ਚਾਰ ਯਾਰ ਦੀ ਕਹਾਣੀ ’ਚ ਦੋਸਤੀ ਹੈ ਸਭ ਤੋਂ ਅਹਿਮ, ਬਾਕੀ ਸਾਰੇ ਉਤਾਰ-ਚੜ੍ਹਾਅ ਉਸੇ ਨਾਲ ਜੁੜੇ ਹਨ : ਵਿਨੈ ਵੈਕੁਲ
Wednesday, Nov 04, 2026 - 10:06 AM (IST)
ਐਂਟਰਟੇਨਮੈਂਟ ਡੈਸਕ - ਦੋਸਤੀ ’ਤੇ ਕਈ ਫ਼ਿਲਮਾਂ ਅਤੇ ਸੀਰੀਜ਼ਾਂ ਬਣ ਚੁੱਕੀਆਂ ਹਨ ਪਰ ਜਦੋਂ ਦੋਸਤ ਮੁਸ਼ਕਿਲ ਹਾਲਾਤ ਵਿਚ ਵੀ ਇਕ-ਦੂਜੇ ਦਾ ਸਾਥ ਨਹੀਂ ਛੱਡਦੇ ਤਾਂ ਇਹ ਰਿਸ਼ਤਾ ਹੋਰ ਵੀ ਖ਼ਾਸ ਬਣ ਜਾਂਦਾ ਹੈ। ਪ੍ਰਾਈਮ ਵੀਡੀਓ ਦੀ ਹਾਲ ਹੀ ’ਚ ਰਿਲੀਜ਼ ਹੋਈ ਸੀਰੀਜ਼ ‘ਚਾਰ ਯਾਰ’ ਵੀ ਚਾਰ ਦੋਸਤਾਂ ਦੀ ਅਜਿਹੀ ਹੀ ਕਹਾਣੀ ਹੈ, ਜਿਸ ਵਿਚ ਦੋਸਤੀ ਦੇ ਨਾਲ ਕ੍ਰਾਈਮ, ਕਈ ਉਤਾਰ-ਚੜ੍ਹਾਅ ਅਤੇ ਇਕ-ਦੂਜੇ ਲਈ ਖੜ੍ਹੇ ਰਹਿਣ ਦਾ ਜਜ਼ਬਾ ਦੇਖਣ ਨੂੰ ਮਿਲਦਾ ਹੈ। ਸੀਰੀਜ਼ ਦਾ ਨਿਰਦੇਸ਼ਨ ਵਿਨੈ ਵੈਕੁਲ ਨੇ ਕੀਤਾ ਹੈ। ਸੀਰੀਜ਼ ਬਾਰੇ ਡਾਇਰੈਕਟਰ ਵਿਨੈ ਵੈਕੁਲ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q ‘ਚਾਰ ਯਾਰ’ ਕ੍ਰਾਈਮ ’ਤੇ ਆਧਾਰਿਤ ਹੈ ਪਰ ਇਸ ਦੀ ਸਭ ਤੋਂ ਅਹਿਮ ਪਰਤ ਦੋਸਤੀ ਹੈ। ਤੁਸੀਂ ਇਸ ਕਹਾਣੀ ਨੂੰ ਕਿਸ ਤਰ੍ਹਾਂ ਦੇਖਦੇ ਹੋ?
