸ਼ਨਵ
Saturday, Feb 18, 2023 - 07:01 PM (IST)
ਨਵੀਂ ਦਿੱਲੀ (ਭਾਸ਼ਾ) : ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ਆਪਣੀ ਸਵਦੇਸ਼ੀ 4ਜੀ/5ਜੀ ਤਕਨੀਕ ਨਾਲ ਆਪਣੀ ਤਾਕਤ ਸਾਬਤ ਕਰ ਦਿੱਤੀ ਹੈ ਅਤੇ ਹੁਣ ਭਾਰਤ ਆਉਣ ਵਾਲੇ ਤਿੰਨ ਸਾਲਾਂ 'ਚ ਦੁਨੀਆ ਨੂੰ ਦੂਰਸੰਚਾਰ ਤਕਨਾਲੋਜੀ ਦੇ ਪ੍ਰਮੁੱਖ ਨਿਰਯਾਤਕ ਵਜੋਂ ਉਭਰਨ ਲਈ ਤਿਆਰ ਹੈ। ਵੈਸ਼ਨਵ ਨੇ ਕਿਹਾ ਕਿ ਰੇਲਵੇ ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਹ ਟੈਲੀਕਾਮ ਦੇ ਨਾਲ-ਨਾਲ ਰੇਲ ਮੰਤਰੀ ਵੀ ਹਨ।
'ਇਕਨਾਮਿਕ ਟਾਈਮਜ਼ ਗਲੋਬਲ ਬਿਜ਼ਨਸ ਸਮਿਟ 2023' ਨੂੰ ਸੰਬੋਧਨ ਕਰਦਿਆਂ ਵੈਸ਼ਨਵ ਨੇ ਕਿਹਾ ਕਿ 5ਜੀ ਸੇਵਾਵਾਂ 1 ਅਕਤੂਬਰ, 2022 ਨੂੰ ਸ਼ੁਰੂ ਕੀਤੀਆਂ ਗਈਆਂ ਸਨ ਅਤੇ 100 ਦਿਨਾਂ ਦੇ ਅੰਦਰ ਇਹ 200 ਤੋਂ ਵੱਧ ਸ਼ਹਿਰਾਂ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਗਤੀ ਲਈ ਇਸ ਨੂੰ ਦੁਨੀਆ ਭਰ ਦੇ ਹਿੱਸੇਦਾਰਾਂ ਤੋਂ ਪ੍ਰਸ਼ੰਸਾ ਮਿਲ ਚੁੱਕੀ ਹੈ ਅਤੇ ਕਈ ਅੰਤਰਰਾਸ਼ਟਰੀ ਫੋਰਮਾਂ 'ਤੇ 'ਸੰਸਾਰ ਦਾ ਸਭ ਤੋਂ ਤੇਜ਼ 5G ਪ੍ਰਸਾਰ' ਦੱਸਿਆ ਗਿਆ ਹੈ।
ਵੈਸ਼ਨਵ ਨੇ ਭਾਰਤ ਵਿੱਚ ਭੁਗਤਾਨ, ਮੈਡੀਕਲ ਅਤੇ ਪਛਾਣ ਵਰਗੇ ਵੱਖ-ਵੱਖ ਪਲੇਟਫਾਰਮਾਂ ਵਿੱਚ ਟੈਸਟ ਕੀਤੇ ਜਾ ਰਹੇ ਆਬਾਦੀ-ਸਕੇਲ ਹੱਲਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹਨਾਂ ਪਲੇਟਫਾਰਮਾਂ ਵਿੱਚੋਂ ਹਰ ਇੱਕ ਆਪਣੇ ਆਪ ਵਿੱਚ ਮਜ਼ਬੂਤ ਹੈ ਪਰ ਇਕੱਠੇ "ਇਹ ਇੱਕ ਤਾਕਤ ਬਣ ਜਾਂਦਾ ਹੈ ਜੋ ਦੁਨੀਆ ਦੀ ਕਿਸੇ ਵੀ ਵੱਡੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ"। ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਤਿੰਨ ਸਾਲਾਂ ਵਿੱਚ ਦੁਨੀਆ ਦੇ ਦੂਰਸੰਚਾਰ ਤਕਨਾਲੋਜੀ ਨਿਰਯਾਤ ਦੇ ਰੂਪ ਵਿੱਚ ਉਭਰਨ ਜਾ ਰਿਹਾ ਹੈ।
ਵੈਸ਼ਨਵ ਨੇ ਕਿਹਾ ਕਿ ਅੱਜ ਦੋ ਭਾਰਤੀ ਕੰਪਨੀਆਂ ਦੁਨੀਆ ਨੂੰ ਨਿਰਯਾਤ ਕਰ ਰਹੀਆਂ ਹਨ ਤੇ ਅਗਲੇ ਤਿੰਨ ਸਾਲਾਂ ਵਿੱਚ ਅਸੀਂ ਭਾਰਤ ਨੂੰ ਦੁਨੀਆ 'ਚ ਦੂਰਸੰਚਾਰ ਤਕਨਾਲੋਜੀ ਦਾ ਪ੍ਰਮੁੱਖ ਨਿਰਯਾਤਕ ਬਣਦੇ ਦੇਖਾਂਗੇ।
ਉਨ੍ਹਾਂ ਭਾਰਤ ਸਰਕਾਰ ਵੱਲੋਂ ਸਵਦੇਸ਼ੀ 4ਜੀ ਅਤੇ 5ਜੀ ਤਕਨਾਲੋਜੀ ਨੂੰ ਵਿਕਸਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇਹ ਤਿਆਰ ਹੈ। ਪਹਿਲਾਂ ਇਸ ਨੂੰ ਇੱਕ ਵਾਰ ਵਿੱਚ 10 ਲੱਖ ਕਾਲਾਂ ਨਾਲ ਟੈਸਟ ਕੀਤਾ ਗਿਆ ਸੀ, ਫਿਰ ਇਸਨੂੰ 50 ਲੱਖ ਕਾਲਾਂ ਨਾਲ ਟੈਸਟ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਵਿੱਚ ਇੱਕ ਕਰੋੜ ਕਾਲਾਂ ਨਾਲ ਇਸ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ 9-10 ਦੇਸ਼ ਭਾਰਤ ਦੀ ਇਸ ਸਵਦੇਸ਼ੀ ਤਕਨੀਕ ਦੀ ਵਰਤੋਂ ਕਰਨਾ ਚਾਹੁੰਦੇ ਹਨ।