ਪਿਆਰ ’ਚ ਦਿਲ ਦੀ ਸੁਣੋ ਪਰ ਰਿਸ਼ਤੇ ਨੂੰ ਸਮਝਣਾ ਵੀ ਜ਼ਰੂਰੀ : ਗੁਰਮੀਤ

Friday, Oct 23, 2026 - 09:43 AM (IST)

ਪਿਆਰ ’ਚ ਦਿਲ ਦੀ ਸੁਣੋ ਪਰ ਰਿਸ਼ਤੇ ਨੂੰ ਸਮਝਣਾ ਵੀ ਜ਼ਰੂਰੀ : ਗੁਰਮੀਤ

ਐਂਟਰਟੇਨਮੈਂਟ ਡੈਸਕ - ਟੀ. ਵੀ. ਦੀ ਦੁਨੀਆ ਵਿਚ ਪਛਾਣ ਬਣਾ ਚੁੱਕੇ ਗੁਰਮੀਤ ਚੌਧਰੀ ਹੁਣ ਵੱਡੇ ਪਰਦੇ ’ਤੇ ਫਿਲਮ ‘ਤੁਮ ਮੇਰੇ ਹੋ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਫਿਲਮ ਵਿਚ ਉਨ੍ਹਾਂ ਨਾਲ ਈਸ਼ਾ ਮਾਲਵੀਆ ਲੀਡ ਰੋਲ ਵਿਚ ਨਜ਼ਰ ਆਵੇਗੀ। ਆਸ਼ੀਸ਼ ਪਾਂਡਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨਾਲ ਈਸ਼ਾ ਬਾਲੀਵੁੱਡ ਵਿਚ ਕਦਮ ਰੱਖਣ ਜਾ ਰਹੀ ਹੈ, ਜਦਕਿ ਗੁਰਮੀਤ ਨਿਰਮਾਤਾ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਦੋਵੇਂ ਕਲਾਕਾਰ ਇਸ ਤੋਂ ਪਹਿਲਾਂ ਕਈ ਟੀ. ਵੀ. ਸ਼ੋਅਜ਼ ਵਿਚ ਨਜ਼ਰ ਆ ਚੁੱਕੇ ਹਨ। ‘ਤੁਮ ਮੇਰੇ ਹੋ’ 23 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫਿਲਮ ਬਾਰੇ ਗੁਰਮੀਤ ਚੌਧਰੀ ਤੇ ਈਸ਼ਾ ਮਾਲਵੀਆ ਨੇ ਜਗ ਬਾਣੀ/ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

Q ਫਿਲਮ ਦਾ ਟਾਈਟਲ ‘ਤੁਮ ਮੇਰੇ ਹੋ’ ਦਿਲਚਸਪ ਹੈ। ਕੀ ਪਿਆਰ ਵਿਚ ਹੱਕ ਜਤਾਉਣਾ ਜ਼ਰੂਰੀ ਹੈ?

ਈਸ਼ਾ ਮਾਲਵੀਆ : ਪਿਆਰ ਵਿਚ ਆਪਣੇਪਨ ਦਾ ਅਹਿਸਾਸ ਹੋਣਾ ਸੁਭਾਵਿਕ ਹੈ ਪਰ ਫਿਲਮ ਵਿਚ ਇਹ ਗੱਲ ਕਿਸ ਸੰਦਰਭ ਵਿਚ ਕਹੀ ਗਈ ਹੈ, ਇਹ ਦਰਸ਼ਕਾਂ ਨੂੰ ਫਿਲਮ ਦੇਖ ਕੇ ਪਤਾ ਲੱਗੇਗਾ।

ਗੁਰਮੀਤ ਚੌਧਰੀ : ਪਿਆਰ ਵਿਚ ਥੋੜ੍ਹਾ ਹੱਕ ਜਤਾਉਣਾ ਚੰਗਾ ਲੱਗਦਾ ਹੈ। ਇਸ ਨਾਲ ਅਹਿਸਾਸ ਹੁੰਦਾ ਹੈ ਕਿ ਕੋਈ ਤੁਹਾਨੂੰ ਚਾਹੁੰਦਾ ਹੈ। ਹਾਲਾਂਕਿ ਇਸ ਟਾਈਟਲ ਦਾ ਅਸਲੀ ਮਤਲਬ ਫਿਲਮ ਦੇਖਣ ’ਤੇ ਹੀ ਸਮਝ ਆਵੇਗਾ।

Q ਤੁਹਾਡੇ ਦੋਵਾਂ ਦੀ ਲਵ ਲੈਂਗੁਏਜ ਕੀ ਹੈ? ਪਿਆਰ ਦਾ ਇਜ਼ਹਾਰ ਕਿਵੇਂ ਕਰਦੇ ਹੋ?

