ਧੋਖੇ, ਸੱਤਾ ਤੇ ਬਾਹੂਬਲੀ ਦੀ ਜੰਗ ਨੂੰ ਨਵੇਂ ਪੱਧਰ ’ਤੇ ਲੈ ਕੇ ਜਾਵੇਗਾ ਵੈੱਬ ਸੀਰੀਜ਼ ਰਕਤਾਂਚਲ ਨਵਾਂ ਸੀਜ਼ਨ : ਨਿਕਿਤਿਨ
Saturday, Jul 18, 2026 - 12:10 PM (IST)
ਮੁੰਬਈ- ਇਕ ਵਾਰ ਫਿਰ ਪੂਰਵਾਂਚਲ ਦੀ ਖੂਨੀ ਗੈਂਗਵਾਰ, ਸੱਤਾ ਦੀ ਸਿਆਸਤ ਅਤੇ ਬਦਲੇ ਦੀ ਕਹਾਣੀ ਨੂੰ ਨਵੇਂ ਅੰਦਾਜ਼ ਵਿਚ ‘ਰਕਤਾਂਚਲ ਸੀਜ਼ਨ-3’ ਵਿਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਵੈੱਬ ਸੀਰੀਜ਼ 16 ਜੁਲਾਈ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ ਰਿਤਮ ਸ਼੍ਰੀਵਾਸਤਵ ਦੇ ਨਿਰਦੇਸ਼ਨ ਹੇਠ ਬਣੀ ਇਸ ਕ੍ਰਾਈਮ-ਡਰਾਮਾ ਵੈੱਬ ਸੀਰੀਜ਼ ਵਿਚ ਕ੍ਰਾਂਤੀ ਪ੍ਰਕਾਸ਼ ਝਾਅ, ਨਿਕਿਤਿਨ ਧੀਰ, ਮਾਹੀ ਗਿੱਲ, ਵਿਕਰਮ ਕੋਚਰ, ਰਾਜੇਸ਼ ਕੁਮਾਰ ਤੇ ਕਰਨ ਪਟੇਲ ਵਰਗੇ ਦਮਦਾਰ ਕਲਾਕਾਰ ਨਜ਼ਰ ਆ ਰਹੇ ਹਨ। ਸੀਰੀਜ਼ ਬਾਰੇ ਕ੍ਰਾਂਤੀ ਪ੍ਰਕਾਸ਼ ਝਾਅ, ਨਿਕਿਤਿਨ ਧੀਰ, ਵਿਕਰਮ ਕੋਚਰ ਤੇ ਰਾਜੇਸ਼ ਸ਼ਰਮਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਅਸਲ ਜ਼ਿੰਦਗੀ ’ਚ ਵਸੀਮ ਖਾਨ ਵਰਗਾ ਬਿਲਕੁਲ ਨਹੀਂ ਹਾਂ : ਨਿਕਿਤਿਨ ਧੀਰ
Q ਇਸ ਵਾਰ ਦਰਸ਼ਕਾਂ ਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ?
-ਕਹਾਣੀ ਉਸੇ ਦੁਨੀਆ ਦੀ ਹੈ ਪਰ ਇਸ ਵਾਰ ਉਸ ਦਾ ਪੈਮਾਨਾ ਪਹਿਲਾਂ ਨਾਲੋਂ ਕਿਤੇ ਵੱਡਾ ਹੈ। ਇੰਟੈਂਸਿਟੀ ਜ਼ਿਆਦਾ ਹੈ, ਜੋਸ਼ ਜ਼ਿਆਦਾ ਹੈ ਅਤੇ ਐਕਸ਼ਨ ਤੇ ਹਿੰਸਾ ਵੀ ਪਹਿਲਾਂ ਨਾਲੋਂ ਵੱਧ ਦੇਖਣ ਨੂੰ ਮਿਲੇਗੀ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਦਰਸ਼ਕਾਂ ਨੂੰ ਪਹਿਲੇ ਦੋਵਾਂ ਸੀਜ਼ਨਾਂ ਨਾਲੋਂ ਵੀ ਜ਼ਿਆਦਾ ਦਮਦਾਰ ਤਜਰਬਾ ਮਿਲੇ।
Q ਤੁਹਾਡੇ ਕਿਰਦਾਰ ਵਸੀਮ ਖਾਨ ਲਈ ਸਿਆਸਤ ਜ਼ਿਆਦਾ ਅਹਿਮ ਹੈ ਜਾਂ ਨਿੱਜੀ ਲਾਲਸਾ?
