ਸੈੱਟ ’ਤੇ ਤਣਾਅ ਨਹੀਂ, ਹਾਸਾ-ਮਜ਼ਾਕ ਤੇ ਖ਼ੁਸ਼ੀ ਦਾ ਮਾਹੌਲ ਜ਼ਰੂਰੀ : ਰਿਤੇਸ਼ ਦੇਸ਼ਮੁਖ
Friday, Sep 11, 2026 - 12:10 PM (IST)
ਮੁੰਬਈ- ਮਰਾਠੀ ਸਿਨੇਮਾ ਦੀਆਂ ਵੱਡੀਆਂ ਸਫ਼ਲ ਫ਼ਿਲਮਾਂ ’ਚ ਸ਼ਾਮਿਲ ‘ਰਾਜਾ ਸ਼ਿਵਾਜੀ’ ਨੇ ਬਾਕਸ ਆਫ਼ਿਸ ’ਚ 130 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ’ਚ ਰਿਤੇਸ਼ ਦੇਸ਼ਮੁਖ ਨੇ ਅਦਾਕਾਰ ਦੇ ਨਾਲ-ਨਾਲ ਸਹਿ-ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ, ਜਦ ਕਿ ਜੇਨੇਲੀਆ ਡਿਸੂਜ਼ਾ ਵੀ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹਨ। ਹੁਣ ਇਸ ਫ਼ਿਲਮ ਦਾ ਪ੍ਰੀਮੀਅਰ 12 ਸਤੰਬਰ ਨੂੰ ਰਾਤ 8 ਵਜੇ ਸਟਾਰ ਗੋਲਡ ’ਤੇ ਹੋਣ ਜਾ ਰਿਹਾ ਹੈ। ਇਸੇ ਸਿਲਸਿਲੇ ’ਚ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
ਰਾਈਟਿੰਗ ਤੋਂ ਐਕਟਿੰਗ ਤੱਕ ਹਰ ਜ਼ਿੰਮੇਵਾਰੀ ਨੇ ਬਹੁਤ ਕੁਝ ਸਿਖਾਇਆ : ਰਿਤੇਸ਼
Q ਕੋ-ਰਾਈਟਰ, ਐਕਟਰ, ਪ੍ਰੋਡਿਊਸਰ ਤੇ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣਾ ਕਿੰਨਾ ਚੁਣੌਤੀਪੂਰਨ ਰਿਹਾ?
-ਰਾਈਟਿੰਗ ਦੌਰਾਨ ਪੂਰੀ ਫ਼ਿਲਮ, ਹਰ ਕਿਰਦਾਰ ਤੇ ਉਸ ਦੇ ਇਮੋਸ਼ਨ ਨੂੰ ਸਮਝਣ ’ਚ ਸਮਾਂ ਲੱਗਾ। ਇਸ ਲਈ ਸੈੱਟ ’ਤੇ ਆਉਣ ਤੱਕ ਮੈਨੂੰ ਸਿਰਫ਼ ਆਪਣੀ ਲਾਈਨ ਹੀ ਨਹੀਂ, ਸਗੋਂ ਹਰ ਕਿਰਦਾਰ ਦੀ ਲਾਈਨ ਤੇ ਉਸ ਦਾ ਇਮੋਸ਼ਨ ਪਤਾ ਸੀ। ਬਤੌਰ ਡਾਇਰੈਕਟਰ ਇਸ ਤੋਂ ਕਾਫ਼ੀ ਸਪੱਸ਼ਟਤਾ ਮਿਲੀ। ਐਕਟਿੰਗ ’ਚ ਵੀ ਇਸ ਦਾ ਫ਼ਾਇਦਾ ਹੋਇਆ, ਕਿਉਂਕਿ ਮੈਨੂੰ ਪਤਾ ਸੀ ਕਿ ਬਤੌਰ ਡਾਇਰੈਕਟਰ ਮੈਂ ਆਪਣੇ ਅੰਦਰ ਦੇ ਐਕਟਰ ਤੋਂ ਕੀ ਚਾਹੁੰਦਾ ਹਾਂ। ਪ੍ਰੋਡਕਸ਼ਨ ਦੀ 90-95 ਫ਼ੀਸਦੀ ਜ਼ਿੰਮੇਵਾਰੀ ਜੇਨੇਲੀਆ ਨੇ ਸੰਭਾਲੀ। ਇਹ ਸਾਰੀਆਂ ਜ਼ਿੰਮੇਵਾਰੀਆਂ ਚੁਣੌਤੀਪੂਰਨ ਸਨ ਪਰ ਮੇਰੇ ਲਈ ਕਾਫ਼ੀ ਮਦਦਗਾਰ ਵੀ ਰਹੀਆਂ।
Q ਕੀ ਅੱਗੇ ਵੀ ਤੁਸੀਂ ਐਕਟਿੰਗ, ਡਾਇਰੈਕਸ਼ਨ, ਪ੍ਰੋਡਕਸ਼ਨ ਤੇ ਰਾਈਟਿੰਗ ਦੀ ਜ਼ਿੰਮੇਵਾਰੀ ਇਕੱਠੀ ਨਿਭਾਓਗੇ?
