ਬਚਪਨ ਦਾ ਸੁਪਨਾ ‘ਇੰਡੀਅਨ ਗੇਮ ਸ਼ੋਅ’, ਅਸੀਂ ਆਪਣੀ ਲਗਭਗ ਪੂਰੀ ਜਮ੍ਹਾ ਪੂੰਜੀ ਲਗਾ ਦਿੱਤੀ : ਭਾਰਤੀ ਸਿੰਘ
Monday, Aug 24, 2026 - 09:34 AM (IST)
ਐਂਟਰਟੇਨਮੈਂਟ ਡੈਸਕ - ਕਾਮੇਡੀਅਨ ਤੇ ਹੋਸਟ ਭਾਰਤੀ ਸਿੰਘ ਜਲਦ ਹੀ ਪਤੀ ਹਰਸ਼ ਲਿੰਬਾਚੀਆ ਨਾਲ ‘ਇੰਡੀਅਨ ਗੇਮ ਸ਼ੋਅ ਵਿਦ ਭਾਰਤੀ ਐਂਡ ਹਰਸ਼’ ਲੈ ਕੇ ਆ ਰਹੀ ਹੈ। ਸ਼ੋਅ ਨੂੰ ਲੈ ਕੇ ਭਾਰਤੀ ਕਾਫ਼ੀ ਐਕਸਾਈਟਿਡ ਹੋਣ ਦੇ ਨਾਲ-ਨਾਲ ਨਰਵਸ ਵੀ ਹੈ। ਇਹ ਸ਼ੋਅ 24 ਅਗਸਤ ਤੋਂ ਸੋਨੀ ਲਿਵ ਤੇ ਸੋਨੀ ਚੈਨਲ ’ਤੇ ਆਉਣ ਵਾਲਾ ਹੈ। ਇਸ ਸ਼ੋਅ ਬਾਰੇ ਭਾਰਤੀ ਸਿੰਘ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
Q. ਸ਼ੋਅ ਨੂੰ ਲੈ ਕੇ ਤੁਸੀਂ ਕਿੰਨੀ ਐਕਸਾਈਟਿਡ ਹੋ?
-ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ। ਅਸੀਂ ਇਸ ਸ਼ੋਅ ਲਈ ਬਹੁਤ ਮਿਹਨਤ ਕੀਤੀ ਹੈ। ਇਕ ਸਮੇਂ ਤਾਂ ਸਾਨੂੰ ਲੱਗਾ ਸੀ ਕਿ ਸ਼ਾਇਦ ਇਹ ਸ਼ੋਅ ਨਹੀਂ ਬਣ ਸਕੇਗਾ, ਇਸ ਲਈ ਅਸੀਂ ਇਸ ਨੂੰ ਯੂ-ਟਿਊਬ ’ਤੇ ਬਣਾਇਆ ਸੀ। ਬਾਅਦ ’ਚ ਸੋਨੀ ਨੂੰ ਸਾਡਾ ਆਈਡੀਆ ਪਸੰਦ ਆਇਆ ਤੇ ਉਨ੍ਹਾਂ ਨੇ ਸਾਨੂੰ ਪੂਰਾ ਸ਼ੋਅ ਬਣਾਉਣ ਦਾ ਮੌਕਾ ਦਿੱਤਾ। ਮੈਂ ਤੇ ਹਰਸ਼ ਦੋਵੇਂ ਇਸ ਸਮੇਂ ਬਹੁਤ ਮਜ਼ੇ ’ਚ ਹਾਂ। ਕੰਮ ਵੀ ਹੈ, ਤਬੀਅਤ ਵੀ ਖ਼ਰਾਬ ਰਹਿੰਦੀ ਹੈ, ਪਰ ਸ਼ੋਅ ਨੂੰ ਲੈ ਕੇ ਬਹੁਤ ਖ਼ੁਸ਼ੀ ਹੈ। ਬਸ 24 ਤਰੀਕ ਨੂੰ ਸ਼ੋਅ ਆਨ ਏਅਰ ਹੋਣ ਨੂੰ ਲੈ ਕੇ ਥੋੜ੍ਹਾ ਡਰ ਲੱਗ ਰਿਹਾ ਹੈ ਕਿ ਦਰਸ਼ਕਾਂ ਨੂੰ ਕਿਹੋ ਜਿਹਾ ਲੱਗੇਗਾ। ਜਿਨ੍ਹਾਂ ਲੋਕਾਂ ਨੇ ਪ੍ਰੋਮੋ ਤੇ ਲਾਈਵ ਸ਼ੂਟ ਦੇਖਿਆ ਹੈ, ਉਨ੍ਹਾਂ ਨੇ ਕਾਫ਼ੀ ਐਂਜੁਆਏ ਕੀਤਾ ਹੈ।
