ਸਰਕਾਰੀ ਹਸਪਤਾਲ ਦੇ ਸਟਾਫ ਨੇ ‘ਆਪ’ ਨੇਤਾ ਵਿਰੁੱਧ ਕੀਤਾ ਰੋਸ ਵਿਖਾਵਾ

08/13/2022 4:04:49 PM

ਅਬੋਹਰ (ਸੁਨੀਲ) : ਸਰਕਾਰੀ ਹਸਪਤਾਲ ’ਚ ‘ਆਪ’ ਨੇਤਾ ਵਲੋਂ ਸਟਾਫ ਨਾਲ ਕਥਿਤ ਤੌਰ ’ਤੇ ਦੁਰ-ਵਿਵਹਾਰ ਕਰਨ ਦੇ ਮਾਮਲੇ ਵਿਚ ਅੱਜ ਸਿਹਤ ਕਰਮਚਾਰੀਆਂ ਵਲੋਂ 3 ਘੰਟੇ ਹੜਤਾਲ ਕਰ ਕੇ ਸੰਕੇਤਿਕ ਧਰਨਾ ਦਿੱਤਾ। ਇਸ ਦੌਰਾਨ ਓ.ਪੀ.ਡੀ. ਵੀ ਬੰਦ ਰਖੀ ਗਈ ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਵਲੋਂ ‘ਆਪ’ ਨੇਤਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪ੍ਰਸ਼ਾਸਨ ਤੋਂ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ।

ਧਰਨੇ ਵਿਚ ਸੰਬੋਧਨ ਕਰਦੇ ਹੋਏ ਪੈਰਾ ਮੈਡੀਕਲ ਯੂਨੀਅਨ ਪ੍ਰਧਾਨ ਨਰੈਣਾ ਰਾਮ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਇਥੋਂ ਦੇ ਲੀਡਰ ਆ ਕੇ ਦਖ਼ਲਅੰਦਾਜੀ ਕਰਦੇ ਹਨ। ਉਸਦੇ ਵਿਰੋਧ ਵਿਚ ਸੰਕੇਤਿਕ ਧਰਨਾ ਲਗਾ ਰਹੇ ਹਨ। ਦੋ ਦਿਨ ਪਹਿਲਾਂ ‘ਆਪ’ ਦੇ ਨੇਤਾਵਾਂ ਵਲੋਂ ਸਰਕਾਰੀ ਹਸਪਤਾਲਾਂ ਵਿਚ ਗਲਤ ਵੀਡੀਓ ਬਣਾ ਕੇ ਸਟਾਫ ਨੂੰ ਬਦਨਾਮ ਕੀਤਾ। ਇਸ ਦੇ ਵਿਰੋਧ ਵਿਚ ਉਨ੍ਹਾਂ ਇਹ ਧਰਨਾ ਲਗਾਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਐਮਰਜੈਂਸੀ ਵਿਚ ਤਾਇਨਾਤ ਡਾ. ਸੰਦੀਪ ਤੇ ਡਾ. ਰੋਮਿਲ ਨੇ ਕਿਹਾ ਕਿ ਸਿਆਸੀ ਦਖ਼ਲਅੰਦਾਜੀ ਦੇ ਚਲਦੇ ਕਈ ਡਾਕਟਰ ਅਸਤੀਫ਼ਾ ਦੇ ਰਹੇ ਹਨ। ਮੌਜੂਦਾ ਹਾਲਤਾਂ ਵਿਚ ਵੀ ਹਸਪਤਾਲ ਦੇ ਦੋ ਮਾਹਿਰ ਡਾ. ਅਸਤੀਫਾ ਦੇ ਗਏ ਹਨ। ਜਿਹੜੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ, ਉਹ ਬਿਨਾਂ ਤੱਥਾਂ ਦੇ ਆਧਾਰ ’ਤੇ ਪਾਈ ਗਈ ਹੈ। ਡਾ. ਰੋਮਿਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਨਾਂ ‘ਆਪ’ ਨੇਤਾਵਾਂ ਵਲੋਂ ਡਾ. ਭਾਵਨਾ ਦੀ ਵੀ ਇਕ ਵੀਡੀਓ ਵਾਇਰਲ ਕੀਤੀ ਸੀ ਜਿਸ ਨਾਲ ਉਨ੍ਹਾਂ ਕਾਫ਼ੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਡਾਕਟਰ ਜਾਂ ਸਟਾਫ ਤੋਂ ਕੋਈ ਪ੍ਰੇਸ਼ਾਨੀ ਹੈ ਜਾਂ ਕੋਈ ਸ਼ਿਕਾਇਤ ਹੈ ਤਾਂ ਉਹ ਸੀਨੀਅਰ ਡਾਕਟਰਾਂ ਨੂੰ ਮਿਲ ਸਕਦੇ ਹਨ ਪਰ ਇਸ ਤਰ੍ਹਾਂ ਸਿਵਲ ਹਸਪਤਾਲ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਤੱਕ ਇਨ੍ਹਾਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਉਹ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੱਢਿਆ ਰੋਸ ਮਾਰਚ

