ਦਿ ਰਿਵੋਲੂਸ਼ਨਰੀਜ਼ ’ਚ ਦਿਸੇਗੀ ਉਨ੍ਹਾਂ ਕ੍ਰਾਂਤੀਕਾਰੀਆਂ ਦੀ ਕਹਾਣੀ, ਜਿਨ੍ਹਾਂ ਨੇ ਆਜ਼ਾਦੀ ਦੀ ਚਿੰਗਾਰੀ ਲਾਈ : ਨਿਖਿਲ ਅਡਵਾਨੀ
Thursday, Sep 10, 2026 - 09:02 AM (IST)
ਮੁੰਬਈ- ਭਾਰਤ ਦੇ ਆਜ਼ਾਦੀ ਅੰਦੋਲਨ ਦੀ ਕਹਾਣੀ ’ਤੇ ਬਣੀ ਸੀਰੀਜ਼ ‘ਦਿ ਰਿਵੋਲੂਸ਼ਨਰੀਜ਼’ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੀ ਹੈ। ਨਿਖਿਲ ਅਡਵਾਨੀ ਦੇ ਨਿਰਦੇਸ਼ਨ ਹੇਠ ਬਣੀ ਇਸ ਸੀਰੀਜ਼ ’ਚ ਭੁਵਨ ਬਾਮ, ਰੋਹਿਤ ਸਰਾਫ਼, ਪ੍ਰਤਿਭਾ ਰਾਂਟਾ ਤੇ ਗੁਰਫ਼ਤਿਹ ਪੀਰਜ਼ਾਦਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਚਾਰੇ ਕਲਾਕਾਰ ਰਾਸ ਬਿਹਾਰੀ ਬੋਸ, ਸਚਿੰਦਰ ਨਾਥ ਸਾਨੀਆਲ, ਪ੍ਰਤਿਭਾ ਲਹਿਰੀ ਤੇ ਬਾਘਾ ਜਤਿਨ ਵਰਗੇ ਕ੍ਰਾਂਤੀਕਾਰੀਆਂ ਦੇ ਕਿਰਦਾਰ ਨਿਭਾ ਰਹੇ ਹਨ। ਸੰਜੀਵ ਸਾਨੀਆਲ ਦੀ ਕਿਤਾਬ ‘ਰਿਵੋਲੂਸ਼ਨਰੀਜ਼ : ਦਿ ਅਦਰ ਸਟੋਰੀ ਆਫ਼ ਹਾਊ ਇੰਡੀਆ ਵਨ ਇਟਸ ਫ੍ਰੀਡਮ’ ’ਤੇ ਅਧਾਰਿਤ ਇਹ ਸੀਰੀਜ਼ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਲੜਨ ਵਾਲੇ ਕ੍ਰਾਂਤੀਕਾਰੀਆਂ ਦੀ ਕਹਾਣੀ ਦਿਖਾਏਗੀ। ‘ਦਿ ਰਿਵੋਲੂਸ਼ਨਰੀਜ਼’ 11 ਸਤੰਬਰ ਨੂੰ ਪ੍ਰਾਈਮ ਵੀਡੀਓ ’ਤੇ ਦੁਨੀਆ ਭਰ ’ਚ ਸਟ੍ਰੀਮ ਹੋਵੇਗੀ। ਫ਼ਿਲਮ ਬਾਰੇ ਨਿਖਿਲ ਅਡਵਾਨੀ, ਭੁਵਨ ਬਾਮ, ਰੋਹਿਤ ਸਰਰਾਫ਼, ਪ੍ਰਤਿਭਾ ਰਾਂਟਾ ਤੇ ਗੁਰਫ਼ਤਿਹ ਪੀਰਜ਼ਾਦਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
‘ਦਿ ਰਿਵੋਲੂਸ਼ਨਰੀਜ਼’ ’ਚ ਦਿਸੇਗਾ ਕ੍ਰਾਂਤੀਕਾਰੀਆਂ ਦਾ ਜੋਸ਼, ਜਨੂੰਨ ਤੇ ਕੁਰਬਾਨੀ : ਨਿਖਿਲ ਅਡਵਾਨੀ
Q ‘ਫ਼੍ਰੀਡਮ ਐਟ ਮਿਡਨਾਈਟ’ ਤੋਂ ਬਾਅਦ ਹੁਣ ‘ਦਿ ਰਿਵੋਲੂਸ਼ਨਰੀਜ਼’ ਸੀਰੀਜ਼? ਲੱਗਦਾ ਹੈ ਤੁਸੀਂ ਆਜ਼ਾਦੀ ਦੇ ਦੌਰ ਦੀਆਂ ਕਹਾਣੀਆਂ ਦੇ ਪਿੱਛੇ ਪੈ ਗਏ ਹੋ?
