ਸੀਵਰੇਜ ਪਾਈਪਾਂ ਦੇ ਅਧੂਰੇ ਕੰਮ ਨੇ ਸ੍ਰੀ ਮੁਕਤਸਰ ਸਾਹਿਬ-ਅਬੋਹਰ ਬਾਈਪਾਸ ਦਾ ਕੀਤਾ ਬੁਰਾ ਹਾਲ
Thursday, Jun 04, 2026 - 05:49 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਬੱਸ ਅੱਡੇ ਕੋਲੋਂ ਸ਼ੁਰੂ ਹੁੰਦੇ ਸ੍ਰੀ ਮੁਕਤਸਰ ਸਾਹਿਬ-ਅਬੋਹਰ ਬਾਈਪਾਸ ਉਪਰ ਸੀਵਰੇਜ ਦਾ ਓਵਰ ਫਲੋਅ ਪਾਣੀ ਕੱਢਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਕਾਰਣ ਸੜਕ ਦਾ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਬੁਰਾ ਹਾਲ ਹੋਇਆ ਪਿਆ ਹੈ। ਪਾਈਪਾਂ ਪਾਉਣ ਵੇਲੇ ਪੁੱਟੀ ਗਈ ਬੱਜਰੀ, ਇੱਟਾਂ ਤੇ ਹੋਰ ਮਲਬਾ ਸੜਕ ਉਪਰ ਹੀ ਖਿਲਰਿਆ ਹੋਇਆ ਹੈ, ਜਿਸ ਕਰਕੇ ਅੱਧੀ ਤੋਂ ਵੱਧ ਸੜਕ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਇਸ ਮਲਬੇ ਕਾਰਣ ਵਾਹਨਾਂ ਦਾ ਚੱਲਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਅਤੇ ਹਰ ਵੇਲੇ ਹੈਵੀ ਵਹੀਕਲਾਂ ਦੇ ਪਲਟਣ ਦਾ ਖਤਰਾ ਬਣਿਆ ਰਹਿੰਦਾ ਹੈ। ਵਾਹਨਾਂ ਦੇ ਲੰਘਣ ਵਾਸਤੇ ਮਸਾਂ 10 ਕੁ ਫੁੱਟ ਜਗ੍ਹਾ ਹੀ ਬਚੀ ਹੈ, ਜਿਸ ਕਰਕੇ ਇੱਥੇ ਦਿਨ ਭਰ ਭਾਰੀ ਜਾਮ ਲੱਗਿਆ ਰਹਿੰਦਾ ਹੈ। ਜਿਸ ਕਾਰਨ ਇਸ ਸੜਕ ਤੋਂ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂ ਕਿ ਇਸ ਸੜਕ ਉਪਰੋਂ ਅਬੋਹਰ ਵੱਲ, ਮੁੱਖ ਦਾਣਾ ਮੰਡੀ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵੱਲ ਜਾਣ ਵਾਲਾ ਟਰੈਫਿਕ ਭਾਰੀ ਗਿਣਤੀ ਵਿਚ ਲੰਘਦਾ ਹੈ।
ਇਤਿਹਾਸਕ ਸ਼ਹਿਰ ਦੀ ਦਿੱਖ ਨੂੰ ਲੱਗ ਰਿਹਾ ਦਾਗ਼
ਸ੍ਰੀ ਮੁਕਤਸਰ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ 40 ਮੁਕਤਿਆਂ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰਾਂ ਅਤੇ ਬਾਈਪਾਸਾਂ ਦੀ ਅਜਿਹੀ ਖਸਤਾ ਹਾਲਤ ਇਤਿਹਾਸਕ ਸ਼ਹਿਰ ਦੀ ਸੁੰਦਰਤਾ ਅਤੇ ਦਿੱਖ ਨੂੰ ਬੁਰੀ ਤਰ੍ਹਾਂ ਦਾਗ਼ਦਾਰ ਕਰ ਰਹੀ ਹੈ। ਵਿਕਾਸ ਕਾਰਜਾਂ ਦੇ ਨਾਂ 'ਤੇ ਫੈਲਾਈ ਗਈ ਇਹ ਬਦਇੰਤਜ਼ਾਮੀ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੀ ਹੈ।
ਇਲਾਕਾ ਨਿਵਾਸੀਆਂ ਦੀ ਮੰਗ ਅਤੇ ਅਧਿਕਾਰੀਆਂ ਦਾ ਦਾਅਵਾ
ਇਸ ਕਰਕੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮੰਗ ਹੈ ਕਿ ਸੜਕ ਉਪਰੋਂ ਇਸ ਮਲਬੇ ਨੂੰ ਤੁਰੰਤ ਚੁਕਵਾ ਕੇ ਸੜਕ ਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਨੂੰ ਆਮ ਵਾਂਗ ਚਾਲੂ ਕੀਤਾ ਜਾਵੇ। ਇਸ ਸਬੰਧੀ ਜਦੋਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਠੇਕੇਦਾਰ ਨੂੰ ਫੌਰੀ ਤੌਰ ’ਤੇ ਮਲਬਾ ਚੁਕਵਾ ਕੇ ਸੜਕ ਨੂੰ ਦੁਬਾਰਾ ਚਾਲੂ ਕਰਾਉਣ ਦੀ ਸਖ਼ਤ ਹਦਾਇਤ ਕਰਨਗੇ।