Q. ਦਰਸ਼ਕਾਂ ਨੂੰ ਕੀ ਖਾਸ ਮਿਲੇਗਾ?
-ਅਜਿਹਾ ਬਿਲਕੁਲ ਨਹੀਂ ਹੈ ਕਿ ਇਸ ਨੂੰ ਸਿਰਫ਼ ਯੰਗਸਟਰਜ਼ ਦੇਖ ਸਕਦੇ ਹਨ। ਦਾਦਾ-ਦਾਦੀ, ਮਾਤਾ-ਪਿਤਾ ਤੇ ਬੱਚੇ ਸਾਰੇ ਇਸ ਨੂੰ ਨਾਲ ਬੈਠ ਕੇ ਦੇਖ ਸਕਦੇ ਹਨ। ਇਸ ਵਿਚ ਇਕ ਤੋਂ ਬਾਅਦ ਇਕ ਮਜ਼ੇਦਾਰ ਮੂਮੈਂਟਸ ਆਉਂਦੇ ਹਨ। ਸਾਡੇ ਦੋਸਤ ਤੇ ਇੰਡਸਟਰੀ ਦੇ ਕਲਾਕਾਰ ਸ਼ੋਅ ’ਚ ਆਉਂਦੇ ਹਨ ਤੇ ਅਸੀਂ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਹਾਂ। ਹਰ ਹਫ਼ਤੇ ਨਵੇਂ ਕਲਾਕਾਰ ਆਉਂਦੇ ਹਨ, ਗੇਮ ਖੇਡਦੇ ਹਨ ਤੇ ਇੰਨਾ ਐਂਜੁਆਏ ਕਰਦੇ ਹਨ ਕਿ ਕਈ ਲੋਕ ਸ਼ੋਅ ਖ਼ਤਮ ਹੋਣ ਤੋਂ ਬਾਅਦ ਕਹਿੰਦੇ ਹਨ ਕਿ ਉਨ੍ਹਾਂ ਨੇ ਇੰਨਾ ਮਜ਼ਾ ਪਹਿਲਾਂ ਕਦੇ ਨਹੀਂ ਕੀਤਾ।
Q. ਅਜਿਹੇ ਗੇਮ ਸ਼ੋਅ ਦਾ ਆਈਡੀਆ ਕਿੱਥੋਂ ਆਇਆ?
-ਜਦੋਂ ਅਸੀਂ ਗੇਮ ਸ਼ੋਅ ਬਾਰੇ ਸੋਚਿਆ ਸੀ ਉਸ ਸਮੇਂ ਕੋਈ ਚੈਨਲ ਅਜਿਹਾ ਸ਼ੋਅ ਨਹੀਂ ਬਣਾ ਰਿਹਾ ਸੀ। ਸਾਡੇ ਦੋਵਾਂ ਦੇ ਅੰਦਰ ਬਚਪਨ ਤੋਂ ਹੀ ਇਕ ਬੱਚੇ ਵਾਲਾ ਕੀੜਾ ਹੈ। ਗ਼ਰੀਬੀ ’ਚ ਅਸੀਂ ਆਪਣਾ ਬਚਪਨ ਦੇਖਿਆ ਹੈ, ਇਸ ਲਈ ਕਦੇ ਅਮਿਊਜ਼ਮੈਂਟ ਪਾਰਕ ਜਾਣਾ ਜਾਂ ਰਾਈਡਜ਼ ਕਰਨਾ ਨਹੀਂ ਹੋਇਆ। ਬਾਹਰ ਦੇ ਗੇਮ ਸ਼ੋਅਜ਼ ਦੇਖ ਕੇ ਸਾਨੂੰ ਵੀ ਲੱਗਾ ਕਿ ਅਜਿਹਾ ਕੁਝ ਆਪਣਾ ਬਣਾਉਣਾ ਚਾਹੀਦਾ ਹੈ। ਅਸੀਂ ਆਪਣੀ ਜਮ੍ਹਾ ਪੂੰਜੀ ਲਗਾ ਕੇ ਯੂ-ਟਿਊਬ ’ਤੇ ‘ਇੰਡੀਅਨ ਗੇਮ ਸ਼ੋਅ’ ਬਣਾਇਆ। ਉਸ ਸਮੇਂ ਮੈਂ ਪੰਜ ਮਹੀਨੇ ਦੀ ਪ੍ਰੈਗਨੈਂਟ ਸੀ ਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਇਹ ਸਾਡੇ ਲਈ ਬਹੁਤ ਵੱਡਾ ਰਿਸਕ ਸੀ ਪਰ ਕਿਸਮਤ ਚੰਗੀ ਰਹੀ ਤੇ ਸੋਨੀ ਨੂੰ ਸਾਡਾ ਕਾਨਸੈਪਟ ਪਸੰਦ ਆਇਆ।
ਭਾਰਤੀ-ਹਰਸ਼ ਦੀ ਦੋਸਤੀ, ਮਸਤੀ ਤੇ ਚੁਗਲੀ ਦਿਸੇਗੀ
Q. ਤੁਹਾਡੀ ਤੇ ਹਰਸ਼ ਦੀ ਕੈਮਿਸਟਰੀ ਹੀ ਕੀ ਸ਼ੋਅ ਦਾ ਸਭ ਤੋਂ ਵੱਡਾ ਯੂ.ਐੱਸ.ਪੀ. ਹੈ?
-ਹਾਂ, ਸਾਡੀ ਕੈਮਿਸਟਰੀ ਤਾਂ ਸ਼ੋਅ ’ਚ ਹੋਵੇਗੀ ਹੀ। ਅਸੀਂ ਦੋਵੇਂ ਨਾਲ ਹੁੰਦੇ ਹਾਂ ਤਾਂ ਮਸਤੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ। ਪੰਜਾਬੀ ਕਪਲਜ਼ ਵਾਂਗ ਅਸੀਂ ਇਕ-ਦੂਜੇ ਦੀ ਤਾਰੀਫ਼ ਵੀ ਕਰਦੇ ਹਾਂ ਤੇ ਵਿਚ-ਵਿਚਾਲੇ ਇਕ-ਦੂਜੇ ਦੀ ਚੁਗਲੀ ਵੀ ਕਰ ਦਿੰਦੇ ਹਾਂ। ਹਰਸ਼ ਕੁਝ ਕਰਦਾ ਹੈ ਤਾਂ ਮੈਂ ਉਸ ਨੂੰ ਛੇੜਦੀ ਹਾਂ ਤੇ ਮੈਂ ਕੁਝ ਕਰਦੀ ਹਾਂ ਤਾਂ ਉਹ ਵੀ ਪਿੱਛੇ ਨਹੀਂ ਰਹਿੰਦਾ। ਸਾਡੇ ਵਿਚਕਾਰ ਇਹ ਦੋਸਤੀ ਤੇ ਨੋਕ-ਝੋਕ ਸ਼ੋਅ ’ਚ ਵੀ ਦੇਖਣ ਨੂੰ ਮਿਲੇਗੀ।
