Harby Sangha ਦੀ ਕੰਪਾਊਡਰ ਤੋਂ ਅਦਾਕਾਰ ਬਣਨ ਤੱਕ ਦੀ ਕਹਾਣੀ, ਸੁਣੋ ਢਿੱਡੀਂ ਪੀੜਾਂ ਪਾਊਂਦਾ Interview
Tuesday, Sep 01, 2026 - 04:27 PM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਹਾਰਬੀ ਸੰਘਾ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਕੰਪਾਊਡਰ ਤੋਂ ਇੱਕ ਸਫਲ ਅਦਾਕਾਰ ਬਣਨ ਦੇ ਸਫ਼ਰ ਬਾਰੇ ਕਈ ਦਿਲਚਸਪ ਖੁਲਾਸੇ ਕੀਤੇ ਹਨ।
ਸਕੂਲ ਵੇਲੇ ਜਿਲਦਾਂ ਬੰਨ੍ਹਣ ਦਾ ਕੰਮ ਅਤੇ 3.5 ਰੁਪਏ ਦੀ ਪਹਿਲੀ ਕਮਾਈ
ਗੱਲਬਾਤ ਦੌਰਾਨ ਹਾਰਬੀ ਸੰਘਾ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਪੈਸੇ ਜੋੜਨ ਦਾ ਬਹੁਤ ਸ਼ੌਂਕ ਸੀ। ਉਹ ਵਿਆਹ ਵਿੱਚ ਬਾਰਾਤ ਸਮੇਂ ਲੁੱਟੇ ਪੈਸਿਆਂ ਨੂੰ ਖਰਚਣ ਦੀ ਬਜਾਏ ਆਪਣੇ ਕੋਲ ਸਾਂਭ ਕੇ ਰੱਖਦੇ ਹਨ। ਇਸ ਦੌਰਾਨ ਅਦਾਕਾਰ ਨੇ ਸਕੂਲ ਵਿੱਚ ਜਿਲਦਾਂ ਬੰਨ੍ਹਣ ਦਾ ਕੰਮ ਸਿੱਖਣ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇੱਕ ਦਿਨ ਉਨ੍ਹਾਂ ਨੂੰ MBD ਦੀ ਗਾਈਡ ਨੂੰ ਜਿਲਦ ਬੰਨ੍ਹਣ ਦਾ ਕੰਮ ਮਿਲਿਆ। ਇਸ ਕੰਮ ਲਈ ਉਨ੍ਹਾਂ ਨੇ ਸਾਈਕਲ ਚੁੱਕ ਕੇ ਨਕੋਦਰ ਤੋਂ 50 ਪੈਸੇ ਦੀ ਅਮਰੀ, 50 ਪੈਸੇ ਦਾ ਗੱਤਾ ਅਤੇ 50 ਪੈਸੇ ਦਾ ਰੰਗੀਨ ਪੇਪਰ ਲੈ ਕੇ ਆਏ ਅਤੇ ਆਟੇ ਦੀ ਲੇਟੀ ਤਿਆਰ ਕਰਕੇ ਕਿਤਾਬ ਦੀ ਜਿਲਦ ਬੰਨ੍ਹੀ, ਜਿਸ ਦੇ ਬਦਲੇ ਉਨ੍ਹਾਂ ਨੂੰ 5 ਰੁਪਏ ਮਿਲੇ। ਅਦਾਕਾਰ ਮੁਤਾਬਕ, ਅੱਜ ਭਾਵੇਂ ਉਹ ਕਰੋੜਾਂ ਰੁਪਏ ਕਮਾ ਰਹੇ ਹਨ, ਪਰ ਉਸ ਵੇਲੇ ਹੋਏ ਸਾਢੇ 3 ਰੁਪਏ ਦੇ ਮੁਨਾਫ਼ੇ ਦਾ ਜੋ ਸੁਆਦ ਅਤੇ ਸਰੂਰ ਸੀ, ਉਹ ਅੱਜ ਵੀ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ।