-ਬਿਲਕੁਲ। ਇਸ ਕਹਾਣੀ ਦੀ ਨੀਂਹ ਚਾਰ ਦੋਸਤ ਅਤੇ ਉਨ੍ਹਾਂ ਦੀ ਦੋਸਤੀ ਹੈ। ਉਹ ਇਕ-ਦੂਜੇ ਲਈ ਜਿਊਣ-ਮਰਨ ਨੂੰ ਤਿਆਰ ਹਨ। ਕਹਾਣੀ ਵਿਚ ਉਨ੍ਹਾਂ ਦੇ ਸਾਹਮਣੇ ਕਈ ਮੁਸ਼ਕਿਲਾਂ ਅਤੇ ਚੁਣੌਤੀਆਂ ਆਉਂਦੀਆਂ ਹਨ, ਜਿਨ੍ਹਾਂ ਨਾਲ ਉਹ ਕਿਸ ਤਰ੍ਹਾਂ ਨਜਿੱਠਦੇ ਹਨ, ਇਹੋ ਇਸ ਦਾ ਪਲਾਟ ਹੈ ਪਰ ਜੇ ਇਸ ਸੀਰੀਜ਼ ਦੀ ਆਤਮਾ ਦੀ ਗੱਲ ਕਰੀਏ ਤਾਂ ਉਹ 4 ਦੋਸਤਾਂ ਦਾ ਰਿਸ਼ਤਾ ਹੀ ਹੈ। ਮੈਨੂੰ ਲੱਗਦਾ ਹੈ ਕਿ ਦਰਸ਼ਕ ਵੀ ਇਸੇ ਭਾਵਨਾ ਨਾਲ ਜੁੜਦੇ ਹਨ, ਕਿਉਂਕਿ ਬਾਕੀ ਪਲਾਟ ਤਾਂ ਕਹਾਣੀ ਦਾ ਹਿੱਸਾ ਹੈ।
Q ਸੀਰੀਜ਼ ਵਿਚ ਇੰਨੇ ਸਾਰੇ ਕਿਰਦਾਰ ਅਤੇ ਉਨ੍ਹਾਂ ਦੀਆਂ ਆਪਸ ਵਿਚ ਜੁੜੀਆਂ ਕਹਾਣੀਆਂ ਹਨ। ਇਨ੍ਹਾਂ ਨੂੰ ਇਕੱਠੇ ਸੰਭਾਲਣਾ ਕਿੰਨਾ ਚੁਣੌਤੀਪੂਰਨ ਸੀ?
-ਕਹਾਣੀ ਦੀ ਸ਼ੁਰੂਆਤ 4 ਮੁੰਡਿਆਂ ਨਾਲ ਹੁੰਦੀ ਹੈ ਅਤੇ ਅਖ਼ੀਰ ’ਚ ਵੀ ਇਹ ਉਨ੍ਹਾਂ ’ਤੇ ਹੀ ਆ ਕੇ ਖ਼ਤਮ ਹੁੰਦੀ ਹੈ। ਬਾਕੀ ਕਿਰਦਾਰ ਕਹਾਣੀ ਵਿਚ ਆਉਂਦੇ ਹਨ ਅਤੇ ਉਨ੍ਹਾਂ ਦੇ ਆਪਣੇ ਮਕਸਦ ਹੁੰਦੇ ਹਨ। ਸਾਰੇ ਕਿਰਦਾਰ ਮੁੱਖ ਕਹਾਣੀ ਨਾਲ ਜੁੜੇ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਇਕੱਠੇ ਅੱਗੇ ਵਧਾਉਣਾ ਜ਼ਰੂਰੀ ਸੀ। ਇਮਤਿਆਜ਼, ਭਾਲੇਰਾਓ, ਬਾਬੂ, ਨਾਗਰੀ ਅਤੇ ਵਾਨਖੇੜੇ ਵਰਗੇ ਕਿਰਦਾਰਾਂ ਦੀ ਆਪਣੀ ਖ਼ਾਸੀਅਤ ਹੈ। ਚੰਗੇ ਹੋਣ ਜਾਂ ਬੁਰੇ, ਇਹ ਸਾਰੇ ਕਿਰਦਾਰ ਸਾਡੇ ਲਈ ਖ਼ਾਸ ਹਨ। ਫ਼ਿਲਮ ਮੇਕਿੰਗ ਦੀ ਖ਼ੂਬਸੂਰਤੀ ਵੀ ਇਹੋ ਹੈ ਕਿ ਤੁਸੀਂ ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਨਾਲ ਜਿਊਂਦੇ ਹੋ ਅਤੇ ਫਿਰ ਉਨ੍ਹਾਂ ਨੂੰ ਪਰਦੇ ’ਤੇ ਉਤਾਰਦੇ ਹੋ।
Q ‘ਚਾਰ ਯਾਰ’ ਦਾ ਆਈਡੀਆ ਕਿਵੇਂ ਆਇਆ ਤੇ ਤੁਸੀਂ ਇਸ ਪ੍ਰਾਜੈਕਟ ਨਾਲ ਕਿਵੇਂ ਜੁੜੇ?
-ਹੁਸੈਨ ਜ਼ੈਦੀ ਸਾਹਬ ਨੇ ਸਭ ਤੋਂ ਪਹਿਲਾਂ ਇਕ ਬੇਸਿਕ ਕੰਸੈਪਟ ਲਿਖਿਆ ਸੀ। ਇਸ ਵਿਚ ਮੱਧਵਰਗੀ ਪਰਿਵਾਰਾਂ ਤੋਂ ਆਉਣ ਵਾਲੇ ਚਾਰ ਮੁੰਡਿਆਂ ਦੀ ਕਹਾਣੀ ਸੀ, ਜੋ ਕਾਰ ਚੋਰੀ ਦੇ ਇਕ ਰੈਕੇਟ ’ਚ ਫਸ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੀ ਜ਼ਿੰਦਗੀ ’ਚ ਕੀ ਹੁੰਦਾ ਹੈ, ਇਹੋ ਇਸ ਦਾ ਆਧਾਰ ਸੀ। ਉਸ ਸਮੇਂ ਬੀ.ਬੀ.ਸੀ. ਸਟੂਡੀਓਜ਼ ਇਸ ਪ੍ਰਾਜੈਕਟ ਨੂੰ ਵਿਕਸਿਤ ਕਰ ਰਿਹਾ ਸੀ। ਇਸ ਤੋਂ ਬਾਅਦ ਮੇਰੇ ਲੇਖਕ ਸੁਮਬਿਤ ਮਿਸ਼ਰਾ ਅਤੇ ਸੌਰਭ ਸਾਵੰਤ ਇਸ ਨਾਲ ਜੁੜੇ। ਇਨ੍ਹਾਂ ਚਾਰ ਦੋਸਤਾਂ ਦੇ ਕਿਰਦਾਰਾਂ ਨੂੰ ਜ਼ਿੰਦਗੀ ਦੇ ਨੇੜੇ ਲਿਆਉਣ ਲਈ ਅਸੀਂ ਉਸ ਦੌਰ ਦੇ ਸਮਾਜਿਕ ਅਤੇ ਪਰਿਵਾਰਕ ਬਦਲਾਅਵਾਂ ਨੂੰ ਵੀ ਕਹਾਣੀ ਦਾ ਹਿੱਸਾ ਬਣਾਇਆ। ਮੈਂ ਵੀ ਉਨ੍ਹਾਂ ਚਾਰ ਦੋਸਤਾਂ ਵਿਚੋਂ ਇਕ ਦੀ ਤਰ੍ਹਾਂ ਉਸ ਦੌਰ ਦੀ ਜ਼ਿੰਦਗੀ ਨਾਲ ਜੁੜਾਅ ਮਹਿਸੂਸ ਕਰਦਾ ਹਾਂ। ਅਸੀਂ ਜ਼ਿੰਦਗੀ ਵਿਚ ਕਦੇ ਗੱਡੀਆਂ ਚੋਰੀ ਨਹੀਂ ਕੀਤੀਆਂ ਪਰ ਉਸ ਸਮੇਂ ਦੇ ਤਜਰਬਿਆਂ ਅਤੇ ਮਾਹੌਲ ਨੂੰ ਦੁਬਾਰਾ ਜਿਊਣ ਦਾ ਮੌਕਾ ਜ਼ਰੂਰ ਮਿਲਿਆ।
Q ਕਹਾਣੀ ’ਚ 90 ਅਤੇ 2000 ਦੇ ਸ਼ੁਰੂਆਤੀ ਦੌਰ ਨੂੰ ਦਿਖਾਇਆ ਗਿਆ ਹੈ। ਉਸ ਸਮੇਂ ਦੇ ਮਾਹੌਲ ਨੂੰ ਅੱਜ ਦੇ ਦਰਸ਼ਕਾਂ ਦੇ ਸਾਹਮਣੇ ਲਿਆਉਣਾ ਕਿੰਨਾ ਮੁਸ਼ਕਿਲ ਸੀ?
-ਇਹ ਨਿਸ਼ਚਿਤ ਰੂਪ ਨਾਲ ਆਸਾਨ ਨਹੀਂ ਸੀ। ਸਮੇਂ ਦੇ ਨਾਲ ਸ਼ਹਿਰਾਂ ’ਚ ਬਹੁਤ ਬਦਲਾਅ ਆ ਗਏ ਹਨ। ਇਮਾਰਤਾਂ ਬਦਲ ਗਈਆਂ ਹਨ, ਪੁਰਾਣੇ ਮੋਬਾਈਲ ਫ਼ੋਨ ਅਤੇ ਗੱਡੀਆਂ ਹੁਣ ਇਸਤੇਮਾਲ ਨਹੀਂ ਹੁੰਦੀਆਂ। ਅਜਿਹੇ ਵਿਚ ਉਸ ਦੌਰ ਨੂੰ ਅਸਲ ਰੂਪ ਵਿਚ ਦੁਬਾਰਾ ਬਣਾਉਣਾ ਚੁਣੌਤੀਪੂਰਨ ਸੀ। ਹਾਲਾਂਕਿ ਸਾਡੇ ਨਾਲ ਪ੍ਰੋਡਕਸ਼ਨ ਡਿਜ਼ਾਈਨ, ਕੈਮਰਾ, ਵੀ.ਐੱਫ.ਐਕਸ. ਅਤੇ ਰਿਸਰਚ ਦੀ ਇਕ ਚੰਗੀ ਟੀਮ ਸੀ। ਕਲਾਕਾਰਾਂ ਅਤੇ ਤਕਨੀਕੀ ਟੀਮ ਨੇ ਵੀ ਇਸ ਦੁਨੀਆ ਨੂੰ ਫਿਰ ਤੋਂ ਬਣਾਉਣ ਲਈ ਕਾਫ਼ੀ ਮਿਹਨਤ ਕੀਤੀ। ਸਾਰੇ ਲੋਕ ਚੰਗਾ ਕੰਮ ਕਰਨਾ ਚਾਹੁੰਦੇ ਸਨ ਅਤੇ ਇਕ-ਦੂਜੇ ਦੇ ਸੁਝਾਵਾਂ ਨੂੰ ਸੁਣਨ ਲਈ ਤਿਆਰ ਸਨ। ਇਹ ਇਕ ਸਹਿਯੋਗੀ ਪ੍ਰਕਿਰਿਆ ਸੀ। ਮੈਨੂੰ ਲੱਗਦਾ ਹੈ ਕਿ ਪਰਦੇ ’ਤੇ ਉਸ ਮਿਹਨਤ ਅਤੇ ਟੀਮ ਦੀ ਊਰਜਾ ਦਿਖਾਈ ਦਿੰਦੀ ਹੈ।
ਜਨੂੰਨ ਅਤੇ ਚੁਣੌਤੀ ਨਾਲ ਭਰੀਆਂ ਕਹਾਣੀਆਂ ਮੈਨੂੰ ਜ਼ਿਆਦਾ ਪ੍ਰੇਰਿਤ ਕਰਦੀਆਂ ਹਨ
Q ਕਾਸਟ ’ਚ ਨਵੇਂ ਕਲਾਕਾਰ ਅਤੇ ਤਜਰਬੇਕਾਰ ਅਦਾਕਾਰ ਵੀ ਹਨ। ਇੰਨੀ ਚੰਗੀ ਟੀਮ ਜੁਟਾਉਣ ’ਚ ਕਿਸ ਦਾ ਯੋਗਦਾਨ ਰਿਹਾ?
