ਯਾਮੀ ਗੌਤਮ ਤੇ ਇਮਰਾਨ ਹਾਸ਼ਮੀ ਦੀ ਫਿਲਮ ‘ਹੱਕ’ ਨੂੰ ਸੈਂਸਰ ਬੋਰਡ ਵੱਲੋਂ ''ਜ਼ੀਰੋ ਕੱਟ'' ਨਾਲ ਮਿਲੀ ਮਨਜ਼ੂਰੀ
Tuesday, Nov 04, 2025 - 01:26 PM (IST)
            
            ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਅਤੇ ਇਮਰਾਨ ਹਾਸ਼ਮੀ ਦੀ ਆਉਣ ਵਾਲੀ ਫਿਲਮ 'ਹੱਕ' ਨੂੰ ਸੈਂਸਰ ਬੋਰਡ ਵੱਲੋਂ ਵੱਡੀ ਰਾਹਤ ਮਿਲੀ ਹੈ। ਇਹ ਫਿਲਮ ਸੈਂਸਰ ਬੋਰਡ ਵੱਲੋਂ ਬਿਨਾਂ ਕਿਸੇ ਕੱਟ ਦੇ (ਜ਼ੀਰੋ ਕੱਟ) ਪਾਸ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ UA ਸਰਟੀਫਿਕੇਟ ਨਾਲ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
13 ਸਾਲ ਤੋਂ ਉੱਪਰ ਵਾਲੇ ਦਰਸ਼ਕ ਦੇਖ ਸਕਣਗੇ ਫਿਲਮ
ਸਰੋਤਾਂ ਅਨੁਸਾਰ ਫਿਲਮ 'ਹੱਕ' ਨੂੰ 28 ਅਕਤੂਬਰ 2025 ਨੂੰ CBFC ਵੱਲੋਂ UA 13+ ਸਰਟੀਫਿਕੇਟ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ 13 ਸਾਲ ਤੋਂ ਵੱਧ ਉਮਰ ਦੇ ਦਰਸ਼ਕ ਇਸ ਨੂੰ ਦੇਖ ਸਕਣਗੇ। ਫਿਲਮ 7 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਦੇ ਨਿਰਮਾਤਾਵਾਂ ਨੂੰ ਇਹ ਰਾਹਤ ਸਿਰਫ਼ ਭਾਰਤ ਵਿੱਚ ਹੀ ਨਹੀਂ ਮਿਲੀ, ਸਗੋਂ ਇਸ ਨੂੰ ਯੂਏਈ , ਯੂਕੇ, ਆਸਟ੍ਰੇਲੀਆ, ਅਤੇ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਦੇ ਸੈਂਸਰ ਬੋਰਡਾਂ ਤੋਂ ਵੀ ਕਲੀਨ ਚਿੱਟ ਮਿਲ ਚੁੱਕੀ ਹੈ।
ਕਿਸ ਮੁੱਦੇ 'ਤੇ ਆਧਾਰਿਤ ਹੈ 'ਹੱਕ' ਦੀ ਕਹਾਣੀ?
ਜੰਗਲੀ ਪਿਕਚਰਸ ਦੇ ਬੈਨਰ ਹੇਠ ਬਣੀ ਅਤੇ ਸੁਪਰਨ ਐਸ ਵਰਮਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਭਾਰਤੀ ਸੰਵਿਧਾਨ ਦੇ ਅਨੁਛੇਦ 44 ਵਿੱਚ ਵਰਣਿਤ ਸਮਾਨ ਨਾਗਰਿਕ ਸੰਹਿਤਾ ਅਤੇ ਦੰਡ ਪ੍ਰਕਿਰਿਆ ਸੰਹਿਤਾ ਦੀ ਧਾਰਾ 125 ਤੋਂ ਪ੍ਰੇਰਿਤ ਹੈ।
ਇਸ ਫਿਲਮ ਵਿੱਚ ਇੱਕ ਮਾਂ ਦੀ ਕਹਾਣੀ ਦਰਸਾਈ ਗਈ ਹੈ, ਜੋ ਅਦਾਲਤ ਵਿੱਚ ਆਪਣੇ ਅਤੇ ਆਪਣੇ ਬੱਚਿਆਂ ਦੇ ਅਧਿਕਾਰਾਂ ਲਈ ਲੜਾਈ ਲੜਦੀ ਹੈ। ਇਹ ਕਹਾਣੀ ਧਰਮ, ਪਰਿਵਾਰ, ਪਛਾਣ ਅਤੇ ਨਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੋਂਹਦੀ ਹੈ।
ਯਾਮੀ ਗੌਤਮ ਨੇ ਦਿੱਤਾ ਵੱਡਾ ਬਿਆਨ
ਅਦਾਕਾਰਾ ਯਾਮੀ ਗੌਤਮ ਨੇ ਫਿਲਮ 'ਹੱਕ' ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਵਿਦੇਸ਼ਾਂ ਵਿੱਚ ਇਸ 'ਤੇ ਕੋਈ ਕੱਟ ਨਹੀਂ ਲੱਗਿਆ ਤਾਂ ਭਾਰਤ ਵਿੱਚ ਵੀ ਚਿੰਤਾ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਯਾਮੀ ਨੇ ਸਪੱਸ਼ਟ ਕੀਤਾ, "ਇਹ ਫਿਲਮ ਕਿਸੇ ਧਰਮ ਜਾਂ ਵਿਚਾਰਧਾਰਾ ਦੇ ਖਿਲਾਫ਼ ਨਹੀਂ ਹੈ," ਸਗੋਂ ਇਹ ਸਮਾਜ ਵਿੱਚ ਇੱਕ ਸਿਹਤਮੰਦ ਬਹਿਸ ਦੀ ਜ਼ਰੂਰਤ 'ਤੇ ਬਣੀ ਹੈ।
ਫਿਲਮ ਵਿੱਚ ਯਾਮੀ ਗੌਤਮ ਅਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਸ਼ੀਬਾ ਚੱਢਾ, ਵਰਤਿਕਾ ਸਿੰਘ, ਦਾਨਿਸ਼ ਹੁਸੈਨ, ਅਤੇ ਅਸੀਮ ਹੱਟਨਗੜੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ
 