ਚਾਰ ਸਾਲ ਤੱਕ ਕੀਤੀ ਦੀ ਕੰਪਾਊਡਰੀ
ਅਦਾਕਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਜਿਲਦਾਂ ਬੰਨ੍ਹਣ ਦੇ ਨਾਲ-ਨਾਲ ਡਾਕਟਰੀ (ਕੰਪਾਊਡਰੀ) ਦੇ ਖੇਤਰ ਵਿੱਚ ਵੀ ਹੱਥ ਅਜ਼ਮਾਇਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਵੱਡੀ ਭਾਬੀ ਨੂੰ ਇਲਾਜ ਲਈ ਸਾਈਕਲ 'ਤੇ ਡਾਕਟਰ ਕਮਲ ਮਹਾਜਨ ਕੋਲ ਲੈ ਕੇ ਜਾਂਦੇ ਸਨ। ਇਸ ਦੌਰਾਨ ਉਨ੍ਹਾਂ ਦੀ ਡਾਕਟਰ ਨਾਲ ਕਾਫੀ ਜਾਣ-ਪਛਾਣ ਹੋ ਗਈ ਅਤੇ ਉਥੇ ਹੀ ਕੰਮ ਕਰਨ ਲੱਗ ਪਏ ਅਤੇ ਲਗਭਗ 4 ਸਾਲ ਕੰਪਾਊਡਰ ਵਜੋਂ ਕੰਮ ਕੀਤਾ। ਉਨ੍ਹਾਂ ਇਸ ਦੌਰਾਨ ਦਾ ਇੱਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਇੱਕ ਬਾਹਰਲੇ ਮਰੀਜ਼ (ਪਰਦੇਸੀ ਭਈਏ) 'ਤੇ ਤਜਰਬਾ ਕਰਦਿਆਂ ਪਹਿਲੀ ਵਾਰ 18 ਨੰਬਰ ਦੀ ਮੋਟੀ ਸੂਈ ਨਾਲ ਪੈਨਸਲੀਨ ਦਾ ਟੀਕਾ ਲਗਾਇਆ ਸੀ ਅਤੇ ਇਸ ਤੋਂ ਬਾਅਦ ਉਥੇ ਜਿੰਨੇ ਵੀ ਮਰੀਜ਼ ਇੰਜੈਕਸ਼ਨ ਲਗਵਾਉਣ ਲਈ ਆਏ ਸਾਰੇ ਉਨ੍ਹਾਂ ਨੇ ਹੀ ਅਟੈਂਡ ਕੀਤੀ। ਅਦਾਕਾਰ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਅੱਜ ਵੀ ਆਪਣਾ 35 ਸਾਲ ਪੁਰਾਣਾ ਸਟੈਥੋਸਕੋਪ ਸੰਭਾਲਿਆ ਹੋਇਆ ਹੈ, ਜੋ ਉਨ੍ਹਾਂ ਨੂੰ ਉਸ ਦੌਰ ਦੀ ਯਾਦ ਦਿਵਾਉਂਦਾ ਰਹਿੰਦਾ ਹੈ।
ਕਿਵੇਂ ਹੋਈ ਗੁਰਪ੍ਰੀਤ ਘੁੱਗੀ ਨਾਲ ਮੁਲਾਕਾਤ