ਈਸ਼ਾ : ਮੇਰੇ ਲਈ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਸ ਨੂੰ ਇਸ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ। ਕਈ ਵਾਰ ਸ਼ਰਮ ਜਾਂ ਝਿਜਕ ਕਾਰਨ ਅਸੀਂ ਆਪਣੀਆਂ ਭਾਵਨਾਵਾਂ ਪ੍ਰਗਟ ਨਹੀਂ ਕਰ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਪਿਆਰ ਜਤਾਉਣਾ ਜ਼ਰੂਰੀ ਹੈ।

ਗੁਰਮੀਤ : ਮੈਂ ਵੀ ਪਿਆਰ ਦੇ ਇਜ਼ਹਾਰ ਨੂੰ ਜ਼ਰੂਰੀ ਮੰਨਦਾ ਹਾਂ ਪਰ ਇਸ ਮਾਮਲੇ ਵਿਚ ਥੋੜ੍ਹਾ ਕਮਜ਼ੋਰ ਹਾਂ। ਬਚਪਨ ਵਿਚ ਵੀ ਜਦੋਂ ਕਿਸੇ ਨਾਲ ਪਿਆਰ ਹੋਇਆ ਤਾਂ ਖੁੱਲ੍ਹ ਕੇ ਦਿਲ ਦੀ ਗੱਲ ਨਹੀਂ ਕਹਿ ਸਕਿਆ। ਇਸ ਲਈ ਫਿਲਮ ਦਾ ਟਾਈਟਲ ਮੈਨੂੰ ਆਪਣੀ ਜ਼ਿੰਦਗੀ ਨਾਲ ਜੁੜਿਆ ਲੱਗਦਾ ਹੈ।

Q ਤੁਹਾਡੇ ਦੋ ਗਾਣੇ ਰਿਲੀਜ਼ ਹੋ ਚੁੱਕੇ ਹਨ। ਕੀ ਚੰਗੇ ਗਾਣੇ ਫਿਲਮ ਦੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ?

ਈਸ਼ਾ : ਸੰਗੀਤ ਸਾਡੀ ਜ਼ਿੰਦਗੀ ਦੀ ਹਰ ਭਾਵਨਾ ਨਾਲ ਜੁੜਿਆ ਹੋਇਆ ਹੈ। ਦੁੱਖ ਹੋਵੇ, ਪਿਆਰ ਹੋਵੇ, ਵਿਆਹ ਹੋਵੇ ਜਾਂ ਪਾਰਟੀ, ਹਰ ਮੌਕੇ ਲਈ ਗਾਣੇ ਹਨ। ਸੰਗੀਤ ਸਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਜ਼ਰੀਆ ਹੈ, ਇਸ ਲਈ ਫਿਲਮਾਂ ਵਿਚ ਵੀ ਇਸ ਦੀ ਅਹਿਮ ਭੂਮਿਕਾ ਹੈ।

ਗੁਰਮੀਤ : ਬਿਲਕੁਲ। ਮੈਨੂੰ ਲੱਗਦਾ ਹੈ ਕਿ ਹਿੰਦੀ ਫਿਲਮਾਂ ਵਿਚ ਪੱਛਮੀ ਸਿਨੇਮਾ ਦੀ ਨਕਲ ਕਾਰਨ ਗਾਣਿਆਂ ਨੂੰ ਘੱਟ ਮਹੱਤਤਾ ਦਿੱਤੀ ਜਾਣ ਲੱਗੀ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਗਾਣੇ ਕਹਾਣੀ ਦੇ ਫਲੋਅ ਨੂੰ ਵਿਗਾੜਦੇ ਹਨ ਪਰ ਸਾਨੂੰ ਦਰਸ਼ਕਾਂ ਦੀ ਪਸੰਦ ਸਮਝਣੀ ਪਵੇਗੀ। ਭਾਰਤੀ ਦਰਸ਼ਕਾਂ ਦਾ ਸੰਗੀਤ ਨਾਲ ਡੂੰਘਾ ਲਗਾਅ ਹੈ। ਉਹ ਗਾਣਿਆਂ ਰਾਹੀਂ ਹੱਸਦੇ ਵੀ ਹਨ ਤੇ ਰੋਂਦੇ ਵੀ ਹਨ।

Q ਪਿਆਰ ਵਿਚ ਦਿਲ ਦੀ ਸੁਣਨੀ ਚਾਹੀਦੀ ਹੈ ਜਾਂ ਦਿਮਾਗ ਦੀ?

