ਵੈੱਬ ਸੀਰੀਜ਼ ‘ਦੁਪਹੀਆ-2’ ’ਚ ਇਸ਼ਕ ਦਾ ਜਨੂੰਨ, ਸਿਸਟਮ ਦੀ ਚਿੰਤਾ
Thursday, Oct 08, 2026 - 03:28 PM (IST)
ਐਂਟਰਟੇਨਮੈਂਟ ਡੈਸਕ - ਬੀਤੇ ਸਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਚਰਚਿਤ ਵੈੱਬ ਸੀਰੀਜ਼ ‘ਦੁਪਹੀਆ’ ਆਪਣੇ ਦੂਜੇ ਸੀਜ਼ਨ ਨਾਲ ਓ.ਟੀ.ਟੀ. ਪਲੇਟਫਾਰਮ ’ਤੇ ਵਾਪਸ ਆ ਗਈ ਹੈ। ਇਕ ਵਾਰ ਫਿਰ ਧੜਕਪੁਰ ਪਿੰਡ ਦੇ ਕਿਰਦਾਰ ਨਵੀਂ ਕਹਾਣੀ ਅਤੇ ਮਜ਼ੇਦਾਰ ਘਟਨਾਵਾਂ ਨਾਲ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਸੀਜ਼ਨ ’ਚ ਕਹਾਣੀ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਕਈ ਨਵੇਂ ਚਿਹਰਿਆਂ ਨੂੰ ਵੀ ਜੋੜਿਆ ਗਿਆ ਹੈ, ਜਿਨ੍ਹਾਂ ’ਚ ਭੋਜਪੁਰੀ ਫ਼ਿਲਮਾਂ ਦੇ ਮਸ਼ਹੂਰ ਸਟਾਰ ਦਿਨੇਸ਼ ਲਾਲ ਯਾਦਵ ‘ਨਿਰਹੁਆ’ ਵੀ ਸ਼ਾਮਿਲ ਹਨ। ਸ਼ੋਅ ਬਾਰੇ ਕਾਸਟ ਨੇ ਪੰਜਾਬ ਕੇਸਰੀ / ਨਵੋਦਿਆ ਟਾਈਮਜ਼ / ਜਗ ਬਾਣੀ / ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸੀਜ਼ਨ-1 ਵਾਂਗ ਹੀ ਸੀਜ਼ਨ-2 ਨੂੰ ਵੀ ਬਹੁਤ ਮਜ਼ੇ ਨਾਲ ਬਣਾਇਆ ਹੈ : ਸ਼ਿਵਾਂਗੀ ਰਘੂਵੰਸ਼ੀ
Q ਕੀ ਤੁਹਾਨੂੰ ਲੱਗਦਾ ਹੈ ਕਿ ਪੇਪਰ ਲੀਕ ਮਾਮਲੇ ’ਚ ਸਿਸਟਮ ’ਚ ਵੀ ਬਦਲਾਅ ਦੀ ਲੋੜ ਹੈ?
- ਬਿਲਕੁਲ। ਜੇਕਰ ਅਸੀਂ ਸਿੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਵਾਂਗੇ ਤਾਂ ਸਮਾਜ ਕਿਸ ਦਿਸ਼ਾ ’ਚ ਜਾਵੇਗਾ, ਇਹ ਸੋਚਣਾ ਬਹੁਤ ਜ਼ਰੂਰੀ ਹੈ। ਇਸ ਲਈ ਸਿਸਟਮ ਨੂੰ ਵੀ ਇਕ ਪੱਧਰ ’ਤੇ ਬਦਲਾਅ ਦੀ ਲੋੜ ਹੈ। ਬਹੁਤ ਸਾਰੇ ਲੋਕ ਪ੍ਰੀਖਿਆ ਲਈ ਕਾਫ਼ੀ ਮਿਹਨਤ ਕਰਦੇ ਹਨ, ਇਸ ਲਈ ਵਿਵਸਥਾ ਨੂੰ ਬਿਹਤਰ ਅਤੇ ਨਿਰਪੱਖ ਬਣਾਉਣ ਦੀ ਲੋੜ ਹੈ।
Q ਦਰਸ਼ਕਾਂ ਨੂੰ ਕੀ ਸੁਨੇਹਾ ਦਿਓਗੇ?
