ਡਰੱਗ ਕੇਸ ''ਚ ਵਿਵੇਕ ਓਬਰਾਏ ਦੀ ਪਤਨੀ ਨੂੰ ਮਿਲਿਆ ਨੋਟਿਸ

10/16/2020 3:23:53 PM

ਮੁੰਬਈ (ਬਿਊਰੋ) — ਸੈਂਡਲਵੁੱਡ ਡਰੱਗ ਮਾਮਲੇ 'ਚ ਨਾਮ ਆਉਣ ਤੋਂ ਬਾਅਦ ਬੀਤੇ ਦਿਨ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੇ ਘਰ ਪੁਲਸ ਨੇ ਛਾਪੇਮਾਰੀ ਕਰਵਾਈ ਸੀ। ਇਸ ਤੋਂ ਹੁਣ ਵਿਵੇਕ ਓਬਰਾਏ ਦੀ ਪਤਨੀ ਪ੍ਰਿਯੰਕਾ ਅਲਵਾ ਦੇ ਵੀ ਇਸ 'ਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪ੍ਰਿਯੰਕਾ ਅਲਵਾ ਨੂੰ ਬੈਂਗਲੁਰੂ ਦੀ ਸਿਟੀ ਕ੍ਰਾਈਮ ਪੁਲਸ ਨੇ ਨੋਟਿਸ ਭੇਜਿਆ ਹੈ।

ਦਰਅਸਲ, ਮਾਮਲੇ ਦੀ ਤਾਰ ਪਤਨੀ ਪ੍ਰਿਯੰਕਾ ਅਲਵਾ ਦੇ ਭਰਾ ਆਦਿਤਿਆ ਅਲਵਾ ਨਾਲ ਜੁੜੇ ਹੋਏ ਹਨ, ਜਿਸ ਤੋਂ ਬਾਅਦ ਪ੍ਰਿਯੰਕਾ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਸੈਂਡਲਵੁੱਡ ਡਰੱਗ ਮਾਮਲੇ 'ਚ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਆਦਿਤਿਆ ਦੇ ਹੇਬਲ ਲੇਕ ਸਥਿਤ ਫਾਰਮਹਾਊਸ 'ਤੇ ਰੇਵ ਪਾਰਟੀਆਂ ਆਯੋਜਿਤ ਕੀਤੀਆਂ ਜਾਂਦੀਆਂ ਸਨ, ਜਿਸ 'ਚ ਸੈਂਡਲਵੁੱਡ ਡਰੱਗ ਕੇਸ ਦੇ ਦੋਸ਼ੀ ਵੀ ਸ਼ਾਮਲ ਹੁੰਦੇ ਸਨ।

ਦੱਸ ਦਈਏ ਕਿ ਵੀਰਵਾਰ ਨੂੰ ਅਦਾਕਾਰ ਵਿਵੇਕ ਓਬਰਾਏ ਦੇ ਘਰ 'ਤੇ ਬੈਂਗਲੁਰੂ ਪੁਲਸ ਨੇ ਛਾਪੇਮਾਰੀ ਕਰਵਾਈ ਸੀ। ਏ. ਐੱਨ. ਆਈ. ਮੁਤਾਬਕ, ਦੁਪਹਿਰ 1 ਵਜੇ ਬੈਂਗਲੁਰੂ ਪੁਲਸ ਦੇ 2 ਇੰਸਪੈਕਟਰ ਵਿਵੇਕ ਓਬਰਾਏ ਦੇ ਘਰ ਪਹੁੰਚੇ ਅਤੇ ਛਾਪੇਮਾਰੀ ਦੀ ਸ਼ੁਰੂਆਤ ਕੀਤੀ ਸੀ। ਛਾਪੇਮਾਰੀ ਨੂੰ ਲੈ ਕੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਸੀ ਕਿ 'ਆਦਿਤਿਆ ਅਲਵਾ ਫਰਾਰ ਹੈ। ਸਾਨੂੰ ਜਾਣਕਾਰੀ ਮਿਲੀ ਹੈ ਕਿ ਅਲਵਾ ਵਿਵੇਕ ਦੇ ਘਰ ਲੁਕਿਆ ਹੈ।' ਬੈਂਗਲੁਰੂ ਪੁਲਸ ਨੇ ਆਦਿਤਿਆ ਦੇ ਘਰ 'ਤੇ ਵੀ ਤਲਾਸ਼ੀ ਕੀਤੀ ਸੀ। ਆਦਿਤਿਆ ਅਲਵਾ ਕਰਨਾਟਕ ਦੇ ਸਾਬਕਾ ਮੰਤਰੀ ਦਾ ਪੁੱਤਰ ਹੈ। ਉਸ 'ਤੇ ਕੰਨੜ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਕਥਿਤ ਤੌਰ 'ਤੇ ਡਰੱਗ ਸਪਲਾਈ ਕਰਨ ਦੇ ਦੋਸ਼ ਹਨ। ਇਸ ਕੇਸ 'ਚ ਕ੍ਰਾਈਮ ਬ੍ਰਾਂਚ ਦੀ ਟੀਮ ਕੰਨੜ ਅਦਾਕਾਰਾ ਰਾਗਿਨੀ ਦਿਵੇਦੀ ਸਣੇ ਕੁਝ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।


sunita

Content Editor sunita