-ਵਸੀਮ ਖਾਨ ਦਾ ਸਭ ਤੋਂ ਵੱਡਾ ਟੀਚਾ ਸੱਤਾ ਅਤੇ ਆਪਣਾ ਦਬਦਬਾ ਕਾਇਮ ਕਰਨਾ ਹੈ। ਉਹ ਬਚਪਨ ਤੋਂ ਹੀ ਸਭ ਤੋਂ ਵੱਡਾ ਬਾਹੂਬਲੀ ਬਣਨਾ ਚਾਹੁੰਦਾ ਸੀ। ਜੇਕਰ ਉਹ ਸਿਆਸਤ ਵਿਚ ਵੀ ਜਾਂਦਾ ਹੈ ਤਾਂ ਵੀ ਉਸ ਦੀ ਪਛਾਣ ਇਕ ਬਾਹੂਬਲੀ ਦੀ ਹੀ ਰਹਿੰਦੀ ਹੈ। ਉਹ ਹਰ ਕਿਸੇ ਨੂੰ ਇਹ ਅਹਿਸਾਸ ਦਿਵਾਉਣਾ ਚਾਹੁੰਦਾ ਹੈ ਕਿ ਉਹ ਸਭ ਤੋਂ ਤਾਕਤਵਰ ਹੈ।
ਵਿਜੇ ਸਿੰਘ ਤੇ ਵਸੀਮ ਖਾਨ ਵਿਚਕਾਰ ਇਹੀ ਸਭ ਤੋਂ ਵੱਡਾ ਫਰਕ ਹੈ। ਵਿਜੇ ਸਿੰਘ ਹਾਲਾਤ ਕਾਰਨ ਬਾਹੂਬਲੀ ਬਣਦਾ ਹੈ, ਜਦਕਿ ਵਸੀਮ ਖਾਨ ਸ਼ੁਰੂ ਤੋਂ ਹੀ ਉਸੇ ਰਸਤੇ ’ਤੇ ਚੱਲਣਾ ਚਾਹੁੰਦਾ ਸੀ। ਇਸ ਸੀਜ਼ਨ ਵਿਚ ਉਸ ਦਾ ਸੰਘਰਸ਼ ਸਿਰਫ਼ ਸੱਤਾ ਹਾਸਲ ਕਰਨਾ ਨਹੀਂ ਹੈ, ਸਗੋਂ ਇਹ ਵੀ ਹੈ ਕਿ ਆਖਰਕਾਰ ਉਹ ਭਰੋਸਾ ਕਿਸ ’ਤੇ ਕਰੇ ਕਿਉਂਕਿ ਉਸ ਨੂੰ ਵਾਰ-ਵਾਰ ਧੋਖਾ ਮਿਲਦਾ ਹੈ। ਇਹੀ ਉਸ ਦੇ ਕਿਰਦਾਰ ਨੂੰ ਹੋਰ ਦਿਲਚਸਪ ਬਣਾਉਂਦਾ ਹੈ।
Q ਜੇਕਰ ਤੁਹਾਡੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੀ ਤੁਸੀਂ ਵੀ ਵਸੀਮ ਖਾਨ ਵਰਗੇ ਹੋ?
-ਬਿਲਕੁਲ ਨਹੀਂ। ਮੈਂ ਆਪਣੇ ਮਨ ਦੀ ਗੱਲ ਸਿੱਧੀ ਮੂੰਹ ’ਤੇ ਕਹਿ ਦਿੰਦਾ ਹਾਂ। ਮੇਰੀ ਪਰਵਰਿਸ਼ ਅਜਿਹੀ ਹੋਈ ਹੈ ਕਿ ਜੋ ਦਿਲ ਵਿਚ ਹੁੰਦਾ ਹੈ, ਉਹੀ ਜ਼ੁਬਾਨ ’ਤੇ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਨਾਲ ਰਿਸ਼ਤੇ ਸੱਚੇ ਬਣਦੇ ਹਨ ਅਤੇ ਮੈਂ ਪੰਜਾਬੀ ਹਾਂ, ਇਸ ਲਈ ਜ਼ਿਆਦਾ ਕੂਟਨੀਤੀ ਕਰਨਾ ਮੇਰੇ ਸੁਭਾਅ ਵਿਚ ਨਹੀਂ ਹੈ।
Q ਇਕ ਸਵਾਲ ਜੋ ਹਮੇਸ਼ਾ ਦਿਮਾਗ ਵਿਚ ਆਉਂਦਾ ਹੈ, ਤੁਹਾਡਾ ਨਾਂ ‘ਨਿਕਿਤਿਨ’ ਹੈ। ਅਕਸਰ ਲੋਕ ‘ਨਿਤੇਸ਼’ ਜਾਂ ‘ਨਿਕਿਤੇਸ਼’ ਬੋਲ ਦਿੰਦੇ ਹਨ। ਆਖਰ ਇਸ ਦਾ ਮਤਲਬ ਕੀ ਹੈ?
-ਮੇਰਾ ਨਾਂ ਨਿਕਿਤਿਨ ਹੈ। ਇਹ ਇਕ ਰੂਸੀ ਨਾਂ ਹੈ ਅਤੇ ਇਸ ਦਾ ਮਤਲਬ ਹੁੰਦਾ ਹੈ ‘ਜੇਤੂ’। ਜੇਕਰ ਇਸ ਨੂੰ ਪੰਜਾਬੀ ਵਿਚ ਕਹੀਏ ਤਾਂ ਇਸ ਦਾ ਮਤਲਬ ‘ਜਿੱਤ’ ਹੁੰਦਾ ਹੈ। ਇਸ ਲਈ ਜਦੋਂ ਲੋਕ ਨਾਂ ਗਲਤ ਬੋਲਦੇ ਹਨ ਤਾਂ ਮੈਂ ਉਨ੍ਹਾਂ ਨੂੰ ਪਿਆਰ ਨਾਲ ਸਹੀ ਨਾਂ ਦੱਸ ਦਿੰਦਾ ਹਾਂ।
ਪੂਰੀ ਟੀਮ ਨੇ ਜੀਅ-ਜਾਨ ਨਾਲ ਮਿਹਨਤ ਕੀਤੀ : ਕ੍ਰਾਂਤੀ ਪ੍ਰਕਾਸ਼ ਝਾਅ
Q ਇਸ ਤਰ੍ਹਾਂ ਦੇ ਐਕਸ਼ਨ ਅਤੇ ਹਿੰਸਕ ਦ੍ਰਿਸ਼ਾਂ ਦੀ ਸ਼ੂਟਿੰਗ ਦੇ ਸਮੇਂ ਕਦੇ ਡਰ ਲੱਗਾ ਕਿ ਕਿਤੇ ਸੱਚਮੁੱਚ ਸੱਟ ਨਾ ਲੱਗ ਜਾਵੇ?
-ਨਹੀਂ, ਕਿਉਂਕਿ ਅਸੀਂ ਸਾਰੇ ਆਪਣੇ ਕਿਰਦਾਰਾਂ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਂਦੇ ਹਾਂ। ਜਦੋਂ ਤੁਸੀਂ ਕਿਰਦਾਰ ਦੇ ਜਜ਼ਬੇ ਵਿਚ ਹੁੰਦੇ ਹੋ ਤਾਂ ਡਰ ਪਿੱਛੇ ਛੁੱਟ ਜਾਂਦਾ ਹੈ। ਇਸ ਵਾਰ ਮੈਂ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ। ਸ਼ੂਟਿੰਗ ਦੌਰਾਨ ਕਈ ਔਖੇ ਦ੍ਰਿਸ਼ ਸਨ ਪਰ ਪੂਰੀ ਟੀਮ ਇਕ-ਦੂਜੇ ਦਾ ਧਿਆਨ ਰੱਖਦੀ ਸੀ। ਇਸ ਲਈ ਕਦੇ ਅਜਿਹਾ ਨਹੀਂ ਲੱਗਾ ਕਿ ਸਥਿਤੀ ਕੰਟਰੋਲ ਤੋਂ ਬਾਹਰ ਹੈ। ਪੂਰੀ ਟੀਮ ਨੇ ਇਸ ਸੀਜ਼ਨ ਲਈ ਬਹੁਤ ਮਿਹਨਤ ਕੀਤੀ ਹੈ। 7 ਸਾਲਾਂ ਵਿਚ ਲੋਕ ਸਾਨੂੰ ਲਗਾਤਾਰ ਪੁੱਛਦੇ ਰਹੇ ਕਿ ‘ਰਕਤਾਂਚਲ’ ਦਾ ਅਗਲਾ ਸੀਜ਼ਨ ਕਦੋਂ ਆਵੇਗਾ। ਹੁਣ ਆਖ਼ਰਕਾਰ ਉਡੀਕ ਖ਼ਤਮ ਹੋ ਗਈ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਦਰਸ਼ਕਾਂ ਨੂੰ ਇਹ ਸੀਜ਼ਨ ਬਹੁਤ ਪਸੰਦ ਆਵੇਗਾ।
Q ਇਸ ਸੀਜ਼ਨ ਦੀ ਸ਼ੂਟਿੰਗ ਕਿਹੜੀਆਂ-ਕਿਹੜੀਆਂ ਥਾਵਾਂ ’ਤੇ ਹੋਈ? ਸ਼ੂਟਿੰਗ ਦਾ ਤਜਰਬਾ ਕਿਹੋ ਜਿਹਾ ਰਿਹਾ?
-ਇਸ ਸੀਜ਼ਨ ਦੀ ਜ਼ਿਆਦਾਤਰ ਸ਼ੂਟਿੰਗ ਲਖਨਊ, ਵਾਰਾਣਸੀ ਤੇ ਬਾਰਾਬੰਕੀ ਵਿਚ ਹੋਈ। ਤਿੰਨੇ ਸੀਜ਼ਨ ਵੱਖ-ਵੱਖ ਮੌਸਮਾਂ ਵਿਚ ਸ਼ੂਟ ਹੋਏ। ਪਹਿਲਾ ਸੀਜ਼ਨ ਕੜਾਕੇ ਦੀ ਠੰਢ ਵਿਚ, ਦੂਜਾ ਕੋਵਿਡ ਦੌਰਾਨ ਭਿਆਨਕ ਗਰਮੀ ਵਿਚ ਅਤੇ ਤੀਜਾ ਮੁੜ ਸਰਦੀਆਂ ਵਿਚ। ਕਈ ਵਾਰ ਸਾਨੂੰ ਰਾਤ ਨੂੰ 3 ਵਜੇ ਨਿਕਲਣਾ ਪੈਂਦਾ ਸੀ ਤਾਂ ਜੋ ਸਵੇਰੇ 4 ਜਾਂ ਸਾਢੇ ਚਾਰ ਵਜੇ ਲੋਕੇਸ਼ਨ ’ਤੇ ਪਹੁੰਚ ਸਕੀਏ। ਮੌਸਮ ਕਾਰਨ ਬਹੁਤ ਮੁਸ਼ਕਲਾਂ ਆਈਆਂ ਪਰ ਪੂਰੀ ਟੀਮ ਨੇ ਸ਼ਾਨਦਾਰ ਕੰਮ ਕੀਤਾ।
ਦੋਵਾਂ ਸੀਜ਼ਨਾਂ ਦੀਆਂ ਖ਼ੂਬੀਆਂ ਦੇ ਨਾਲ ਪਰਤਿਆ ਸੰਕੀ ਪਾਂਡੇ : ਵਿਕਰਮ ਕੋਚਰ
Q ਇਸ ਵਾਰ ‘ਸੰਕੀ ਪਾਂਡੇ’ ਵਿਚ ਕੀ ਬਦਲਾਅ ਦੇਖਣ ਨੂੰ ਮਿਲੇਗਾ?