- ਸਾਡਾ ਪਿਆਰਾ ਸ਼ੋਅ ‘ਦੁਪਹੀਆ’ ਇਸ ਵਾਰ ਹੋਰ ਵੀ ਜ਼ਿਆਦਾ ਪਾਗਲਪਨ ਲੈ ਕੇ ਦਰਸ਼ਕਾਂ ਵਿਚਕਾਰ ਆਇਆ ਹੈ। ਅਸੀਂ ਸੀਜ਼ਨ-1 ਵਾਂਗ ਹੀ ਸੀਜ਼ਨ-2 ਨੂੰ ਵੀ ਬਹੁਤ ਮਜ਼ੇ ਨਾਲ ਬਣਾਇਆ ਹੈ, ਸਗੋਂ ਇਸ ਵਾਰ ਅਸੀਂ ਉਸ ਤੋਂ ਵੀ ਜ਼ਿਆਦਾ ਇੰਜੁਆਏ ਕੀਤਾ ਹੈ।
‘ਦੁਪਹੀਆ-2’ ’ਚ ਇਨਸਕਿਓਰਿਟੀ ਵਿਚਕਾਰ ਕਾਇਮ ਰਹੇਗਾ ਇਕਤਰਫ਼ਾ ਪਿਆਰ : ਭੁਵਨ ਅਰੋੜਾ
Q ਸੀਜ਼ਨ 2 'ਚ ਕਹਾਣੀ ਕਿਸ ਦਿਸ਼ਾ 'ਚ ਅੱਗੇ ਵਧੇਗੀ?
- 4 ਐਪੀਸੋਡ ਤਾਂ ਦਰਸ਼ਕ ਦੇਖ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਹਾਣੀ ਕਿਸ ਦਿਸ਼ਾ 'ਚ ਜਾ ਰਹੀ ਹੈ। ਇਸ ਵਾਰ ਥੋੜ੍ਹੀ ਇਨਸਕਿਓਰਿਟੀ ਦੇਖਣ ਨੂੰ ਮਿਲੇਗੀ। ਹਾਲਾਂਕਿ ਇਕਤਰਫ਼ਾ ਪਿਆਰ ਦੀ ਤਾਕਤ ਇਸ ਸੀਜ਼ਨ ’ਚ ਵੀ ਬਣੀ ਰਹੇਗੀ।
Q ਸਿੱਖਿਆ ਵਿਵਸਥਾ ’ਚ ਬਦਲਾਅ ਲਈ ਕੀ ਜ਼ਰੂਰੀ ਹੈ?
- ਬਿਹਤਰ ਨਿਗਰਾਨੀ ਅਤੇ ਸੁਪਰਵੀਜ਼ਨ ਦੀ ਲੋੜ ਹੈ, ਪਰ ਇਸ ਦੇ ਨਾਲ ਲੋਕਾਂ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਬਹੁਤ ਮਹੱਤਵਪੂਰਨ ਹੈ। ਹਰ ਵਿਅਕਤੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਕਿਸੇ ਵੀ ਕੀਮਤ ’ਤੇ ਪ੍ਰੀਖਿਆ ਪਾਸ ਕਰਨਾ ਸਹੀ ਰਸਤਾ ਹੈ? ਜੇਕਰ ਲੋਕ ਆਪਣੇ ਪੱਧਰ ’ਤੇ ਜਾਗਰੂਕ ਹੋ ਜਾਣ ਤਾਂ ਕਾਫ਼ੀ ਚੀਜ਼ਾਂ ਆਪਣੇ ਆਪ ਬਿਹਤਰ ਹੋ ਸਕਦੀਆਂ ਹਨ।
ਆਪਣੇ ਪਿੰਡ ਦੀ ਕਹਾਣੀ ਲੱਗੀ, ਇਸ ਲਈ ਆਫ਼ਰ ਖ਼ਾਸ ਲੱਗਾ : ਦਿਨੇਸ਼ ਲਾਲ ਯਾਦਵ (ਨਿਰਹੁਆ)
Q ਸੀਰੀਜ਼ ਨਾਲ ਜੁੜਨ ਤੋਂ ਬਾਅਦ ਕੀ ਤਾਰੀਫ਼ ਮਿਲੀ?