ਈਸ਼ਾ : ਪਿਆਰ ਦਿਲ ਤੋਂ ਹੁੰਦਾ ਹੈ। ਦਿਮਾਗ ਤੋਂ ਕਿਸੇ ਪ੍ਰਤੀ ਖਿੱਚ ਹੋ ਸਕਦੀ ਹੈ ਪਰ ਪਿਆਰ ਦੀ ਭਾਵਨਾ ਦਿਲ ਨਾਲ ਜੁੜੀ ਹੁੰਦੀ ਹੈ।

ਗੁਰਮੀਤ : ਪਿਆਰ ਦੇ ਵੱਖ-ਵੱਖ ਪੜਾਅ ਹੁੰਦੇ ਹਨ। ਕਿਸੇ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਬਿਨਾਂ ਫੈਸਲਾ ਲਏ ਖਿੱਚਣਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਰਿਸ਼ਤੇ ਨੂੰ ਸਮਝਣਾ ਅਤੇ ਸਹੀ ਸਮੇਂ ’ਤੇ ਅੱਗੇ ਵਧਣ ਦਾ ਫੈਸਲਾ ਲੈਣਾ ਵੀ ਜ਼ਰੂਰੀ ਹੈ।

ਜਦੋਂ ਦੁਖੀ ਹੁੰਦੀ ਹਾਂ ਤਾਂ ਖੁਸ਼ ਕਰਨ ਵਾਲੇ ਗਾਣੇ ਸੁਣਦੀ ਹਾਂ : ਈਸ਼ਾ ਮਾਲਵੀਆ

Q ਜਦੋਂ ਦੁਖੀ ਹੁੰਦੇ ਹੋ ਤਾਂ ਖੁਦ ਨੂੰ ਕਿਵੇਂ ਸੰਭਾਲਦੇ ਹੋ?

-ਮੈਂ ਅਕਸਰ ਆਪਣਾ ਦੁੱਖ ਲੁਕੋਣ ਦੀ ਕੋਸ਼ਿਸ਼ ਕਰਦੀ ਹਾਂ। ਅਜਿਹੇ ਸਮੇਂ ’ਚ ਉਦਾਸ ਗਾਣੇ ਸੁਣਨ ਦੀ ਬਜਾਏ ਮਜ਼ੇਦਾਰ ਤੇ ਖੁਸ਼ ਕਰਨ ਵਾਲੇ ਗਾਣੇ ਸੁਣਦੀ ਹਾਂ ਤਾਂ ਜੋ ਧਿਆਨ ਦੂਜੇ ਪਾਸੇ ਜਾਵੇ ਅਤੇ ਮੂਡ ਬਿਹਤਰ ਹੋ ਸਕੇ।

Q ਪੰਜਾਬੀ ਸਿਨੇਮਾ ਤੇ ਬਾਲੀਵੁੱਡ ’ਚ ਕੀ ਫਰਕ ਹੈ?

-ਪੰਜਾਬੀ ਸਿਨੇਮਾ ਦੀ ਖੂਬਸੂਰਤੀ ਉਸ ਦੀ ਸੱਭਿਅਤਾ ਅਤੇ ਜੜ੍ਹਾਂ ਨਾਲ ਜੁੜੀਆਂ ਕਹਾਣੀਆਂ ਵਿਚ ਹੈ। ਉੱਥੋਂ ਦਾ ਮਾਹੌਲ ਕਹਾਣੀ ਤੇ ਕਿਰਦਾਰਾਂ ਵਿਚ ਸੁਭਾਵਿਕ ਤੌਰ ’ਤੇ ਨਜ਼ਰ ਆਉਂਦਾ ਹੈ, ਜਦੋਂਕਿ ਬਾਲੀਵੁੱਡ ਵਿਚ ਵੱਖ-ਵੱਖ ਜੋਨਰ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ। ਇਹੋ ਦੋਵਾਂ ਇੰਡਸਟਰੀਜ਼ ਦੀ ਖਾਸੀਅਤ ਹੈ।

Q ਪੰਜਾਬੀ ਸਿਨੇਮਾ ’ਚ ਤੁਹਾਡੇ ਮਨਪਸੰਦ ਕਲਾਕਾਰ ਕੌਣ ਹਨ?

-ਨੀਰੂ ਬਾਜਵਾ ਮੇਰੀਆਂ ਮਨਪਸੰਦ ਅਭਿਨੇਤਰੀਆਂ ਵਿਚੋਂ ਇਕ ਹਨ। ਉਨ੍ਹਾਂ ਨੇ ਜਿਸ ਤਰ੍ਹਾਂ ਖੁਦ ਨੂੰ ਸੰਭਾਲਿਆ ਹੈ, ਉਹ ਪ੍ਰੇਰਣਾਦਾਇਕ ਹੈ। ਅਭਿਨੇਤਾਵਾਂ ਵਿਚ ਗੁਰਨਾਮ ਭੁੱਲਰ ਨਾਲ ਕੰਮ ਕਰਨਾ ਮੇਰੇ ਲਈ ਖਾਸ ਰਿਹਾ ਹੈ। ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਅਤੇ ਹੁਣ ਇਹ ਮੌਕਾ ਮਿਲਣ ’ਤੇ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ।

ਮੈਂ ਬਿਹਾਰ ’ਚ ਜੰਮਿਆ-ਪਲਿਆ ਹਾਂ, ਲੋਕ ਪੰਜਾਬੀ ਸਮਝ ਲੈਂਦੇ ਹਨ : ਗੁਰਮੀਤ ਚੌਧਰੀ

Q ਤੁਹਾਡੇ ਨਾਂ ਤੇ ਪੰਜਾਬੀ ਪਛਾਣ ਦੇ ਪਿੱਛੇ ਦੀ ਕੀ ਕਹਾਣੀ ਹੈ?

-ਮੇਰੇ ਪਿਤਾ ਫੌਜ ਵਿਚ ਸਨ ਅਤੇ ਉਨ੍ਹਾਂ ਦੇ ਕਈ ਪੰਜਾਬੀ ਦੋਸਤ ਸਨ। ਮੇਰੇ ਜਨਮ ਦੇ ਸਮੇਂ ਉਨ੍ਹਾਂ ਹੀ ਦੋਸਤਾਂ ਨੇ ਮੇਰਾ ਨਾਂ ਗੁਰਮੀਤ ਰੱਖਣ ਦਾ ਸੁਝਾਅ ਦਿੱਤਾ ਸੀ। ਮੈਂ ਬਿਹਾਰ ਤੋਂ ਹਾਂ ਅਤੇ ਪੰਜਾਬ ਵਿਚ ਨਹੀਂ ਜੰਮਿਆ-ਪਲਿਆ ਪਰ ਮੇਰੇ ਨਾਂ ਤੇ ਮਾਹੌਲ ਦਾ ਅਸਰ ਮੇਰੀ ਭਾਸ਼ਾ ’ਤੇ ਵੀ ਨਜ਼ਰ ਆਉਂਦਾ ਹੈ। ਕਈ ਲੋਕ ਮੈਨੂੰ ਪੰਜਾਬੀ ਸਮਝ ਲੈਂਦੇ ਹਨ। ਗੁਰਮੀਤ ਦਾ ਅਰਥ ਵੀ ਬਹੁਤ ਸੁੰਦਰ ਹੈ—ਗੁਰੂ ਦਾ ਮਿੱਤਰ।

Q ਤੁਸੀਂ ਇਕਤਰਫਾ ਪਿਆਰ ਦਾ ਜ਼ਿਕਰ ਕੀਤਾ ਹੈ। ਕੀ ਉਸ ਦੌਰ ਵਿਚ ਆਪਣੇ ਪਿਆਰ ਦਾ ਇਜ਼ਹਾਰ ਕਰ ਲੈਂਦੇ ਸੀ?

-ਮੇਰਾ ਪਿਆਰ ਕਈ ਵਾਰ ਇਕਤਰਫਾ ਰਿਹਾ ਅਤੇ ਸਾਹਮਣੇ ਵਾਲੀ ਕੁੜੀ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਮੈਂ ਉਸ ਨੂੰ ਕਿੰਨਾ ਚਾਹੁੰਦਾ ਹਾਂ। ਹਾਲਾਂਕਿ ਉਸ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸੁਚੇਤ ਰਹਿੰਦਾ ਸੀ। ਅੱਲੜ੍ਹ ਅਵਸਥਾ ਵਿਚ ਜੇਕਰ ਕੋਈ ਉਸ ਨੂੰ ਪਰੇਸ਼ਾਨ ਕਰਦਾ ਤਾਂ ਮੈਂ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਸ ਸਮੇਂ ਮੈਂ ਆਪਣੀਆਂ ਭਾਵਨਾਵਾਂ ਸ਼ਬਦਾਂ ਵਿਚ ਜਤਾਉਣ ਦੀ ਬਜਾਏ ਆਪਣੇ ਤਰੀਕੇ ਨਾਲ ਉਸ ਦਾ ਖਿਆਲ ਰੱਖਦਾ ਸੀ।


author

cherry

Content Editor

Related News