-ਜ਼ਰੂਰੀ ਨਹੀਂ। ਮੈਂ ਅਜਿਹੀ ਫ਼ਿਲਮ ਵੀ ਕਰਨਾ ਚਾਹਾਂਗਾ ਜਿਸ ’ਚ ਮੈਂ ਐਕਟ ਨਾ ਕਰਾਂ। ਸਿਰਫ਼ ਰਾਈਟਰ-ਡਾਇਰੈਕਟਰ ਬਣਨਾ ਚਾਹਾਂਗਾ ਤੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਜੇਨੇਲੀਆ ਸੰਭਾਲਣ। ਸ਼ਾਇਦ ਫ਼ਿਲਮ ’ਚ ਨਾ ਰਹਿਣਾ ਮੇਰੇ ਲਈ ਜ਼ਿਆਦਾ ਬਿਹਤਰ ਹੋਵੇ।
Q ਤੁਹਾਡੇ ਦੋਵੇਂ ਬੇਟੇ ਸੈੱਟ ਤੇ ਤੁਹਾਡੇ ਸਾਹਮਣੇ ਸਨ। ਕੀ ਉਹ ਤੁਹਾਡੇ ਤੋਂ ਇੰਟੀਮਿਡੇਟ ਰਹਿੰਦੇ ਸਨ?
-ਬਿਲਕੁਲ ਨਹੀਂ। ਮੇਰਾ ਮੰਨਣਾ ਹੈ ਕਿ ਸੈੱਟ ਦਾ ਮਾਹੌਲ ਖ਼ੁਸ਼ਨੁਮਾ ਹੋਣਾ ਚਾਹੀਦਾ ਹੈ। ਤਣਾਅ ਦਾ ਅਸਰ ਕੰਮ ’ਤੇ ਪੈਂਦਾ ਹੈ। ਸਾਡੇ ਸੈੱਟ ’ਤੇ ਹਮੇਸ਼ਾ ਹਾਸਾ-ਮਜ਼ਾਕ ਤੇ ਖ਼ੁਸ਼ੀ ਦਾ ਮਾਹੌਲ ਰਿਹਾ। ਪ੍ਰੋਡਕਸ਼ਨ ਨਾਲ ਜੁੜਿਆ ਤਣਾਅ ਸਾਡੇ ਤੱਕ ਕਦੇ ਨਹੀਂ ਪਹੁੰਚਿਆ।
Q ਕਾਸਟਿੰਗ ’ਚ ਤੁਸੀਂ ਦੋਵੇਂ ਕਿੰਨੇ ਇਨਵਾਲਵ ਸੀ?
-ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਜੁੜੇ। ਮੈਂ ਕਿਹਾ ਕਿ ਮੈਂ ਫ਼ਿਲਮ ਡਾਇਰੈਕਟ ਕਰ ਰਿਹਾ ਹਾਂ ਤੇ ਉਨ੍ਹਾਂ ਨੇ ਬਿਨਾਂ ਕਿਰਦਾਰ ਜਾਣੇ ਹੀ ‘ਡਨ’ ਕਹਿ ਦਿੱਤਾ। ਸਲਮਾਨ ਭਾਈ ਨੇ ਖ਼ੁਦ ਪੁੱਛਿਆ ਕਿ ਫ਼ਿਲਮ ’ਚ ਉਨ੍ਹਾਂ ਦਾ ਰੋਲ ਕੀ ਹੈ ਤੇ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਫ਼ਿਲਮ ਨਹੀਂ ਕਰ ਸਕਦੇ। ਬੋਮਨ ਇਰਾਨੀ ਦੀਆਂ ਡੇਟਸ ਦੋ ਵਾਰ ਮੈਚ ਨਹੀਂ ਹੋਈਆਂ ਪਰ ਤੀਜੀ ਵਾਰ ਉਨ੍ਹਾਂ ਨੇ ਆਪਣੀ ਡੇਟ ਮੈਨੇਜ ਕਰ ਲਈ। ਵਿਦਿਆ ਬਾਲਨ ਨੇ ਕਹਾਣੀ ਸੁਣਦੇ ਹੀ ਮਹੱਤਵਪੂਰਨ ਭੂਮਿਕਾ ਲਈ ਹਾਂ ਕਰ ਦਿੱਤੀ। ਫਰਦੀਨ ਖ਼ਾਨ ਸਾਨੂੰ ਸ਼ਾਹਜਹਾਂ ਦੇ ਕਿਰਦਾਰ ਲਈ ਬਿਲਕੁਲ ਸਹੀ ਲੱਗੇ। ਸੰਜੇ ਸਰ ਬਹੁਤ ਬਿਜ਼ੀ ਸਨ ਪਰ ਉਨ੍ਹਾਂ ਨੇ ਡੇਟਸ 'ਚੋਂ ਸਮਾਂ ਕੱਢ ਕੇ ਸਾਨੂੰ ਦਿੱਤਾ। ਸਾਰੇ ਕਲਾਕਾਰਾਂ ਦਾ ਜੁੜਣਾ ਸਾਡੇ ਲਈ ਸ਼ਾਨਦਾਰ ਤਜਰਬਾ ਰਿਹਾ।
ਪ੍ਰੋਡਕਸ਼ਨ 100 ਫ਼ੀਸਦੀ ਥੈਂਕਲੈੱਸ ਜਾਬ ਹੈ : ਜੇਨੇਲੀਆ ਡਿਸੂਜ਼ਾ
Q ਮੈਂ ਕਈ ਲੋਕਾਂ ਤੋਂ ਸੁਣਿਆ ਹੈ ਕਿ ਪ੍ਰੋਡਕਸ਼ਨ ਇਕ ਥੈਂਕਲੈੱਸ ਜਾਬ ਹੈ। ਤੁਸੀਂ ਖ਼ੁਦ ਪ੍ਰੋਡਿਊਸਰ ਹੋ, ਤਾਂ ਦੱਸੋ ਕਿ ਅਜਿਹਾ ਕਿਉਂ ਕਿਹਾ ਜਾਂਦਾ ਹੈ?
-ਇਹ 100 ਫ਼ੀਸਦੀ ਥੈਂਕਲੈੱਸ ਜਾਬ ਹੈ। ਜਿਵੇਂ ਇਕ ਮਾਂ ਦਾ ਕੰਮ ਥੈਂਕਲੈੱਸ ਹੁੰਦਾ ਹੈ, ਉਸੇ ਤਰ੍ਹਾਂ ਪ੍ਰੋਡਕਸ਼ਨ ਵੀ ਹੈ। ਸੈੱਟ ’ਤੇ ਪ੍ਰੋਡਕਸ਼ਨ ਡਿਪਾਰਟਮੈਂਟ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਪਰ ਉਸ ਦਾ ਕ੍ਰੈਡਿਟ ਘੱਟ ਦਿਖਾਈ ਦਿੰਦਾ ਹੈ। ਜੇਕਰ ਸ਼ਿਫ਼ਟ ਸਵੇਰੇ 6 ਵਜੇ ਦੀ ਹੈ ਤਾਂ 4 ਜਾਂ 4:30 ਵਜੇ ਪਹੁੰਚ ਕੇ ਸਿਰਫ਼ ਖ਼ੁਦ ਸਮੇਂ ’ਤੇ ਪਹੁੰਚਣਾ ਹੀ ਨਹੀਂ, ਸਗੋਂ 200-300 ਲੋਕਾਂ ਦੀ ਪੂਰੀ ਯੂਨਿਟ ਨੂੰ ਮੈਨੇਜ ਕਰਨਾ ਹੁੰਦਾ ਹੈ। ਸ਼ੂਟਿੰਗ ਸਮੇਂ ’ਤੇ ਸ਼ੁਰੂ ਹੋਵੇ ਤੇ ਬਿਨਾਂ ਕਿਸੇ ਰੁਕਾਵਟ ਦੇ ਚੱਲੇ, ਇਸ ਲਈ ਮਜ਼ਬੂਤ ਪ੍ਰੋਡਕਸ਼ਨ ਬਹੁਤ ਜ਼ਰੂਰੀ ਹੈ। ਪਰ ਇਸ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਜੇਕਰ ਤੁਸੀਂ ਅਜਿਹਾ ਮਾਹੌਲ ਬਣਾ ਪਾਉਂਦੇ ਹੋ, ਜਿੱਥੇ ਡਾਇਰੈਕਟਰ, ਐਕਟਰਜ਼ ਤੇ ਪੂਰੀ ਟੀਮ ਖ਼ੁਸ਼ ਹੋ ਕੇ ਕੰਮ ਕਰੇ ਤੇ ਦੁਬਾਰਾ ਤੁਹਾਡੇ ਸੈੱਟ ’ਤੇ ਆਉਣ ਦੀ ਉਡੀਕ ਕਰੇ ਤਾਂ ਉਹੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ। ‘ਰਾਜਾ ਸ਼ਿਵਾਜੀ’ ਵਰਗੀ ਫ਼ਿਲਮ ਪੂਰੀ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਇੰਨੀ ਮਿਹਨਤ ਤੇ ਜ਼ਿੰਮੇਵਾਰੀਆਂ ਸੰਭਾਲਣਾ ਵਾਕਈ ਇਸ ਦੇ ਲਾਇਕ ਸੀ।
ਦੋਸਤੀ ਤੇ ਕੰਮ ਨੂੰ ਕਦੇ ਆਪਸ ’ਚ ਨਹੀਂ ਮਿਲਾਇਆ, ਕਦੇ ਸਵਾਰਥ ਨਹੀਂ ਰੱਖਿਆ : ਰਿਤੇਸ਼
Q ਇੰਡਸਟਰੀ ਦੀ ਟ੍ਰਾਂਜ਼ੈਕਸ਼ਨਲ ਦੁਨੀਆ ’ਚ ਤੁਸੀਂ ਦੋਵੇਂ ਆਪਣੀਆਂ ਦੋਸਤੀਆਂ ਕਿਵੇਂ ਨਿਭਾਉਂਦੇ ਹੋ?
ਰਿਤੇਸ਼ ਦੇਸ਼ਮੁਖ : ਜਦੋਂ ਅਸੀਂ ਇੰਡਸਟਰੀ ’ਚ ਆਏ ਸੀ, ਉਦੋਂ ਰਿਸ਼ਤੇ ਨਿੱਜੀ ਪੱਧਰ ’ਤੇ ਬਣਦੇ ਸਨ। ਸਲਮਾਨ, ਸ਼ਾਹਰੁਖ ਖ਼ਾਨ, ਅਭਿਸ਼ੇਕ ਬੱਚਨ, ਅਜੈ ਦੇਵਗਨ ਤੇ ਅਕਸ਼ੈ ਕੁਮਾਰ ਸਣੇ ਕਈ ਕਲਾਕਾਰਾਂ ਨਾਲ ਚੰਗੀ ਦੋਸਤੀ ਹੈ। ਕਦੇ ਦੋਸਤੀ ਤੇ ਕੰਮ ਨੂੰ ਆਪਸ ’ਚ ਨਹੀਂ ਮਿਲਾਇਆ। ਇਕ-ਦੂਜੇ ਦੀ ਸਫ਼ਲਤਾ ਨੂੰ ਸੈਲੀਬ੍ਰੇਟ ਕਰਦੇ ਸੀ ਤੇ ਲੋੜ ਦੇ ਸਮੇਂ ਨਾਲ ਖੜ੍ਹੇ ਰਹਿੰਦੇ ਸੀ। ਸ਼ਾਇਦ ਇਸੇ ਵਜ੍ਹਾ ਕਰ ਕੇ ‘ਰਾਜਾ ਸ਼ਿਵਾਜੀ’ ’ਚ ਵੀ ਮੇਰੇ ਦੋਸਤ ਮੇਰੇ ਨਾਲ ਖੜ੍ਹੇ ਹੋਏ।
