ਚੋਰਾਂ ਨੇ ਸਕੂਲ ਨੂੰ ਵੀ ਬਖਸ਼ਿਆ, ਐੱਲ.ਈ.ਡੀ. ਸਮੇਤ ਹੋਰ ਸਮਾਨ ਚੋਰੀ
Thursday, Jul 11, 2024 - 06:11 PM (IST)
ਗਿੱਦੜਬਾਹਾ (ਚਾਵਲਾ) : ਹਲਕਾ ਗਿੱਦੜਬਾਹਾ ਦੇ ਪਿੰਡ ਮਧੀਰ ਦੇ ਰੁਖ਼ਾਲਾ ਵਾਲਾ ਮੌੜ 'ਤੇ ਸਥਿਤ ਨਿਊ ਏਜ਼ ਪਬਲਿਕ ਸਕੂਲ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਐੱਲ.ਈ.ਡੀ. ਸਮੇਤ ਹੋਰ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮਾਲਕ ਡਾ. ਸੁਨੀਲ ਜੈਨ ਦੱਸਿਆ ਕਿ ਅਣਪਛਾਤੇ ਚੋਰ ਬੀਤੀ ਰਾਤ ਉਨ੍ਹਾਂ ਦੇ ਸਕੂਲ ਦੇ ਪਿਛਲੇ ਪਾਸੇ ਤੋਂ ਸਕੂਲ ਵਿਚ ਦਾਖਲ ਹੋਏ ਅਤੇ ਉਨ੍ਹਾਂ ਵੱਖ ਵੱਖ ਕਮਰਿਆਂ ਦੇ ਤਾਲੇ ਤੋੜੇ ਤੇ ਕਮਰਿਆਂ 'ਚ ਲੱਗੀ ਐੱਲ.ਈ.ਡੀ., ਗੈਸ ਚੁੱਲ੍ਹਾ, ਸਿਲੰਡਰ ਅਤੇ ਬੱਚਿਆਂ ਦੇ ਖਿਡੌਣੇ ਚੋਰੀ ਕਰਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਘਟਨਾ ਸਕੂਲ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ, ਜਦੋਂਕਿ ਚੋਰੀ ਦੀ ਘਟਨਾ ਸੰਬੰਧੀ ਉਨ੍ਹਾਂ ਥਾਣਾ ਕੋਟਭਾਈ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਡਾ. ਸੁਨੀਲ ਨੇ ਦੱਸਿਆ ਕਿ ਸਕੂਲ ਵਿਚ ਕਰੀਬ 6 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਜਿਸ ਸੰਬੰਧੀ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਜਦੋਂ ਇਸ ਸੰਬੰਧੀ ਡੀ.ਐੱਸ.ਪੀ. ਜਸਬੀਰ ਸਿੰਘ ਪੰਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।