— ਪਤਾ ਨਹੀਂ, ਪਰ ਲੱਗਦਾ ਹੈ ਕਿ ਮੇਰੇ ਦਿਮਾਗ਼ ’ਚ ਇਸ ਸਮੇਂ ਇਕ ਫੇਜ਼ ਚੱਲ ਰਿਹਾ ਹੈ। ਮੈਂ ਦੇਸ਼ ਭਗਤੀ ਦੇ ਕੰਸੈਪਟ ’ਤੇ ਗੱਲ ਕਰਨਾ ਚਾਹੁੰਦਾ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਭੁੱਲ ਗਏ ਹਾਂ ਕਿ ਦੇਸ਼ ਭਗਤੀ ਬਹੁਤ ਨਿੱਜੀ ਚੀਜ਼ ਹੁੰਦੀ ਹੈ ਤੇ ਅਸੀਂ ਆਪਣੇ ਨੇਤਾਵਾਂ ਨੂੰ ਕਿਤੇ ਨਾ ਕਿਤੇ ਹਲਕੇ ’ਚ ਲੈਣ ਲੱਗ ਪਏ ਹਾਂ। ‘ਦਿ ਰਿਵੋਲੂਸ਼ਨਰੀਜ਼’ ’ਚ ਮੈਨੂੰ ਲੱਗਾ ਕਿ ਇਨ੍ਹਾਂ ਲੋਕਾਂ ਨੇ ਜੋ ਚਿੰਗਾਰੀ ਲਾਈ ਸੀ, ਉਹ ਕਈ ਪੀੜ੍ਹੀਆਂ ਤੇ ਦਹਾਕਿਆਂ ਤੱਕ ਅੱਗੇ ਵਧਦੀ ਰਹੀ।
ਰਾਸ ਬਿਹਾਰੀ ਬੋਸ, ਬਾਘਾ ਜਤਿਨ, ਸਚਿੰਦਰ ਨਾਥ ਸਾਨੀਆਲ ਵਰਗੇ ਲੋਕਾਂ ਨੇ ਜੋ ਸ਼ੁਰੂਆਤ ਕੀਤੀ, ਉਹ ਅੱਗੇ ਚੱਲ ਕੇ ਊਧਮ ਸਿੰਘ ਤੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਤੱਕ ਪੁੱਜੀ। ਸੱਚ ਕਹਾਂ ਤਾਂ ਜੇ ਕੋਈ ਮੈਨੂੰ ਕਹੇ ਕਿ ਜੋ ਉਨ੍ਹਾਂ ਨੇ ਕੀਤਾ, ਉਹ ਕਰੋ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਅਜਿਹਾ ਕਰ ਸਕਾਂਗਾ।
Q ਕਲਾਕਾਰਾਂ ਤੋਂ ਇੰਨੀਆਂ ਔਖੀਆਂ ਭੂਮਿਕਾਵਾਂ ਕਿਵੇਂ ਕਰਵਾ ਲੈਂਦੇ ਹੋ?
— ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਸਹੀ ਸਮੇਂ ’ਤੇ ਇਕ-ਦੂਜੇ ਨੂੰ ਮਿਲੇ। ਅਸੀਂ ਸਾਰੇ ਕੁਝ ਅਜਿਹਾ ਕਰਨਾ ਚਾਹੁੰਦੇ ਸੀ, ਜਿਸ ਨੂੰ ਲੈ ਕੇ ਅਸੀਂ ਉਤਸ਼ਾਹਿਤ ਹੋਈਏ ਤੇ ਜਿਸ ’ਚ ਪੂਰੀ ਮਿਹਨਤ ਲਗਾ ਸਕੀਏ। ਇਸ ਲਈ ਮੈਨੂੰ ਕਿਸੇ ਨੂੰ ਜ਼ਿਆਦਾ ਮਨਾਉਣਾ ਨਹੀਂ ਪਿਆ। ਮੈਂ ਬੱਸ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਹ ਸੀਰੀਜ਼ ਬਣਾ ਰਿਹਾ ਹਾਂ। ਅੈਮਾਜ਼ੋਨ ਇਸ ਨੂੰ ਬਣਾਉਣ ਦੀ ਮਨਜ਼ੂਰੀ ਦੇ ਰਿਹਾ ਹੈ ਤੇ ਇਹ ਇਸ ਦੀ ਸਕ੍ਰਿਪਟ ਹੈ। ਸੱਚ ਕਹਾਂ ਤਾਂ ਮੈਨੂੰ ਖ਼ੁਦ ਵੀ ਨਹੀਂ ਪਤਾ ਸੀ ਕਿ ਮੈਂ ਇਸ ਨੂੰ ਸਹੀ ਤਰੀਕੇ ਨਾਲ ਕਰ ਸਕਾਂਗਾ ਜਾਂ ਨਹੀਂ। 75 ਦਿਨਾਂ ਦੀ ਸ਼ੂਟਿੰਗ, 11 ਐਕਸ਼ਨ ਪੀਸਜ਼ ਤੇ 9 ਗਾਣੇ ਸਨ। ਇਸ ਨੂੰ ‘ਫ਼੍ਰੀਡਮ ਐਟ ਮਿਡਨਾਈਟ’ ਤੋਂ ਬਿਲਕੁਲ ਵੱਖਰਾ ਬਣਾਉਣਾ ਸੀ।
Q ‘ਦਿ ਰਿਵੋਲੂਸ਼ਨਰੀਜ਼’ ਨੂੰ ‘ਫ਼੍ਰੀਡਮ ਐਟ ਮਿਡਨਾਈਟ’ ਤੋਂ ਵੱਖਰਾ ਰੱਖਣ ਦੀ ਕੀ ਕੋਸ਼ਿਸ਼ ਰਹੀ?
— ‘ਫ਼੍ਰੀਡਮ ਐਟ ਮਿਡਨਾਈਟ’ ਇਕ ਤਰ੍ਹਾਂ ਨਾਲ ਜ਼ਿਆਦਾ ਆਥੈਂਟਿਕ ਪੀਰੀਅਡ ਪੀਸ ਸੀ। ‘ਦਿ ਰਿਵੋਲੂਸ਼ਨਰੀਜ਼’ ’ਚ ਆਥੈਂਟਿਸਿਟੀ ਊਰਜਾ, ਵਿਚਾਰ ਤੇ ਉਸ ਜਜ਼ਬੇ ’ਚ ਹੈ। ਇਸ ’ਚ ਜੋਸ਼ ਤੇ ਜਨੂੰਨ ਬਹੁਤ ਮਹੱਤਵਪੂਰਨ ਹੈ। ਇਸ ਪੂਰੀ ਪ੍ਰਕਿਰਿਆ ’ਚ ਅਸੀਂ ਵਰਕਸ਼ਾਪ ਤੇ ਰੀਡਿੰਗ ਕੀਤੀ। ਉਸੇ ਦੌਰਾਨ ਕਈ ਚੀਜ਼ਾਂ ਅਸੀਂ ਲੱਭੀਆਂ। ਮੈਂ ਭੁਵਨ ਨਾਲ ਕੰਮ ਕਰਦੇ ਹੋਏ ਮਹਿਸੂਸ ਕੀਤਾ ਕਿ ਉਹ ਇਹ ਕਰ ਸਕਦਾ ਹੈ। ਰੋਹਿਤ ਤੇ ਪ੍ਰਤਿਭਾ ਨਾਲ ਵੀ ਅਸੀਂ ਕਈ ਸੀਨਜ਼ ਨੂੰ ਵੱਖ-ਵੱਖ ਤਰੀਕੇ ਨਾਲ ਅਜ਼ਮਾਇਆ।