Q. ਸ਼ੋਅ ’ਚ ਆਪਣੇ ਦੋਸਤਾਂ ਤੇ ਕਲਾਕਾਰਾਂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
-ਬਹੁਤ ਵਧੀਆ ਰਿਹਾ। ਜੋ ਕਲਾਕਾਰ ਸਾਡੇ ਸ਼ੋਅ ’ਚ ਆ ਰਹੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਨਾਲ ਅਸੀਂ ਪਹਿਲਾਂ ਵੀ ਕੰਮ ਕਰ ਚੁੱਕੇ ਹਾਂ। ਇਸ ਲਈ ਉਹ ਆਉਂਦੇ ਹੀ ਮਸਤੀ ਸ਼ੁਰੂ ਕਰ ਦਿੰਦੇ ਹਨ। ਸ਼ੋਅ ਦਾ ਮਾਹੌਲ ਅਜਿਹਾ ਹੈ ਜਿਵੇਂ ਪੂਰਾ ਪਰਿਵਾਰ ਕਿਸੇ ਅਮਿਊਜ਼ਮੈਂਟ ਪਾਰਕ ’ਚ ਚਲਾ ਗਿਆ ਹੋਵੇ। ਕੋਈ ਪਾਣੀ ’ਚ ਡਿੱਗ ਰਿਹਾ ਹੈ, ਕੋਈ ਇਕ-ਦੂਜੇ ਨੂੰ ਝੱਗ ਲਾ ਰਿਹਾ ਹੈ ਤੇ ਸਭ ਮਿਲ ਕੇ ਖੂਬ ਹੱਸ ਰਹੇ ਹਨ। ਤੁਹਾਨੂੰ ਅਜਿਹਾ ਲੱਗੇਗਾ ਜਿਵੇਂ ਕੋਈ ਵੱਡਾ ਭਰਾ ਜਾਂ ਮਾਮਾ ਬੱਚਿਆਂ ਨੂੰ ਅਮਿਊਜ਼ਮੈਂਟ ਪਾਰਕ ਲੈ ਕੇ ਆਇਆ ਹੋਵੇ।
ਰਿਸਕ ਲਿਆ, ਪੂਰੀ ਜਮ੍ਹਾ ਪੂੰਜੀ ਲਗਾ ਦਿੱਤੀ
Q. ਕੀ ਦਰਸ਼ਕਾਂ ਨੂੰ ਵੀ ਗੇਮ ਖੇਡਣ ਦਾ ਮੌਕਾ ਮਿਲੇਗਾ?
-ਬਿਲਕੁਲ। ਅਸੀਂ ਦਰਸ਼ਕਾਂ ਨਾਲ ਵੀ ਛੋਟੀਆਂ-ਛੋਟੀਆਂ ਗੇਮਜ਼ ਖੇਡਦੇ ਹਾਂ ਤੇ ਉਨ੍ਹਾਂ ਨੂੰ ਪ੍ਰਾਈਜ਼ ਵੀ ਦਿੰਦੇ ਹਾਂ। ਮੈਂ ਆਪਣੇ ਬਲਾਗ ਤੇ ਸੋਸ਼ਲ ਮੀਡੀਆ ’ਤੇ ਵੀ ਦੱਸਦੀ ਰਹਿੰਦੀ ਹਾਂ ਕਿ ਜੇਕਰ ਤੁਹਾਨੂੰ ਲਾਈਵ ‘ਇੰਡੀਅਨ ਗੇਮ ਸ਼ੋਅ’ ਦੇਖਣਾ ਹੈ ਤੇ ਸਾਡੇ ਨਾਲ ਗੇਮ ਖੇਡਣੀ ਹੈ ਤਾਂ ਆਓ। ਕਈ ਲੋਕ ਸਿਰਫ਼ ਗੇਮ ਖੇਡਣ ਤੇ ਕੁਝ ਜਿੱਤਣ ਲਈ ਵੀ ਆਉਂਦੇ ਹਨ। ਦਰਸ਼ਕਾਂ ਨਾਲ ਗੇਮ ਖੇਡਣਾ ਮੇਰੇ ਸ਼ੋਅ ਦੇ ਪਸੰਦੀਦਾ ਹਿੱਸਿਆਂ ’ਚੋਂ ਇਕ ਹੈ।