- ਲੋਕਾਂ ਨੇ ਸ਼ੋਅ ’ਚ ਮੇਰੇ ਕੰਮ ਨੂੰ ਪਸੰਦ ਕੀਤਾ ਅਤੇ ਕਿਹਾ ਕਿ ਮੈਂ ਬਿਲਕੁਲ ਸਹੀ ਫ਼ੈਸਲਾ ਲਿਆ। ਦਰਸ਼ਕਾਂ ਦਾ ਰਿਐਕਸ਼ਨ ਕਾਫ਼ੀ ਵਧੀਆ ਰਿਹਾ।
Q ਆਫ਼ਰ ਮਿਲਣ ’ਤੇ ਪਹਿਲਾ ਰਿਐਕਸ਼ਨ ਕੀ ਸੀ?
-ਇਸ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਮੇਰੇ ਪਿੰਡ ਦੀ ਹੀ ਕਹਾਣੀ ਹੈ। ਇਸ ਲਈ ਇਸ ’ਚ ਕੰਮ ਕਰਨ ਦਾ ਮੌਕਾ ਮਿਲਣਾ ਬਹੁਤ ਖ਼ਾਸ ਰਿਹਾ।
Q ਡਾਕਟਰ ਵਾਲਾ ਸੀਨ ਕੀ ਕਿਸੇ ਅਸਲ ਘਟਨਾ ’ਤੇ ਅਧਾਰਿਤ ਹੈ?
-ਹਾਂ, ਮੈਂ ਪਿੰਡ ’ਚ ਅਜਿਹੀ ਘਟਨਾ ਦੇਖੀ ਹੈ, ਜਿੱਥੇ ਇੰਜੈਕਸ਼ਨ ਲਗਾਉਣ ਦੌਰਾਨ ਦਵਾਈ ਬਾਹਰ ਨਿਕਲ ਗਈ ਸੀ ਅਤੇ ਡਾਕਟਰ ਨੇ ਕਿਹਾ ਕਿ ਕੋਈ ਗੱਲ ਨਹੀਂ, ਇਹ ਇੰਨਾ ਹੀ ਫ਼ਾਇਦਾ ਕਰੇਗਾ। ਮੇਰੇ ਇਕ ਰਿਸ਼ਤੇਦਾਰ ਨਾਲ ਵੀ ਇਲਾਜ ਦੌਰਾਨ ਅਜਿਹੀ ਘਟਨਾ ਵਾਪਰੀ ਸੀ।
ਪਿੰਡ ਦਾ ਘਰ ਹੋਇਆ ਮਾਡਰਨ, ਸ਼ੂਟਿੰਗ ’ਚ ਆਇਆ ਨਵਾਂ ਟਵਿਸਟ : ਸਲੋਨਾ ਬੈਨਸ ਜੋਸ਼ੀ
Q ਕੀ ਸੈੱਟ ’ਤੇ ਕਦੇ ਤੁਹਾਡੀ ਸੋਚ ਜਾਂ ਪਲਾਨ ’ਚ ਬਦਲਾਅ ਹੋਇਆ?
-ਕਈ ਵਾਰ ਸੈੱਟ ’ਤੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜੋ ਤੁਹਾਡੀ ਕਲਪਨਾ ਤੋਂ ਵੱਖ ਹੁੰਦੀਆਂ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ। ਜਿਸ ਪਿੰਡ ਦੇ ਘਰ ’ਚ ਅਸੀਂ ਪਹਿਲਾਂ ਸ਼ੂਟ ਕੀਤਾ ਸੀ, ਉੱਥੇ ਇਸ ਵਾਰ ਲੋਕਾਂ ਨੇ ਆਪਣੇ ਘਰ ਨੂੰ ਕਾਫ਼ੀ ਬਿਹਤਰ ਬਣਾ ਲਿਆ ਸੀ। ਘਰ ’ਚ ਮਾਰਬਲ ਅਤੇ ਟਾਈਲਾਂ ਲੱਗ ਚੁੱਕੀਆਂ ਸਨ, ਜਿਸ ਨਾਲ ਉਹ ਪਹਿਲੇ ਦੇ ਮੁਕਾਬਲੇ ਕਾਫ਼ੀ ਮਾਡਰਨ ਲੱਗਣ ਲੱਗਾ ਸੀ। ਸਾਨੂੰ ਮਜ਼ਾਕ ’ਚ ਲੱਗਾ ਕਿ ਹੁਣ ਇਹ ਪਿੰਡ ਦਾ ਘਰ ਘੱਟ ਅਤੇ ਮਾਡਰਨ ਘਰ ਜ਼ਿਆਦਾ ਲੱਗ ਰਿਹਾ ਹੈ। ਅਜਿਹੀਆਂ ਚੀਜ਼ਾਂ ਸ਼ੂਟਿੰਗ ਦੌਰਾਨ ਦਿਲਚਸਪ ਅਨੁਭਵ ਦਿੰਦੀਆਂ ਹਨ।
ਕਹਾਣੀ ਦੋਹਰਾਈ ਨਹੀਂ, ਇਸ ਵਾਰ ਇਮੋਸ਼ਨਸ ਤੇ ਰਿਸ਼ਤਿਆਂ ’ਤੇ ਫੋਕਸ : ਸ਼ੁਭ ਸ਼ਿਵਦਾਸਾਨੀ
Q ਦੂਜੇ ਸੀਜ਼ਨ ਨੂੰ ਬਣਾਉਣਾ ਕਿੰਨਾ ਚੁਣੌਤੀਪੂਰਨ ਸੀ?
