ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ

Wednesday, Jul 01, 2026 - 02:59 PM (IST)

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਲਖਵੀਰ)- ਇੱਥੋਂ ਨੇੜਲੇ ਪਿੰਡ ਭੁੱਟੀਵਾਲਾ ਦੇ ਗੁਰਦੁਆਰੇ ਵਿਚ ਡਿਜ਼ੀਟਲ ਵਾਲ ਕਲਾਕ ਨੂੰ ਅੱਗ ਲੱਗਣ ਕਰ ਕੇ ਦਰਬਾਰ ਸਾਹਿਬ ਦੇ ਸੱਚਖੰਡ ਵਿਚ ਸੁਸ਼ੋਭਿਤ ਪਵਿੱਤਰ ਬੀੜਾਂ, ਗੁਟਕਾ ਸਾਹਿਬ ਅਤੇ ਪੋਥੀਆਂ ਅਗਨ ਭੇਟ ਹੋ ਗਈਆਂ ਸਨ, ਜਿਨ੍ਹਾਂ ਨੂੰ ਅੱਜ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ ਕੀਤਾ ਗਿਆ। 

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ, ਹੈੱਡ ਗ੍ਰੰਥੀ ਅਤੇ ਨਵਤੇਜ ਸਿੰਘ ਕਾਉਣੀ ਸਣੇ ਵੱਡੀ ਗਿਣਤੀ ’ਚ ਪਿੰਡ ਵਾਸੀ ਵੀ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਚ ਇਕ ਸਮਾਜਿਕ ਸਮਾਗਮ ਸੀ, ਜਿਸ ਦੀ ਸਮਾਪਤੀ ਉਪਰੰਤ ਦੋ ਕੁ ਵਜੇ ਤੱਕ ਸਾਰੀ ਸੰਗਤ, ਗ੍ਰੰਥੀ ਸਿੰਘ ਅਤੇ ਸੇਵਾਦਾਰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਕਰੀਬ 3 ਕੁ ਵਜੇ ਗੁਰਦੁਆਰਾ ਕੰਪਲੈਕਸ ਵਿਚ ਰਹਿਣ ਵਾਲੇ ਸੇਵਾਦਾਰ ਨੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੇਖਿਆ ਕਿ ਸੁੱਖ ਆਸਣ ਵਾਲੇ ਕਮਰੇ ਵਿਚੋਂ ਬਹੁਤ ਜ਼ਿਆਦਾ ਧੂੰਆ ਨਿਕਲ ਰਿਹਾ ਹੈ। ਉਸ ਨੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ । ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਸੰਘਣੇ ਧੂੰਏ ਨਾਲ ਭਰ ਗਈ। ਇਸ ਲਈ ਇਮਾਰਤ ਦੀਆਂ ਕੰਧਾਂ ਅਤੇ ਸ਼ੀਸ਼ੇ ਤੋੜ ਕੇ ਅੱਗ ਤੇ ਕਾਬੂ ਪਾਇਆ ਗਿਆ। 

ਸ੍ਰੀ ਦਰਬਾਰਾ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਬਾਅਦ ਦੁਪਹਿਰ 3 ਵਜੇ ਵਾਪਰੀ ਤੇ ਉਦੋਂ ਸੱਚਖੰਡ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀ। ਗੁਰਦੁਆਰਾ ਸਾਹਿਬ ਵਿਖੇ ਕੁੱਲ 10 ਬੀੜਾਂ ਪ੍ਰਕਾਸ਼ਮਾਨ ਸਨ। ਇਨ੍ਹਾਂ ਵਿੱਚੋਂ 5 ਬੀੜਾਂ ਅਗਨ ਭੇਟ ਹੋ ਗਈਆਂ ਹਨ ਜਦਕਿ ਬਾਕੀ 4 ਬੀੜਾਂ ਅੱਗ ਬੁਝਾਉਂਦੇ ਹੋਏ ਨੁਕਸਾਨੀਆਂ ਗਈਆਂ। ਇਸ ਤੋਂ ਇਲਾਵਾ ਉੱਥੇ ਮੌਜੂਦ ਗੁਟਕਾ ਸਾਹਿਬ, ਪੋਥੀਆਂ ਅਤੇ ਸੱਚਖੰਡ ਦੇ ਅੰਦਰ ਚੌਂਕੀਆਂ, ਪੀੜੀਆਂ ਤੇ ਰੁਮਾਲਾ ਸਾਹਿਬ ਸਮੇਤ ਕਾਫੀ ਨੁਕਸਾਨ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਜੁਲਾਈ ਨੂੰ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਹੈ। ਨੁਕਸਾਨੇ ਗੲ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਲਿਜਾਇਆ ਜਾਵੇਗਾ।


author

Anmol Tagra

Content Editor

Related News