ਹਾਰਬੀ ਸੰਘਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਆਪਣੇ ਪਿੰਡ (ਸ਼ੰਕਰ) ਤੋਂ ਬਾਹਰ ਨਿਕਲ ਕੇ ਡੀ.ਏ.ਵੀ. ਕਾਲਜ ਨਕੋਦਰ ਪੜ੍ਹਨ ਗਏ ਸਨ। ਕਾਲਜ ਵਿੱਚ ਹਰ ਸਾਲ ਹੋਣ ਵਾਲੇ ਟੈਲੈਂਟ ਸਰਚ ਮੁਕਾਬਲੇ ਵਿੱਚ ਉਨ੍ਹਾਂ ਨੇ ਭੰਡਾਂ ਦੀ ਆਈਟਮ ਪੇਸ਼ ਕੀਤੀ, ਜੋ ਬੇਹੱਦ ਸਫਲ ਰਹੀ। ਇਸ ਤੋਂ ਬਾਅਦ ਉਹ ਕਾਲਜ ਵਿੱਚ ਕਾਫੀ ਮਸ਼ਹੂਰ ਹੋ ਗਏ। ਨਕੋਦਰ ਤੋਂ ਬਾਅਦ, ਹਾਰਬੀ ਨੇ ਜਲੰਧਰ ਦੇ ਦੁਆਬਾ ਕਾਲਜ ਵਿੱਚ ਦਾਖਲਾ ਲਿਆ। ਇਸ ਦੌਰਾਨ ਉਨ੍ਹਾਂ ਦਾ ਰਾਬਤਾ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ ਨਾਲ ਹੋਇਆ, ਜਿਨ੍ਹਾਂ ਨੂੰ ਹਾਰਬੀ ਸੰਘਾ ਆਪਣਾ ਗੁਰੂ, ਗੋਡਫਾਦਰ ਅਤੇ ਆਈਡੀਅਲ ਮੰਨਦੇ ਹਨ। ਘੁੱਗੀ ਨੇ ਉਨ੍ਹਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਦੂਰਦਰਸ਼ਨ 'ਤੇ ਆਪਣੀ ਕੈਸੇਟ ਸਕਿਟ ਵਿੱਚ ਚੌਕੀਦਾਰ ਦੇ ਇੱਕ ਛੋਟੇ ਜਿਹੇ ਰੋਲ ਰਾਹੀਂ ਪਹਿਲਾ ਬ੍ਰੇਕ ਦਿੱਤਾ। ਹਾਰਬੀ ਸੰਘਾ ਅਨੁਸਾਰ, ਗੁਰਪ੍ਰੀਤ ਘੁੱਗੀ ਨੇ ਹੀ ਉਨ੍ਹਾਂ ਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਦੇ ਹਨੇਰੇ ਵਿੱਚੋਂ ਕੱਢ ਕੇ ਮਿਹਨਤ ਕਰਨ, ਸੱਚੀ ਕਿਰਤ ਕਰਨ ਅਤੇ ਮਾਂ-ਬਾਪ ਦੀ ਇੱਜ਼ਤ ਕਰਨ ਦਾ ਰਾਹ ਵਿਖਾਇਆ।
ਫਿਲਮ 'ਕੈਰੀ ਓਨ ਜੱਟਾ' ਦੇ ਨੇ ਬਦਲੀ ਤਕਦੀਰ
ਹਾਰਬੀ ਸੰਘਾ ਨੇ ਅੱਗੇ ਦੱਸਿਆ ਕਿ ਫਿਲਮ 'ਕੈਰੀ ਓਨ ਜੱਟਾ' ਨੇ ਉਨ੍ਹਾਂ ਦੇ ਕਰੀਅਰ ਨੂੰ ਉਡਾਣ ਦਿੱਤੀ ਸੀ। ਉਹ ਬਿਨਾਂ ਕਿਸੇ ਫੋਨ ਜਾਂ ਸੱਦੇ ਦੇ, ਸਿਰਫ਼ ਆਪਣੇ ਇੱਕ ਫੋਟੋਗ੍ਰਾਫਰ ਦੋਸਤ ਨਿਰਮਲ ਨੂੰ ਮਿਲਣ ਲਈ ਫਿਲਮ ਦੇ ਸੈੱਟ 'ਤੇ ਗਏ ਸਨ। ਉੱਥੇ ਮੌਜੂਦ ਨਿਰਦੇਸ਼ਕ ਸਮੀਪ ਕੰਗ ਨੇ ਉਨ੍ਹਾਂ ਨੂੰ ਦੇਖ ਕੇ ਤੁਰੰਤ ਰਿਕਸ਼ੇ ਵਾਲਾ ਰੋਲ ਕਰਨ ਲਈ ਆਖਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਰਿਕਸ਼ਾ ਚਲਾ ਲੈਣਗੇ, ਤਾਂ ਹਾਰਬੀ ਸੰਘਾ ਨੇ ਕਿਹਾ ਸੀ, "ਮੈਂ ਜ਼ਿੰਦਗੀ ਚਲਾਉਣ ਲਈ ਕੁਝ ਵੀ ਚਲਾ ਸਕਦਾ ਹਾਂ"। ਇਸ ਇੱਕ ਰੋਲ ਨੇ ਉਨ੍ਹਾਂ ਦੇ ਜੀਵਨ ਦਾ ਪਹੀਆ ਸਫ਼ਲਤਾ ਦੀ ਪਟੜੀ 'ਤੇ ਚਾੜ੍ਹ ਦਿੱਤਾ।
ਸਰੀਰਕ ਕਮਜ਼ੋਰੀ ਨੂੰ ਬਣਾਇਆ ਸਭ ਤੋਂ ਵੱਡਾ 'ਹਥਿਆਰ'
ਹਾਰਬੀ ਸੰਘਾ ਨੇ ਆਪਣੀ ਬਾਂਹ ਦੀ ਸਰੀਰਕ ਸਮੱਸਿਆ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਦੱਸਿਆ ਕਿ ਇਹ ਜਮਾਂਦਰੂ ਨਹੀਂ ਸੀ। ਜਦੋਂ ਉਹ ਮਹਿਜ਼ 3-4 ਸਾਲ ਦੇ ਸਨ, ਤਾਂ ਕਿਸੇ ਹਾਦਸੇ (ਇੰਸੀਡੈਂਟ) ਕਾਰਨ ਉਨ੍ਹਾਂ ਦੀ ਬਾਂਹ ਪ੍ਰਭਾਵਿਤ ਹੋ ਗਈ ਸੀ। ਪਰ ਉਨ੍ਹਾਂ ਨੇ ਕਦੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਅਤੇ ਇਸ ਸਰੀਰਕ ਦਿੱਖ ਨੂੰ ਹੀ ਆਪਣਾ ਸਭ ਤੋਂ ਵੱਡਾ 'ਹਥਿਆਰ' ਬਣਾ ਲਿਆ, ਜਿਸ ਨੇ ਉਨ੍ਹਾਂ ਨੂੰ ਕਰੋੜਾਂ ਦਾ ਮਾਲਕ ਅਤੇ ਪ੍ਰਸਿੱਧ ਕਲਾਕਾਰ ਬਣਾਇਆ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ
ਪਰਿਵਾਰਕ ਸਾਂਝ
ਹਾਰਬੀ ਸੰਘਾ ਆਪਣੀ ਸਫ਼ਲਤਾ ਵਿੱਚ ਆਪਣੀ ਪਤਨੀ ਸਿਮਰਨ ਦੇ ਵੱਡੇ ਯੋਗਦਾਨ ਦਾ ਜ਼ਿਕਰ ਕਰਦੇ ਹਨ, ਜਿਸ ਨੇ ਤੰਗੀ ਦੇ ਦਿਨਾਂ ਵਿੱਚ ਬੁਟੀਕ ਦਾ ਕੰਮ ਕਰਕੇ ਘਰ ਚਲਾਇਆ ਅਤੇ ਹਾਰਬੀ ਨੂੰ ਅਦਾਕਾਰੀ 'ਤੇ ਧਿਆਨ ਦੇਣ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੇ ਬੱਚੇ ਸੁਖਲੀਨ ਸੰਘਾ ਅਤੇ ਏਕਮ ਸੰਘਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