- ਸਾਡਾ ਮਕਸਦ ਸਿਰਫ਼ ਕਹਾਣੀ ਨੂੰ ਦੋਹਰਾਉਣਾ ਨਹੀਂ ਸੀ, ਸਗੋਂ ਉਸ ਨੂੰ ਭਾਵਨਾਤਮਕ ਰੂਪ ’ਚ ਅੱਗੇ ਲੈ ਕੇ ਜਾਣਾ ਸੀ। ਕਾਮੇਡੀ ਇਸ ਵਾਰ ਵੀ ਹੈ, ਪਰ ਪਿਓ-ਪੁੱਤ ਦੇ ਰਿਸ਼ਤੇ ’ਤੇ ਇਕ ਮਹੱਤਵਪੂਰਨ ਟ੍ਰੈਕ ਜੋੜਿਆ ਗਿਆ ਹੈ। ਇਹ ਅਜਿਹਾ ਰਿਸ਼ਤਾ ਹੈ, ਜਿਸ ਨਾਲ ਬਹੁਤ ਸਾਰੇ ਲੋਕ ਖ਼ੁਦ ਨੂੰ ਜੋੜ ਸਕਣਗੇ। ਇਸ ਤੋਂ ਇਲਾਵਾ ਹਾਸਾ-ਮਜ਼ਾਕ, ਗਾਣੇ, ਡਾਂਸ, ਭਾਵਨਾਵਾਂ ਅਤੇ ਰੋਮਾਂਸ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਨੂੰ ਵੀ ਕਹਾਣੀ ’ਚ ਜਗ੍ਹਾ ਦਿੱਤੀ ਗਈ ਹੈ।
ਮਨੋਰੰਜਨ ਦੇ ਨਾਲ ਹਾਂ-ਪੱਖੀ ਅਤੇ ਨੈਤਿਕ ਸੰਦੇਸ਼ ਵੀ ਦਿੱਤਾ : ਰੇਣੁਕਾ ਸ਼ਹਾਣੇ
Q ਸੀਜ਼ਨ 2 ’ਚ ਕੀ ਮੁੱਦੇ ਉਠਾਏ ਹਨ?
-ਕਈ ਪ੍ਰਾਸੰਗਿਕ ਸਮਾਜਿਕ ਮੁੱਦਿਆਂ ਨੂੰ ਕਹਾਣੀ ’ਚ ਸ਼ਾਮਲ ਕੀਤਾ ਗਿਆ ਹੈ। ਗੰਭੀਰ ਮੁੱਦਿਆਂ ਨੂੰ ਪਿੰਡ ਦੇ ਸੰਦਰਭ ’ਚ ਕਾਮੇਡੀ ਜ਼ਰੀਏ ਪੇਸ਼ ਕੀਤਾ ਗਿਆ ਹੈ, ਤਾਂ ਜੋ ਮਨੋਰੰਜਨ ਦੇ ਨਾਲ-ਨਾਲ ਹਾਂ-ਪੱਖੀ ਅਤੇ ਨੈਤਿਕ ਸੰਦੇਸ਼ ਵੀ ਦਿੱਤਾ ਜਾ ਸਕੇ।
Q ਟਾਵਰ ਨਾਲ ਜੁੜੇ ਮੁੱਦੇ ਵਾਂਗ ਸ਼ਹਿਰਾਂ ’ਚ ਕਿਹੜੀਆਂ ਸਮੱਸਿਆਵਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ?