-ਇਸ ਵਿਚ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਅਤੇ ਐਮਾਜ਼ੋਨ ਦੀ ਟੀਮ ਦਾ ਵੱਡਾ ਯੋਗਦਾਨ ਰਿਹਾ। ਚਾਰ ਨਵੇਂ ਕਲਾਕਾਰਾਂ ਨੂੰ ਨਾਲ ਲੈ ਕੇ ਇਸ ਸੀਰੀਜ਼ ਨੂੰ ਬਣਾਉਣਾ ਅਤੇ ਇਸ ਨੂੰ ਬਿਹਤਰ ਤਰੀਕੇ ਨਾਲ ਪਰਦੇ ’ਤੇ ਉਤਾਰਨਾ ਇਕ ਸਮੂਹਿਕ ਯਤਨ ਸੀ। ਚੰਕੀ ਪਾਂਡੇ, ਸਿਕੰਦਰ ਖੇਰ, ਰਾਜੇਸ਼ ਤੈਲੰਗ ਅਤੇ ਦਿਵਯੇਂਦੂ ਭੱਟਾਚਾਰਿਆ ਵਰਗੇ ਤਜਰਬੇਕਾਰ ਕਲਾਕਾਰਾਂ ਨੇ ਵੀ ਬਹੁਤ ਚੰਗਾ ਕੰਮ ਕੀਤਾ। ਚੰਕੀ ਪਾਂਡੇ ਨਾਲ ਕੰਮ ਕਰਨਾ ਮੇਰੇ ਲਈ ਖ਼ਾਸ ਤਜਰਬਾ ਸੀ, ਕਿਉਂਕਿ ਮੈਂ ਸਕੂਲ ਦੇ ਦਿਨਾਂ ਵਿਚ ਉਨ੍ਹਾਂ ਦੀਆਂ ਫ਼ਿਲਮਾਂ ਦੇਖਿਆ ਕਰਦਾ ਸੀ। ਅਜਿਹੇ ਕਲਾਕਾਰਾਂ ਨਾਲ ਕੰਮ ਕਰਨਾ ਤੇ ਉਨ੍ਹਾਂ ਨੂੰ ਆਪਣੇ ਕਿਰਦਾਰਾਂ ’ਚ ਦੇਖਣਾ ਬਹੁਤ ਮਜ਼ੇਦਾਰ ਰਿਹਾ।
Q ਤੁਸੀਂ ਅਸਿਸਟੈਂਟ ਡਾਇਰੈਕਟਰ ਵਜੋਂ ਸ਼ੁਰੂਆਤ ਕੀਤੀ ਅਤੇ ਫਿਰ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ। ਤੁਸੀਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਪਸੰਦ ਕਰਦੇ ਹੋ?
-ਮੈਨੂੰ ਅਜਿਹੀਆਂ ਕਹਾਣੀਆਂ ਪਸੰਦ ਹਨ, ਜਿਨ੍ਹਾਂ ਵਿਚ ਕਿਸੇ ਕਿਰਦਾਰ ਦੇ ਸਾਹਮਣੇ ਕੋਈ ਟੀਚਾ ਜਾਂ ਚੁਣੌਤੀ ਹੋਵੇ ਅਤੇ ਉਹ ਉਸ ਨੂੰ ਪੂਰਾ ਕਰਨ ਦੀ ਠਾਣ ਲਵੇ। ਉਸ ਦੇ ਮਨ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਚਾਹੇ ਕੁਝ ਵੀ ਹੋ ਜਾਵੇ, ਉਸ ਨੇ ਇਹ ਕੰਮ ਕਰਕੇ ਹੀ ਰਹਿਣਾ ਹੈ। ਮੇਰੇ ਲਈ ਉਸ ਤਰ੍ਹਾਂ ਦਾ ਜਨੂੰਨ ਦਿਲਚਸਪ ਹੈ, ਖ਼ਾਸਕਰ ਜਦੋਂ ਉਹ ਕਿਸੇ ਚੰਗੇ ਮਕਸਦ ਲਈ ਹੋਵੇ। ਵੱਖ-ਵੱਖ ਕਿਰਦਾਰਾਂ ਅਤੇ ਕਹਾਣੀਆਂ ’ਚ ਇਹ ਭਾਵਨਾ ਵੱਖ-ਵੱਖ ਰੂਪਾਂ ’ਚ ਸਾਹਮਣੇ ਆ ਸਕਦੀ ਹੈ। ਅਜਿਹੀਆਂ ਕਹਾਣੀਆਂ ਮੈਨੂੰ ਜ਼ਿਆਦਾ ਪ੍ਰੇਰਿਤ ਕਰਦੀਆਂ ਹਨ।