-ਇਸ ਵਾਰ ਮੇਰਾ ਕਿਰਦਾਰ ਪਹਿਲੇ ਦੋਵਾਂ ਸੀਜ਼ਨਾਂ ਦੀ ਤੁਲਨਾ ਵਿਚ ਹੋਰ ਜ਼ਿਆਦਾ ਵਿਕਸਿਤ ਹੋਇਆ ਹੈ। ਦੋਵਾਂ ਸੀਜ਼ਨਾਂ ਦੀਆਂ ਖ਼ੂਬੀਆਂ ਨੂੰ ਮਿਲਾ ਕੇ ਇਸ ਕਿਰਦਾਰ ਨੂੰ ਅੱਗੇ ਵਧਾਇਆ ਗਿਆ ਹੈ। ਦਰਸ਼ਕਾਂ ਨੂੰ ਇਸ ਵਾਰ ਉਸ ਦਾ ਇਕ ਨਵਾਂ ਅਤੇ ਜ਼ਿਆਦਾ ਮਨੋਰੰਜਕ ਰੂਪ ਦੇਖਣ ਨੂੰ ਮਿਲੇਗਾ।
Q ਜੇਕਰ ਕਦੇ ਸਿਆਸਤ ਵਿਚ ਆਉਣ ਦਾ ਮੌਕਾ ਮਿਲੇ ਤਾਂ ਚੋਣ ਏਜੰਡਾ ਕੀ ਹੋਵੇਗਾ?
-ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਮੈਂ ਹਮੇਸ਼ਾ ਲੋਕਾਂ ਨਾਲ ਜੁੜਿਆ ਰਹਾਂ ਅਤੇ ਉਨ੍ਹਾਂ ਦੇ ਵਿਚਕਾਰ ਰਹਿ ਕੇ ਕੰਮ ਕਰਾਂ।
Q ਨਿਕਿਤਿਨ ਧੀਰ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਮੇਰੇ ਪਹਿਲੇ ਤੇ ਦੂਜੇ ਸੀਜ਼ਨ ਵਿਚ ਨਿਕਿਤਿਨ ਭਰਾ ਦੇ ਨਾਲ ਸਭ ਤੋਂ ਜ਼ਿਆਦਾ ਦ੍ਰਿਸ਼ ਸਨ। ਸਾਡੀ ਕੱਦ-ਕਾਠੀ ਵਿਚਕਾਰ ਕਾਫੀ ਫ਼ਰਕ ਹੈ ਪਰ ਉਨ੍ਹਾਂ ਨੇ ਕਦੇ ਮੈਨੂੰ ਅਸਹਿਜ ਮਹਿਸੂਸ ਨਹੀਂ ਹੋਣ ਦਿੱਤਾ। ਉਹ ਇਕ ਬਿਹਤਰੀਨ ਕਲਾਕਾਰ ਹੋਣ ਦੇ ਨਾਲ-ਨਾਲ ਬਹੁਤ ਚੰਗੇ ਇਨਸਾਨ ਵੀ ਹਨ। ਮੈਨੂੰ ਅੱਜ ਵੀ ਪਹਿਲਾ ਦਿਨ ਯਾਦ ਹੈ, ਜਦੋਂ ਮੇਰੀ ਇੰਟਰੋਡਕਸ਼ਨ ਵਾਲਾ ਸੀਨ ਸ਼ੂਟ ਹੋ ਰਿਹਾ ਸੀ। ਮੈਂ ਆਪਣੇ ਕਿਰਦਾਰ ਦੇ ਹਿਸਾਬ ਨਾਲ ਇਕ ਛੋਟਾ ਜਿਹਾ ਇੰਪ੍ਰੋਵਾਈਜ਼ੇਸ਼ਨ ਕੀਤਾ ਅਤੇ ਉਨ੍ਹਾਂ ਦੀ ਬਾਡੀ ਲੈਂਗੁਏਜ ਕਾਪੀ ਕਰਦੇ ਹੋਏ ਉਨ੍ਹਾਂ ਦੇ ਸਾਹਮਣੇ ਬੈਠ ਗਿਆ। ਉਨ੍ਹਾਂ ਨੇ ਮੈਨੂੰ ਰੋਕਿਆ ਨਹੀਂ, ਸਗੋਂ ਉਸ ਬਦਲਾਅ ਨੂੰ ਸਵੀਕਾਰ ਕੀਤਾ।
‘ਰਕਤਾਂਚਲ’ ਦੀ ਅਸਲੀ ਤਾਕਤ ਪੂਰੀ ਟੀਮ ਦਾ ਤਾਲਮੇਲ ਹੈ : ਰਾਜੇਸ਼ ਸ਼ਰਮਾ
Q ਤੁਹਾਡੇ ਲਈ ਇਹ ਕਿਰਦਾਰ ਕਿਸ ਤਰ੍ਹਾਂ ਆਇਆ?
-ਮੈਂ ਹਮੇਸ਼ਾ ਨਵੇਂ ਤਜਰਬੇ ਕਰਨ ਲਈ ਤਿਆਰ ਰਹਿੰਦਾ ਹਾਂ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਨਿਰਮਾਤਾ ਤੇ ਨਿਰਦੇਸ਼ਕ ‘ਵੀਰੇਂਦਰ ਪ੍ਰਤਾਪ’ ਦੇ ਕਿਰਦਾਰ ਲਈ ਅਜਿਹੀ ਹੀ ਸ਼ਖ਼ਸੀਅਤ ਵਾਲੇ ਅਦਾਕਾਰ ਦੀ ਭਾਲ ਕਰ ਰਹੇ ਸਨ। ਇਤਫ਼ਾਕ ਨਾਲ ਮੈਂ ਉਸ ਸਮੇਂ ਉਪਲਬਧ ਸੀ ਅਤੇ ਗੱਲਬਾਤ ਅੱਗੇ ਵਧੀ। ਹਾਲਾਂਕਿ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਦੋ ਸੀਜ਼ਨਾਂ ਵਿਚ ਜੋ ਦੁਨੀਆ ਅਤੇ ਕਿਰਦਾਰ ਸਥਾਪਿਤ ਹੋ ਚੁੱਕੇ ਸਨ, ਉਨ੍ਹਾਂ ਵਿਚ ਖੁਦ ਨੂੰ ਸਹਿਜ ਤਰੀਕੇ ਨਾਲ ਸ਼ਾਮਲ ਕਰਨਾ ਸੀ ਪਰ ਟੀਮ ਨੇ ਇੰਨਾ ਸਹਿਯੋਗ ਦਿੱਤਾ ਕਿ ਇਹ ਕੰਮ ਆਸਾਨ ਹੋ ਗਿਆ।
Q ਨਿਕਿਤਿਨ ਧੀਰ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਸਾਡਾ ਪਹਿਲਾ ਸੀਨ ਸੀ, ਜਿਸ ਵਿਚ ਅਸੀਂ ਇਕ-ਦੂਜੇ ਨੂੰ ਗਲੇ ਮਿਲਦੇ ਹਾਂ। ਅਜਿਹੇ ਦ੍ਰਿਸ਼ਾਂ ਵਿਚ ਦੋਵਾਂ ਕਲਾਕਾਰਾਂ ਨੂੰ ਬਰਾਬਰ ਜਗ੍ਹਾ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ। ਨਿਕਿਤਿਨ ਅਜਿਹੇ ਅਦਾਕਾਰ ਹਨ, ਜੋ ਕਦੇ ਆਪਣੇ ਸਾਥੀ ਕਲਾਕਾਰ ’ਤੇ ਹਾਵੀ ਹੋਣ ਦੀ ਕੋਸ਼ਿਸ਼ ਨਹੀਂ ਕਰਦੇ। ਜੇਕਰ ਕਿਸੇ ਦ੍ਰਿਸ਼ ਵਿਚ ਲੱਗਦਾ ਹੈ ਕਿ ਦੂਜਾ ਕਲਾਕਾਰ ਜ਼ਿਆਦਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਤਾਂ ਉਹ ਖੁਦ ਪਿੱਛੇ ਹਟ ਜਾਂਦੇ ਹਨ ਤਾਂ ਜੋ ਦ੍ਰਿਸ਼ ਹੋਰ ਬਿਹਤਰ ਬਣ ਸਕੇ। ਇਹੀ ਵਜ੍ਹਾ ਹੈ ਕਿ ‘ਰਕਤਾਂਚਲ’ ਸਿਰਫ਼ ਕਲਾਕਾਰਾਂ ਦਾ ਨਹੀਂ, ਸਗੋਂ ਪੂਰੀ ਟੀਮ ਦੀ ਊਰਜਾ ਤੇ ਤਾਲਮੇਲ ਦਾ ਨਤੀਜਾ ਹੈ।