-ਸ਼ਹਿਰਾਂ ’ਚ ਰੁੱਖਾਂ ਦੀ ਕਟਾਈ ਇਕ ਵੱਡੀ ਸਮੱਸਿਆ ਹੈ। ਵਿਕਾਸ ਜ਼ਰੂਰੀ ਹੈ ਪਰ ਰੁੱਖਾਂ ਅਤੇ ਵਾਤਾਵਰਨ ਦਾ ਸੰਤੁਲਨ ਬਣਾਏ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ।
ਪਿੰਡ ਦੇ ਲੋਕਾਂ ਤੋਂ ਲੈ ਕੇ ਮੱਝਾਂ-ਭੇਡਾਂ ਤੱਕ ਨੇ ਕੀਤੀ ਐਕਟਿੰਗ : ਸੋਨਮ ਨਾਇਰ
Q ‘ਦੁਪਹੀਆ’ ਸੀਜ਼ਨ-2 ਬਣਾਉਣਾ ਕਿੰਨਾ ਚੁਣੌਤੀਪੂਰਨ ਰਿਹਾ?
- ਸੀਜ਼ਨ -1 ਦੀਆਂ ਚੁਣੌਤੀਆਂ ਤੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਸੀ, ਇਸ ਲਈ ਇਸ ਵਾਰ ਕੰਮ ਆਸਾਨ ਰਿਹਾ। ਚੰਗੀ ਸਕ੍ਰਿਪਟ ਅਤੇ ਸ਼ਾਨਦਾਰ ਕਲਾਕਾਰਾਂ ਨੇ ਵੀ ਇਸ ਨੂੰ ਸਹਿਜ ਬਣਾ ਦਿੱਤਾ।
Q ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ਨਿਰਦੇਸ਼ਕ ਦਾ ਕੰਮ ਕਿੰਨਾ ਆਸਾਨ ਹੋ ਜਾਂਦਾ ਹੈ?
-ਕਾਫ਼ੀ ਆਸਾਨ ਹੋ ਜਾਂਦਾ ਹੈ। ਚੰਗੇ ਕਲਾਕਾਰਾਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਪੈਂਦੀ, ਉਹ ਚੀਜ਼ਾਂ ਨੂੰ ਖ਼ੁਦ ਸਮਝ ਲੈਂਦੇ ਹਨ। ਇਸ ਕਾਸਟ ਨਾਲ ਮੇਰਾ ਕੰਮ ਕਾਫ਼ੀ ਆਸਾਨ ਰਿਹਾ।
Q ਕੀ ਪਿੰਡ ਦੇ ਸਥਾਨਕ ਲੋਕਾਂ ਨੂੰ ਵੀ ਐਕਟਿੰਗ ਦਾ ਮੌਕਾ ਮਿਲਿਆ?
- ਹਾਂ, ਕਈ ਵਾਰ ਪਿੰਡ ਦੇ ਲੋਕਾਂ ਨੂੰ ਛੋਟੇ-ਛੋਟੇ ਰੋਲ ਦਿੱਤੇ। ਕਿਸੇ ਨੂੰ ਇਕ ਲਾਈਨ ਬੋਲਣੀ ਹੁੰਦੀ ਸੀ ਤਾਂ ਕਿਸੇ ਨੂੰ ਸੀਨ ’ਚ ਖੜ੍ਹਨਾ ਹੁੰਦਾ ਸੀ। ਅਸੀਂ ਤਾਂ ਮੱਝਾਂ ਅਤੇ ਭੇਡਾਂ ਤੱਕ ਤੋਂ ਐਕਟਿੰਗ ਕਰਵਾ ਲਈ।
Q ਕੀ ‘ਦੁਪਹੀਆ’ ਨੂੰ ਵੱਡੇ ਪਰਦੇ ’ਤੇ ਦੇਖਣ ਦਾ ਸੁਪਨਾ ਹੈ?
-ਬਿਲਕੁਲ। ਅਸੀਂ ਸ਼ੋਅ ਨੂੰ ਉਂਝ ਵੀ ਮਸਾਲਾ ਫ਼ਿਲਮ ਦੀ ਤਰ੍ਹਾਂ ਬਣਾਉਂਦੇ ਹਾਂ, ਜਿਸ ’ਚ ਮਿਊਜ਼ਿਕ ਅਤੇ ਵੱਡੇ ਵਿਜ਼ੂਅਲਜ਼ ’ਤੇ ਧਿਆਨ ਰਹਿੰਦਾ ਹੈ। ਜੇਕਰ ਕਦੇ ‘ਦੁਪਹੀਆ : ਦਿ ਫ਼ਿਲਮ’ ਬਣਾਉਣ ਦਾ ਮੌਕਾ ਮਿਲਿਆ ਤਾਂ ਸਾਨੂੰ ਬਹੁਤ ਖ਼ੁਸ਼ੀ ਹੋਵੇਗੀ।
Q ਬਤੌਰ ਮਹਿਲਾ ਨਿਰਦੇਸ਼ਕ, ਤੁਹਾਨੂੰ ਸਭ ਤੋਂ ਜ਼ਿਆਦਾ ਸਮਰਥਨ ਕਿਸ ਤੋਂ ਮਿਲਿਆ?