ਕੀ ਕਹਿੰਦੇ ਹਨ ਹਸਪਤਾਲ ਮੁਖੀ
ਸਿਵਲ ਹਸਪਤਾਲ ਮੁਖੀ ਡਾ. ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਸਟਾਫ ਨੇ ਉਨ੍ਹਾਂ ਨੂੰ ਇਕ ਸ਼ਿਕਾਇਤ ਦਿੱਤੀ ਸੀ , ਜਿਹੜੀ ਉਨ੍ਹਾਂ ਉੱਚ-ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਦੁਪਹਿਰ ਤੱਕ ਓ.ਪੀ.ਡੀ. ਬੰਦ ਕਰਨ ਦੀ ਗੱਲ ਕਹੀ ਸੀ ਪਰ ਉਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਦੋ ਘੰਟੇ ਦੀ ਹੜਤਾਲ ਰੱਖੀ ਤਾਂ ਕਿ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਥਿਤ ਤੌਰ ’ਤੇ ਕਿਹਾ ਕਿ 'ਆਪ' ਨੇਤਾਵਾਂ ਤੋਂ ਪੀੜਤ ਇਕ ਕਰਮਚਾਰੀ ਵਲੋਂ ਤਾਂ ਖੁਦਕੁਸ਼ੀ ਤੱਕ ਦੀ ਚਿਤਾਵਨੀ ਦਿੱਤੀ ਹੈ ਜਿਸਦੀ ਸੂਚਨਾ ਉਨ੍ਹਾਂ ਉੱਚ- ਅਧਿਕਾਰੀਆਂ ਤੇ ਪੁਲਸ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਉਪਰ ਲਗਾਏ ਜਾ ਰਹੇ ਦੋਸ਼ ਬੇਬੁਨਿਆਦ : ‘ਆਪ’ ਨੇਤਾ ਪੰਕਜ ਨਰੂਲਾ
‘ਆਪ’ ਨੇਤਾ ਪੰਕਜ ਨਰੂਲਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਤੋਂ ਫੋਨ ਆਇਆ ਸੀ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ। ਰਾਤ 11 ਵਜੇ ਫੋਨ ਆਇਆ ਕਿ ਹਸਪਤਾਲ ਵਿਚ ਉਨ੍ਹਾਂ ਦਾਖ਼ਲ ਨਹੀਂ ਕੀਤਾ ਜਾ ਰਿਹਾ। ਪੱਟੀ ਬਿੱਲਾ ਦੇ ਤਿੰਨ ਮਰੀਜ਼ ਸਨ, ਜਿਨ੍ਹਾਂ ਨੂੰ ਗੰਭੀਰ ਚੋਟਾਂ ਆਈਆਂ ਸੀ। ਜਦ ਮਰੀਜ਼ਾਂ ਵਲੋਂ ਸਟਾਫ ਨੂੰ ਕਿਹਾ ਗਿਆ ਕਿ ਪੰਕਜ ਨਰੂਲਾ ਨਾਲ ਗੱਲ ਕਰਨ ਤਾਂ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਗਿਆ ਪਰ ਅਗਲੇ ਦਿਨ ਫਿਰ ਉਨ੍ਹਾਂ ਨੂੰ ਕਾਲ ਆਈ ਕਿ ਉਨ੍ਹਾਂ ਦਾ ਸਹੀ ਤੋਂ ਇਲਾਜ ਨਹੀਂ ਹੋ ਰਿਹਾ।

ਇਸ ਸਬੰਧੀ ਉਨ੍ਹਾਂ ਹਸਪਤਾਲ ਮੁਖੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਮੈਟਰ ਨੂੰ ਦੇਖ ਕੇ ਲਾਪ੍ਰਵਾਹੀ ਕਰਨ ਵਾਲੇ ਕਰਮਚਾਰੀ ਤੇ ਕਾਰਵਾਈ ਦੀ ਮੰਗ ਕੀਤੀ। ਦੁਪਹਿਰ ਤਿੰਨ ਵਜੇ ਉਹ ਹਸਪਤਾਲ ਪਹੁੰਚੇ। ਸਿਆਸੀ ਦਬਾਅ ਦੇ ਚਲਦੇ ਦੋ ਦਿਨ ਲੰਘ ਜਾਣ ਬਾਅਦ ਵੀ ਇਸ ਮਾਮਲੇ ਵਿਚ ਫੱਟੜ ਧਿਰ ਦੇ ਬਿਆਨ ਦਰਜ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜਦ ਉਹ ਹਸਪਤਾਲ ਪਹੁੰਚੇ ਸੀ ਤਾਂ ਨਾ ਕੋਈ ਸਟਾਫ ਅਤੇ ਨਾ ਮੁਖੀ ਮਿਲੇ ਸੀ, ਤਾਂ ਸਰਕਾਰੀ ਕੰਮ ਵਿਚ ਵਿਘਨ ਪੈ ਸਕਦਾ ਹੈ।

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News