Q ਇੰਨੀ ਵੱਡੀ ਟੀਮ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
— ਪੂਰੀ ਟੀਮ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਸੁਰਭੀ, ਗੌਰਵ, ਜੀਨੀਆ, ਸ਼ਿਖਾ, ਸਾਗਰ, ਅਕਸ਼ਿਤਾ, ਸ਼ੋਭਿਤ, ਰੁਤਵੀ ਤੇ ਸੰਯੁਕਤਾ ਸਣੇ ਸਭ ਨੇ ਬਿਹਤਰੀਨ ਯੋਗਦਾਨ ਦਿੱਤਾ ਹੈ। ਕਈ ਸੀਨਜ਼ ਸ਼ੂਟ ਹੋਣ ਤੋਂ ਬਾਅਦ ਐਡੀਟਿੰਗ ਟੇਬਲ ’ਤੇ ਹੋਰ ਬਿਹਤਰ ਹੋਏ। ਅਸੀਂ ਕਿਸੇ ਸੀਨ ਦੀ ਇਕ ਕਲਪਨਾ ਕਰ ਕੇ ਉਸ ਨੂੰ ਸ਼ੂਟ ਕਰਦੇ ਹਾਂ ਪਰ ਐਡੀਟਿੰਗ ’ਚ ਉਸ ਦਾ ਅਸਰ ਬਿਲਕੁਲ ਵੱਖਰੇ ਤਰੀਕੇ ਨਾਲ ਸਾਹਮਣੇ ਆ ਸਕਦਾ ਹੈ।
ਪ੍ਰਤਿਭਾ ਦੀ ਹਿੰਮਤ ਤੇ ਜਜ਼ਬੇ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ : ਪ੍ਰਤਿਭਾ ਰਾਂਟਾ
Q ਜਦੋਂ ਆਡੀਸ਼ਨ ਦਿੱਤਾ ਤੇ ਸ਼ੂਟ ਕਰ ਰਹੇ ਸੀ ਤਾਂ ਕੀ ਤਿਆਰੀ ਸੀ?
— ਇਕ ਐਕਟਰ ਵਜੋਂ ਮੈਨੂੰ ਲੱਗਦਾ ਹੈ ਕਿ ਇਸ ਪੂਰੇ ਕੈਨਵਸ ’ਚ ਮੇਰੀ ਜੋ ਤਿਆਰੀ ਸੀ ਤੇ ਮੇਰਾ ਜੋ ਯੋਗਦਾਨ ਹੈ, ਉਹ ਹਮੇਸ਼ਾ ਬਸ ਇਹੋ ਰਹਿੰਦਾ ਹੈ ਕਿ ਜੋ ਕਿਰਦਾਰ ਨਿਭਾ ਰਹੀ ਹਾਂ, ਉਸ ਦੇ ਪ੍ਰਤੀ ਸੱਚੀ ਰਹਾਂ। ਕਿਉਂਕਿ ਇਹ ਚਾਰੇ ਨੌਜਵਾਨ ਰਿਵੋਲੂਸ਼ਨਰੀਜ਼ ਹਿੰਮਤ ਤੇ ਪੈਸ਼ਨ ਨਾਲ ਭਰੇ ਹੋਏ ਸਨ। ਖ਼ੁਦ ਨੂੰ ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਉਸ ਸਮੇਂ ’ਚ ਲੈ ਕੇ ਜਾਣਾ ਤੇ ਉਨ੍ਹਾਂ ਦੀ ਜ਼ਿੰਦਗੀ ’ਚ ਖ਼ੁਦ ਨੂੰ ਰੱਖਣਾ ਬਹੁਤ ਜ਼ਰੂਰੀ ਸੀ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੇ ਕਾਸਟਿਊਮ ’ਚ ਹੁੰਦੇ ਹੋ, ਤੁਹਾਡਾ ਹੇਅਰ ਤੇ ਮੇਕਅੱਪ ਹੁੰਦਾ ਹੈ, ਤੁਸੀਂ ਸੈੱਟ ਦੇ ਅੰਦਰ ਜਾਂਦੇ ਹੋ ਤੇ ਜਿਵੇਂ-ਜਿਵੇਂ ਤੁਸੀਂ ਚੱਲਦੇ ਰਹਿੰਦੇ ਹੋ, ਤੁਸੀਂ ਉਸ ਦੁਨੀਆ ’ਚ ਜਾਣ ਲੱਗਦੇ ਹੋ। ਤੁਸੀਂ ਆਪਣੇ ਕੋ-ਐਕਟਰਜ਼ ਨਾਲ ਇੰਟਰਐਕਟ ਕਰਦੇ ਹੋ। ਉਨ੍ਹਾਂ ਦੀ ਖ਼ੁਦ ਦੀ ਇਕ ਤਿਆਰੀ ਹੁੰਦੀ ਹੈ। ਤੁਸੀਂ ਉਨ੍ਹਾਂ ਨਾਲ ਡਿਸਕਸ ਕਰਦੇ ਹੋ ਤੇ ਨਿਸ਼ਚਿਤ ਤੌਰ ’ਤੇ ਸਰ ਨਾਲ ਅਸੀਂ ਬਹੁਤ ਸਾਰੀਆਂ ਵਰਕਸ਼ਾਪਾਂ ਕੀਤੀਆਂ ਸਨ। ਉੱਥੇ ਮੈਨੂੰ ਸਮਝ ’ਚ ਆਇਆ ਕਿ ਉਹ ਪ੍ਰਤਿਭਾ ਨੂੰ ਕਿਵੇਂ ਦੇਖ ਰਹੇ ਹਨ। ਉਨ੍ਹਾਂ ਨੇ ਪ੍ਰਤਿਭਾ ਨੂੰ ਕਿੰਨਾ ਮਾਡਰਨਾਈਜ਼ ਕਰ ਕੇ ਦਿਖਾਇਆ ਹੈ, ਜਿਸ ਤਰ੍ਹਾਂ ਨਾਲ ਉਹ ਸੋਚਦੀ ਹੈ ਤੇ ਜਿਸ ਤਰ੍ਹਾਂ ਨਾਲ ਉਹ ਵਿਵਹਾਰ ਕਰਦੀ ਹੈ।
ਮੈਂ ਪੜ੍ਹਾਈ ਨਹੀਂ ਕਰਨੀ ਸੀ, ਪਰਿਵਾਰ ਨੂੰ ਕਿਹਾ ਦੋ ਸਾਲ ਆਪਣੇ ਤਰੀਕੇ ਨਾਲ ਜਿਊਣ ਦਿਓ : ਭੁਵਨ ਬਾਮ
Q ਕਿਰਦਾਰ ਤੁਹਾਡੀ ਜ਼ਿੰਦਗੀ ਨਾਲ ਕਿੰਨਾ ਜੁੜਿਆ ਹੋਇਆ ਹੈ?
— ਜਿਸ ਤਰ੍ਹਾਂ ਦਾ ਰਿਵੋਲੂਸ਼ਨ ਇਨ੍ਹਾਂ ਕ੍ਰਾਂਤੀਕਾਰੀਆਂ ਨੇ ਲਿਆਂਦਾ, ਉਸ ਦੇ ਸਾਹਮਣੇ ਮੈਂ ਕੀ ਹੀ ਰਿਵੋਲੂਸ਼ਨ ਕੀਤਾ ਹੈ। ਸਾਡੇ ’ਚੋਂ ਕੋਈ ਵੀ ਉਹ ਨਹੀਂ ਕਰ ਸਕਦਾ, ਜੋ ਉਨ੍ਹਾਂ ਨੇ ਆਪਣੇ ਦੇਸ਼ ਲਈ ਕੀਤਾ। ਅੱਜ ਸਾਡੇ ਕੋਲ ਸੁੱਖ-ਸਹੂਲਤਾਂ ਹਨ ਤੇ ਅਸੀਂ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਰਹੇ ਹਾਂ। ਇਹ ਵੀ ਉਨ੍ਹਾਂ ਲੋਕਾਂ ਕਰ ਕੇ ਹੀ ਸੰਭਵ ਹੋਇਆ ਹੈ। ਇਸ ਲਈ ਉਨ੍ਹਾਂ ਦੇ ਸੰਘਰਸ਼ ਦੀ ਤੁਲਣਾ ਆਪਣੀ ਜ਼ਿੰਦਗੀ ਨਾਲ ਕਰਨਾ ਸਹੀ ਨਹੀਂ ਹੋਵੇਗਾ। ਮੇਰੇ ਨਾਲ ਇਹ ਇਕ ਤਰ੍ਹਾਂ ਨਾਲ ਸੰਯੋਗ ਦੀ ਗੱਲ ਰਹੀ। ਮੈਨੂੰ ਪਤਾ ਸੀ ਕਿ ਮੈਂ ਪੜ੍ਹਾਈ ਨਹੀਂ ਕਰਨੀ। ਮੈਂ ਆਪਣੇ ਟੀਚਰਜ਼ ਤੇ ਘਰਦਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਪੜ੍ਹਾਈ-ਲਿਖਾਈ ਮੇਰੇ ਤੋਂ ਨਹੀਂ ਹੁੰਦੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੇਰਾ ਭਵਿੱਖ ਸਹੀ ਹੋਵੇ ਤਾਂ ਮੈਨੂੰ ਦੋ ਸਾਲ ਆਪਣੇ ਤਰੀਕੇ ਨਾਲ ਜਿਊਣ ਦਿਓ।
ਨਾਨਾ ਜੀ ਦੀਆਂ ਯੁੱਧ ਦੀਆਂ ਕਹਾਣੀਆਂ ਨਾਲ ਜੁੜਿਆ ਕ੍ਰਾਂਤੀਕਾਰੀਆਂ ਦਾ ਸੰਘਰਸ਼ : ਗੁਰਫ਼ਤਿਹ
Q ਪੰਜਾਬ ਨਾਲ ਤੁਹਾਡੇ ਜੁੜਾਅ ਨੂੰ ਦੇਖਦੇ ਹੋਏ ਇਹ ਸੀਰੀਜ਼ ਕਿੰਨੀ ਰਿਲੈਟੇਬਲ ਰਹੀ?
— ਸਰ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਰਿਵੋਲੂਸ਼ਨ ਹੁੰਦੇ ਰਹਿੰਦੇ ਹਨ। ਉਹ ਵੱਡੇ-ਛੋਟੇ ਹੁੰਦੇ ਹਨ, ਵੱਖ-ਵੱਖ ਹੁੰਦੇ ਹਨ। ਪਰ ਮੈਂ ਸੋਚਦਾ ਹਾਂ ਕਿ ਮੇਰੇ ਸਮੇਂ ’ਚ ਅਜਿਹਾ ਕੁਝ ਨਹੀਂ ਹੋਇਆ, ਸਿਵਾਏ ਇਸ ਦੇ ਜੋ ਅਜੇ ਇਕ ਮਹੀਨਾ ਪਹਿਲਾਂ ਹੋਇਆ। ਪਰ ਕਦੇ-ਕਦੇ, ਜਿਵੇਂ ਮੇਰੇ ਨਾਨਾ ਜੀ ਵੀ ਆਰਮੀ ’ਚ ਸਨ। ਉਨ੍ਹਾਂ ਨੇ ਦੋ-ਤਿੰਨ ਵਾਰਜ਼ ਲੜੀਆਂ ਸਨ। ਉਨ੍ਹਾਂ ਦੇ ਸਮੇਂ ਦੀਆਂ ਕਹਾਣੀਆਂ ਮੈਂ ਸੁਣਦਾ ਸੀ—ਬਹਾਦਰੀ ਦੀਆਂ। ਪਤਾ ਨਹੀਂ ਚੱਲਦਾ ਸੀ ਕਿ ਘਰ ਵਾਪਸ ਆਉਣਗੇ ਜਾਂ ਨਹੀਂ। ਤਾਂ ਉਹ ਮੇਰੀ ਰਿਲੈਟੇਬਿਲਟੀ ਦਾ ਇਕੋ-ਇਕ ਪੁਆਇੰਟ ਸੀ, ਜੋ ਕਹਾਣੀਆਂ ਮੈਂ ਸੁਣੀਆਂ ਸਨ। ਮੈਨੂੰ ਲੱਗਦਾ ਹੈ ਕਿ ਇਹ ਸ਼ੋਅ ਕਰਨ ਤੋਂ ਬਾਅਦ ਤੇ ਇਨ੍ਹਾਂ ਲੋਕਾਂ ਬਾਰੇ ਪੜ੍ਹਨ ਤੋਂ ਬਾਅਦ ਅਹਿਸਾਸ ਹੋਇਆ ਕਿ ਯਾਰ, ਸਾਡੀ ਤਾਂ ਜ਼ਿੰਦਗੀ ਕਿੰਨੀ ਵੱਖਰੀ ਹੈ। ਅਸਲ ’ਚ ਮੁਸ਼ਕਿਲਾਂ ਤੇ ਅਸਲੀ ਲੜਾਈਆਂ ਤਾਂ ਇਨ੍ਹਾਂ ਲੋਕਾਂ ਨੇ ਲੜੀਆਂ ਹਨ। ਮਤਲਬ, ਸਾਡੀ ਜ਼ਿੰਦਗੀ ਆਸਾਨ ਬਣੀ ਹੈ ਇਨ੍ਹਾਂ ਦੀ ਵਜ੍ਹਾ ਕਰ ਕੇ। ਇਹ ਸਮਝ ਜ਼ਿੰਦਗੀ ਜਿਊਣ ਲਈ ਬਹੁਤ ਜ਼ਰੂਰੀ ਸੀ।
ਕੰਫ਼ਰਟ ਜ਼ੋਨ ਤੋਂ ਬਾਹਰ ਨਿਕਲਿਆ, 15 ਮਹੀਨਿਆਂ ਦੀ ਟ੍ਰੇਨਿੰਗ ਕੀਤੀ : ਰੋਹਿਤ ਸਰਾਫ਼
Q ਇਸ ਕਿਰਦਾਰ ਲਈ ਤੁਸੀਂ ਖ਼ੁਦ ਨੂੰ ਕਿਵੇਂ ਟ੍ਰਾਂਸਫ਼ਾਰਮ ਕੀਤਾ?
— ਮੇਰੀ ਟ੍ਰਾਂਸਫ਼ਾਰਮੇਸ਼ਨ ਜਰਨੀ ‘ਦਿ ਰਿਵੋਲੂਸ਼ਨਰੀਜ਼’ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਮੈਂ ਆਪਣੇ ਕੰਫ਼ਰਟ ਜ਼ੋਨ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ ਤੇ ਖ਼ੁਦ ਨੂੰ ਪੁਸ਼ ਕਰਨਾ ਚਾਹੁੰਦਾ ਸੀ। 15 ਮਹੀਨਿਆਂ ਤੱਕ ਮੈਂ ਸਟ੍ਰਿਕਟ ਵਰਕਆਊਟ ਤੇ ਡਾਈਟ ਫ਼ਾਲੋ ਕੀਤੀ। ਨਾਲ ਹੀ ਫ਼ਿਲਮ ਲਈ ਮਲਖੰਭ, ਕਲਾਰੀ, ਡਾਂਗ ਤੇ ਰੋਪ ਕਲਾਈਂਬਿੰਗ ਵਰਗੀਆਂ ਆਰਟ ਫ਼ਾਰਮਜ਼ ਸਿੱਖੀਆਂ। ਮੈਂਟਲ ਤੇ ਇਮੋਸ਼ਨਲ ਤਿਆਰੀ ਲਈ ਸਕ੍ਰਿਪਟ ਰੀਡਿੰਗ, ਵਰਕਸ਼ਾਪਾਂ ਤੇ ਨਿਖਿਲ ਸਰ ਨਾਲ ਲਗਾਤਾਰ ਕੰਮ ਕੀਤਾ ਤਾਂ ਜੋ ਸਚਿੰਦਰ ਨਾਥ ਸਾਨੀਆਲ ਦੀ ਸੋਚ ਤੇ ਉਨ੍ਹਾਂ ਦੀ ਜਰਨੀ ਨੂੰ ਸਮਝ ਸਕਾਂ।