- ਸਭ ਤੋਂ ਜ਼ਿਆਦਾ ਸਮਰਥਨ ਮੇਰੇ ਪਿਤਾ ਤੋਂ ਮਿਲਿਆ। ਜਦੋਂ ਮੈਂ ਨਿਰਦੇਸ਼ਨ ਦੀ ਇੱਛਾ ਜਤਾਈ ਤਾਂ ਉਨ੍ਹਾਂ ਨੇ ਮੇਰਾ ਮਜ਼ਾਕ ਉਡਾਉਣ ਦੀ ਬਜਾਏ ਪੜ੍ਹਾਈ ਕਰ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸਮਰਥਨ ਨੇ ਮੈਨੂੰ ਆਪਣੇ ਸੁਪਨੇ ’ਤੇ ਵਿਸ਼ਵਾਸ ਕਰਨ ਦੀ ਹਿੰਮਤ ਦਿੱਤੀ।
ਰੁੱਖ ਲਾਓ, ਹਰਿਆਵਲ ਵਧਾਓ ਅਤੇ ਪ੍ਰਦੂਸ਼ਣ ਘਟਾਓ : ਸਪਰਸ਼ ਸ਼੍ਰੀਵਾਸਤਵ
Q ‘ਦੁਪਹੀਆ’ ਸੀਜ਼ਨ-2 ’ਚ ਕੀ ਨਵਾਂ ਦੇਖਣ ਨੂੰ ਮਿਲੇਗਾ?
- ਸੀਜ਼ਨ-2 ਉੱਥੋਂ ਹੀ ਅੱਗੇ ਵਧਦਾ ਹੈ ਪਰ ਇਸ ਵਾਰ ਕਿਰਦਾਰਾਂ ਦੀ ਜਰਨੀ ਅਤੇ ਭਾਵਨਾਤਮਕ ਡੂੰਘਾਈ ਨੂੰ ਜ਼ਿਆਦਾ ਵਿਸਥਾਰ ਦਿੱਤਾ ਗਿਆ ਹੈ। ਕਹਾਣੀ ’ਚ ਨਵੇਂ ਆਰਕ ਅਤੇ ਦਿਲਚਸਪ ਟਵਿਸਟ ਦੇਖਣ ਨੂੰ ਮਿਲਣਗੇ।
Q ਵਾਤਾਵਰਨ ਬਚਾਉਣ ਲਈ ਨੌਜਵਾਨ ਕੀ ਕਦਮ ਚੁੱਕ ਸਕਦੇ ਹਨ?
-ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣੇ ਚਾਹੀਦੇ ਹਨ। ਵਿਕਾਸ ਅਤੇ ਵਾਤਾਵਰਨ ਦੇ ਵਿਚਕਾਰ ਸੰਤੁਲਨ ਜ਼ਰੂਰੀ ਹੈ। ਸਹੀ ਪਲਾਨਿੰਗ ਨਾਲ ਹਰਿਆਵਲ ਵਧਾ ਕੇ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ।
Q ਪਿਛਲੇ ਤੇ ਇਸ ਕਿਰਦਾਰ ’ਚ ਕੀ ਫ਼ਰਕ ਹੈ?
- ਦੋਵਾਂ ਕਿਰਦਾਰਾਂ ਦੀ ਦੁਨੀਆ ਅਤੇ ਹਾਲਾਤ ਵੱਖ ਹਨ। ਪਿਛਲਾ ਕਿਰਦਾਰ ਜ਼ਿਆਦਾ ਸਟ੍ਰੀਟ-ਸਮਾਰਟ ਸੀ, ਜਦੋਂ ਕਿ ਇਸ ਵਾਰ ਗੰਭੀਰ ਹਾਲਾਤ ਵਿਚਕਾਰ ਵੀ ਫ਼ਨ ਤੇ ਮਜ਼ਾਕ ਦੇਖਣ ਨੂੰ ਮਿਲੇਗਾ।