ਜੇਨੇਲੀਆ ਡਿਸੂਜ਼ਾ : ਮੈਨੂੰ ਲੱਗਦਾ ਹੈ ਕਿ ਇੰਡਸਟਰੀ ’ਚ ਰਿਸ਼ਤੇ ਅੱਜ ਵੀ ਦਿਲ ਤੋਂ ਬਣਦੇ ਹਨ। ਰਿਤੇਸ਼ ਦੇ ਦੋਸਤਾਂ ਨੇ ਮੈਨੂੰ ਵੀ ਬਹੁਤ ਅਾਪਣਾਪਨ ਦਿੱਤਾ। ਜਦੋਂ ਕਿਸੇ ਰਿਸ਼ਤੇ ’ਚ ਕੋਈ ਸਵਾਰਥ ਜਾਂ ਟ੍ਰਾਂਜ਼ੈਕਸ਼ਨ ਆ ਜਾਂਦੀ ਹੈ ਤਾਂ ਉਹ ਮਹਿਸੂਸ ਹੋ ਜਾਂਦੀ ਹੈ। ਮੈਂ ਖ਼ੁਦ ਇਕ ਆਊਟਸਾਈਡਰ ਦੇ ਤੌਰ ’ਤੇ ਇੰਡਸਟਰੀ ’ਚ ਕਦਮ ਰੱਖਿਆ ਤੇ ਇਥੇ ਬਹੁਤ ਅਪਣਾਪਨ ਮਿਲਿਆ। ਇਸ ਲਈ ਮੈਂ ਇਸ ਨੂੰ ਬੁਰੀ ਜਗ੍ਹਾ ਨਹੀਂ, ਸਗੋਂ ਬਹੁਤ ਖ਼ੂਬਸੂਰਤ ਤੇ ਮਦਦਗਾਰ ਇੰਡਸਟਰੀ ਮੰਨਦੀ ਹਾਂ।
Q ਤੁਹਾਡੀ ਪਹਿਲੀ ਫ਼ਿਲਮ 2003 ’ਚ ਆਈ ਸੀ। ਹੁਣ ਤੱਕ ਕੀ ਬਦਲਿਆ ਤੇ ਕੀ ਅੱਜ ਵੀ ਉਵੇਂ ਹੀ ਹੈ?
ਜੇਨੇਲੀਆ ਡਿਸੂਜ਼ਾ : ਅਸੀਂ ਨਿਸ਼ਚਿਤ ਤੌਰ ’ਤੇ ਬਦਲੇ ਹਾਂ। ਬਤੌਰ ਐਕਟਰਜ਼, ਸਾਡੀਆਂ ਜ਼ਿੰਮੇਵਾਰੀਆਂ ਤੇ ਜ਼ਿੰਦਗੀ ’ਚ ਬਹੁਤ ਕੁਝ ਬਦਲਿਆ ਹੈ। ਪਰ ਇਕ ਚੀਜ਼ ਜੋ ਬਿਲਕੁਲ ਨਹੀਂ ਬਦਲੀ, ਉਹ ਹੈ ਇਕ-ਦੂਜੇ ਦੀ ਕੰਪਨੀ ਨੂੰ ਇੰਨਜੁਆਏ ਕਰਨਾ।
ਰਿਤੇਸ਼ ਦੇਸ਼ਮੁਖ : ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਉਦੋਂ ਕੈਮਰਾ, ਲਾਈਟ ਤੇ ਸ਼ੂਟਿੰਗ ਦੀ ਤਕਨੀਕ ਨੂੰ ਸਮਝਣਾ ਵੀ ਸਿੱਖ ਰਹੇ ਸੀ। 200 ਫੁੱਟ ਦੇ ਨੈਗੇਟਿਵ ਤੋਂ ਲੈ ਕੇ ਅੱਜ ਦੀ ਡਿਜੀਟਲ ਟੈਕਨਾਲੋਜੀ ਤੱਕ ਅਸੀਂ ਬਹੁਤ ਬਦਲਾਅ ਦੇਖੇ ਹਨ ਪਰ ਜੇਨੇਲੀਆ ਦਾ ਕੰਮ ਦੇ ਪ੍ਰਤੀ ਉਤਸ਼ਾਹ ਅੱਜ ਵੀ ਉਵੇਂ ਹੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਉਸ ’ਚ ਤਜਰਬਾ ਜੁੜ ਗਿਆ ਹੈ। ਬਤੌਰ ਡਾਇਰੈਕਟਰ, ਉਹ ਕਈ ਵਾਰ ਸੀਨ ’ਚ ਕੁਝ ਅਜਿਹਾ ਕਰ ਦਿੰਦੀ ਹੈ ਜਿਸ ਦੀ ਮੈਂ ਉਮੀਦ ਨਹੀਂ ਕੀਤੀ ਹੁੰਦੀ। ਜੇਕਰ ਕਿਸੇ ਡਾਇਰੈਕਟਰ ਨੂੰ ਜੇਨੇਲੀਆ ਵਰਗੀ ਐਕਟਰ ਮਿਲ ਜਾਵੇ ਤਾਂ ਉਹ ਵਾਕਈ ਲੱਕੀ ਹੈ।