Q. ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਟੀ.ਵੀ. ’ਤੇ ਫੈਮਿਲੀ ਸ਼ੋਅ ਦੇਖਣ ਲਈ ਵਾਪਸ ਆਉਣਗੇ?
-ਬਿਲਕੁਲ, ਓ.ਟੀ.ਟੀ. ਦੀ ਆਪਣੀ ਆਡੀਅੰਸ ਹੈ ਤੇ ਅਸੀਂ ਵੀ ਓ.ਟੀ.ਟੀ. ’ਤੇ ਕਾਫ਼ੀ ਚੀਜ਼ਾਂ ਦੇਖਦੇ ਹਾਂ ਪਰ ਅੱਜ ਵੀ ਬਹੁਤ ਸਾਰੇ ਘਰਾਂ ’ਚ ਟੀ.ਵੀ. ਓਨਾ ਹੀ ਮਹੱਤਵਪੂਰਨ ਹੈ। ਮੇਰੀ ਮੰਮੀ, ਹਰਸ਼ ਦੀ ਮੰਮੀ ਤੇ ਪਰਿਵਾਰ ਦੇ ਕਈ ਲੋਕ ਅੱਜ ਵੀ ਟੀ.ਵੀ. ਦੇਖਦੇ ਹਨ। ਅੱਜ ਵੀ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਰਾਤ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਤੇ ਕੁਝ ਨਾਲ ਦੇਖਦੇ ਹਨ। ਇਸ ਲਈ ਅਸੀਂ ਸੋਚਿਆ ਕਿ ਇਹ ਸ਼ੋਅ ਟੀ.ਵੀ. ’ਤੇ ਵੀ ਆਉਣਾ ਚਾਹੀਦਾ ਹੈ, ਤਾਂ ਜੋ ਪੂਰੀ ਫੈਮਿਲੀ ਇਸ ਨੂੰ ਨਾਲ ਬੈਠ ਕੇ ਦੇਖ ਸਕੇ।
Q. ਜਦੋਂ ਯੂ-ਟਿਊਬ ’ਤੇ ਇਹ ਸ਼ੋਅ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ, ਉਦੋਂ ਸਭ ਤੋਂ ਵੱਡੀ ਚੁਣੌਤੀ ਕੀ ਸੀ?
-ਸਭ ਤੋਂ ਵੱਡੀ ਚੁਣੌਤੀ ਪੈਸੇ ਤੇ ਰਿਸਕ ਦੀ ਸੀ। ਅਸੀਂ ਇਕ ਵੱਡੇ ਲੈਵਲ ਦਾ ਗੇਮ ਸ਼ੋਅ ਬਣਾ ਰਹੇ ਸੀ ਤੇ ਇਸ ਵਿਚ 100 ਤੋਂ ਵੱਧ ਕਲਾਕਾਰ ਆਏ ਸਨ। ਉਸ ਸਮੇਂ ਕੋਵਿਡ ਤੋਂ ਬਾਅਦ ਚੀਜ਼ਾਂ ਹੌਲੀ-ਹੌਲੀ ਆਮ ਹੋ ਰਹੀਆਂ ਸਨ। ਨਾਲ ਹੀ ਸਾਡੀ ਜ਼ਿੰਦਗੀ ’ਚ ਇਕ ਹੋਰ ਵੱਡਾ ਬਦਲਾਅ ਆਉਣ ਵਾਲਾ ਸੀ। ਮੈਂ ਉਸ ਵੇਲੇ ਪ੍ਰੈਗਨੈਂਟ ਸੀ। ਸਾਨੂੰ ਡਰ ਸੀ ਕਿ ਇੰਨਾ ਪੈਸਾ ਲਾਉਣ ਤੋਂ ਬਾਅਦ ਜੇਕਰ ਸ਼ੋਅ ਨਹੀਂ ਚੱਲਿਆ ਤਾਂ ਕੀ ਹੋਵੇਗਾ ਪਰ ਅਸੀਂ ਹਿੰਮਤ ਕੀਤੀ ਤੇ ਆਪਣੀ ਲਗਭਗ ਪੂਰੀ ਜਮ੍ਹਾ ਪੂੰਜੀ ਇਸ ਵਿਚ ਲਗਾ ਦਿੱਤੀ। ਅੱਜ ਲੱਗਦਾ ਹੈ ਕਿ ਅਸੀਂ ਇਮਾਨਦਾਰੀ ਤੇ ਦਿਲ ਤੋਂ ਜੋ ਰਿਸਕ ਲਿਆ ਸੀ, ਉਸ ਦਾ ਨਤੀਜਾ ਚੰਗਾ ਆਇਆ।
